ਰਜਨੀ ਵਾਲੀਆ
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਅੰਮੜੀਏ ਘਰ ਤੇਰੇ ਰਹਿ,
ਗਏ ਨੀ ਸਾਰੇ ਹੀ,
ਮੇਰੇ ਜਿਹੜੇ-ਜਿਹੜੇ ,
ਵੀ ਸੀ ਚਾਅ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਪੈਰ ਮੇਰੇ ਨੰਗੇ ਨੇ,
ਤੇ ਰਾਹਾਂ ਬਹੁਤ ਲੰਮੀਆਂ,
ਪੈਰਾਂ ਵਿੱਚ ਚੁਭਦੇ ਨੇ ਰੋੜ |
ਸੁੱਖ ਮੇਰਾ ਮੱਚਿਆ,
ਚੈਨ ਫਿਰੇ ਜੰਗਲਾਂ ਚ,
ਕਾਹਦਾ ਦੱਸ ਕੱਢਾਂ ਮੈਂ ਨਿਚੋੜ |
ਮੇਰੇ ਇੱਕਲਾਪੇ ਤੇ ਮੇਰੀ,
ਚੁੱਪ-ਚਾਂ ਦੇ ਨੀ,
ਅੰਬਰਾਂ ਦੇ ਤਾਰੇ ਨੇ ਗਵਾਹ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਫੇਰ ਕਿਨੂੰ ਦੱਸਾਂ ਦੁੱਖ,
ਰੋਜ਼ ਮੇਰੀ ਝੋਲੀ ਪੈਂਦੇ,
ਤਿੱਖੇ-ਤਿੱਖੇ ਸੂਲਾਂ ਜਿਹੇ ਖਾਰ |
ਮੇਰੇ ਇੱਕ ਹਾਸੜੇ,
ਨੂੰ ਪਾਈ ਮਰਨੇ,
ਹੌਕਿਆਂ ਨੇਂ ਹਾਰ |
ਮੇਰੀ ਇੱਕ ਤਲਖੀ ਤੋਂ
ਮੇਰਾ ਆਪਾ ਡਰ ਜਾਂਦਾ,
ਇਹ ਰੋਜ਼ ਹੋਵੇ ਨਾ ਨਵਾਂ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਮੇਰੀ ਕਮਜੋ਼ਰ ਨਹੀਂ,
ਏਨੀ ਵੀ ਲਗਨ ਜਿਹੜੀ,
ਰਾਹਾਂ ਦਿਆਂ ਰੋੜਾਂ ਤੋਂ ਡਰੇ |
ਮੁਸ਼ਕਿਲਾਂ ਦਾ ਟਾਕਰਾ,
ਕਰਨਾ ਮੈਂ ਜਾਣਦੀ ਹੋਵਾਂ,
ਨਾ ਉਰੇ ਜਾਂ ਪਰੇ |
ਮਿਲ ਗਈ ਜੋ ,
ਸਹਿਣੀ ਪੈਣੀ ਜਿੰਦੜੀ ,
ਨਿਮਾਣੀਂ ਨੂੰ ਸਜ਼ਾ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਫੇਰ ਬੀਆਬਾਨ ਵਿੱਚੋਂ,
ਲੰਘਣੇਂ ਦੀ ਵਾਰੀ ਮੇਰੀ,
ਲੰਘ ਕੇ ਦਿਖਾ ਦਿਆਂਗੀ ਮੈਂ |
ਕਿੱਦਾਂ ਪਰ ਗਿਣੀ ਦੇ ਨੇਂ,
ਉਡਦੇ ਪਰਿੰਦਿਆਂ ਦੇ ਸਭ,
ਨੂੰ ਸਿਖਾ ਦਿਆਂਗੀ ਮੈਂ |
ਮੈਨੂੰ ਬਦਲਣਾ ਆਵੇ ਰੁਖ
ਵਗਦੀਆਂ ਪੌਣਾਂ ਦਾ,
ਭਾਵੇਂ ਮੇਰੇ ਵੱਲ ਨਈਂ ਹਵਾ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।
ਜਿੰਦਗੀ ਚ ਸੁੱਖ ਦੀ,
ਮੈਂ ਬੂੰਦ ਵੀ ਨਾ ਪੀਤੀ ਮਿਲੀ,
ਸਦਾ ਪਿਆਸ ਤੇ ਪਿਆਸ |
ਰੂਹ ਦੇ ਰੱਜ ਲਈ,
ਜਿਉਂਦੀ ਰੱਖੀ ਸਦਾ ਮੈਂ,
ਇੱਕ ਮਿੱਠੀ ਆਸ |
ਮੱਚਦਿਆਂ ਕੋਲਿਆਂ ਤੇ,
ਚੱਲੀ ਨਾਂ ਮੈਂ ਹੋਈ,
ਕਦੇ ਵੀ ਉਦਾਸ |
ਰਜਨੀ ਨੂੰ ਰੂਹ ਦੇ,
ਮਿਠਾਸੜੇ ਲਈ ਇੱਕ,
ਮਿਲੀ ਰੱਬ ਕੋਲੋ ਵਫਾ |
ਲੰਘ ਗਈ ਏ ਜ਼ਿੰਦਗੀ ,
ਅੱਧ ਨਾਲੋਂ ਵੱਧ ।
ਜਿੰਦੇ ਰਹਿ ਗਈ ਜੋ ਹੁਣ,
ਔਖੀ ਸੌਖੀ ਤੂੰ ਲੰਘਾ ।