ਮੀਨਾ ਮਹਿਰੋਕ
ਗੀਟੇ ਖੇਡਦੀ,ਗੁੱਡੀਆਂ ਸਜਾਉਂਦੀ
ਵਾਲ ਖਿਲਾਰੀ ਲੱਗੇ ਰੱਬ ਵਰਗੀ
ਵੱਟਾਂ ਟੱਪਦੀ,ਗੰਦਲਾਂ ਚੱਬਦੀ
ਕੱਚ ਕਵਾਰੀ ਲੱਗੇ ਰੱਬ ਵਰਗੀ
ਕਸੀਦੇ ਕੱਢਦੀ,ਮੋਰਨੀ ਪਾਉਂਦੀ
ਤੋਪੇ ਫੁਲਕਾਰੀ ਲੱਗੇ ਰੱਬ ਵਰਗੀ
ਸਾਲੂ ਸਿਰ ਸੂਹਾ,ਚੇਤ ਚੜੇ ਲਿੱਪੇ ਬੂਹਾ
ਸਗਨ ਤਿਆਰੀ ਲੱਗੇ ਰੱਬ ਵਰਗੀ
ਹੱਥੀਂ ਲਾਲ ਚੂੜਾ, ਰੰਗਲਾ ਪੰਘੂੜਾ
ਸੁੱਭਰ ਬੁੱਕਲ ਮਾਰੀ ਲੱਗੇ ਰੱਬ ਵਰਗੀ
ਰੱਖੇ ਸ਼ਮਲੇ ਦੀ ਲੱਜ,ਬਾਬਲ ਵੇਖ ਜਾਵੇ ਰੱਜ
ਧੀ ਆਗਿਆਕਾਰੀ ਲੱਗੇ ਰੱਬ ਵਰਗੀ
ਚੁੱਲ੍ਹਾ ਚੌਂਕਾ ਸਾਂਭੇ ਕਰੇ ਰੋਟੀ ਟੁੱਕ ਹੱਸ ਹੱਸ
ਕੰਧੋਲੀਓਂ ਅੱਖ ਮਾਰੀ ਲੱਗੇ ਰੱਬ ਵਰਗੀ
ਮਾਹੀਏ ਦੇ ਹੋਵੇ ਅੱਗੇ ਪਿੱਛੇ,ਧਿਆਨ ਖੁਦ ਵੱਲ ਖਿੱਚੇ
ਮਾਹੀਏ ਜੋਗੀ ਸਾਰੀ ਲੱਗੇ ਰੱਬ ਵਰਗੀ
ਜਵਾਕ ਪਈ ਖਿਡਾਵੇ,ਨਿਸੰਗੀ ਦੁੱਧ ਚੁੰਘਾਵੇ
ਫੱਬੇ ਪੈਰੋਂ ਭਾਰੀ ਲੱਗੇ ਰੱਬ ਵਰਗੀ
ਸਭੇ ਸਾਕ ਪਈ ਨਿਭਾਵੇ,ਧੀਆਂ ਪੁੱਤ ਪਰਣਾਵੇ
ਰਚੀ ਵਿੱਚ ਕਬੀਲਦਾਰੀ ਲੱਗੇ ਰੱਬ ਵਰਗੀ
ਪਾਲਰਾਂ ਨੂੰ ਵੀ ਜਾਵੇ,ਸਤਸੰਗਾਂ ਨੂੰ ਵੀ ਜਾਵੇ
ਹਰ ਥਾਂ ਸਰਦਾਰੀ ਲੱਗੇ ਰੱਬ ਵਰਗੀ