7.5 C
United Kingdom
Sunday, March 8, 2026

More

    ਗੀਤ- ਜਮੀਲ ਅਬਦਾਲੀ

    ਜਿੱਥੇ ਮੁੱਕਗੀ ਉਡੀਕ, ਓਥੇ ਤਾਂਘ ਮੁੱਕ ਗਈ।
    ਹੁਣ ਆਉਣੀ-ਜਾਣੀ, ਸੱਜਣਾ ਦੀ ਲਾਂਘ ਮੁੱਕ ਗਈ ।
    ਕਿੰਝ ਪੁੱਟੀਏ ਪੁਲਾਂਘ, ਕਿੰਝ ਪੁੱਟੀਏ ਪੁਲਾਂਘ
    ਖ਼ੁਸ਼ੀ ਖ਼ੁਸ਼ੀ ਦਿੰਦੇ, ਜੋ ਜ਼ੁਬਾਨ ਮੰਗਦੀ,
    ਸਾਡੀ ਜਾਨ ਮੰਗਦੀ ਜਾਂ ਇਮਾਨ ਮੰਗਦੀ…।

    ਉਹਦੇ ਨੈਣਾਂ ਵਿੱਚ ਤੈਰਦੀ ਚਮਕ ਲਿਖਣੀ।
    ਨੱਚੀ ਹੋਠਾ ‘ਤੇ ਗੁਲਾਬੀ ਜੋ ਦਮਕ ਲਿਖਣੀ।
    ਟਿੱਚ ਜੱਗ ਦਾ ਉਲਾਂਭਾ, ਟਿੱਚ ਜੱਗ ਦਾ ਉਲਾਂਭਾ,
    ਸਿਖ਼ਰ ਦੁਪਹਿਰੇ ਜਦੋਂ ਪਾਨ ਮੰਗਦੀ
    ਸਾਡੀ ਜਾਨ ਮੰਗਦੀ ਜਾਂ ਇਮਾਨ ਮੰਗਦੀ…।

    ਵੰਗਾਂ ਦੀ ਖਣਕ ਅਤੇ ਨੱਕ ਵਾਲੀ ਤੀਲ੍ਹੀ ਵੀ।
    ਬਹੁਤੀ ਸੀ ਨਿਸੰਗ ਸੀਗੀ ਥੋੜ੍ਹੀ ਸ਼ਰਮੀਲੀ ਵੀ।
    ਬੇ-ਬਾਕ ਸੀ ਸੁਭਾਅ, ਬੇ-ਬਾਕ ਸੀ ਸੁਭਾ,
    ਸਾਥੋਂ ਤੌਖਲਾ, *ਤਜੱਲੀ ਪਹਿਚਾਨ ਮੰਗਦੀ
    ਸਾਡੀ ਜਾਨ ਮੰਗਦੀ ਜਾਂ ਇਮਾਨ ਮੰਗਦੀ…।

    ਟੋਏ ਗੱਲ੍ਹਾਂ ਵਿੱਚ ਪੈਂਦੇ, ਜਦੋਂ ਗੱਲਾਂ ਕਰਦੀ।
    ਜਮ੍ਹਾਂ ਸੋਹਣੀ ਵਾਂਗੂੰ, ਹੱਠ ਦੀਆਂ ਛੱਲਾਂ ਤਰਦੀ।
    ਪਾਈ ਪਾਈ ਦਾ ਹਿਸਾਬ, ਪਾਈ ਪਾਈ ਦਾ ਹਿਸਾਬ,
    ਬਣਕੇ ਰਕਾਨ ਖੱਬੀ-ਖਾਨ ਮੰਗਦੀ
    ਸਾਡੀ ਜਾਨ ਮੰਗਦੀ ਜਾਂ ਇਮਾਨ ਮੰਗਦੀ… ।

    ਉਹਦੇ ਮੁੱਖੜੇ ਤੋਂ ਉੱਗਦੇ ਸੀ ਗੀਤ ਪਿਆਰ ਦੇ।
    ਉਹਦੇ ਮਿੱਠੇ ਮਿੱਠੇ ਬੋਲ ਜਿਉਂ ਤਵੀਤ ਪਿਆਰ ਦੇ।
    ਪੱਲਾ ਨ੍ਹੱਸ ਗਈ ਛੁਡਾਕੇ, ਪੱਲਾ ਨ੍ਹੱਸ ਗਈ ਛੁਡਾਕੇ,
    ਨ੍ਹੇਰੀ ਵਾਂਗੂੰ ਆੲੀ ਸੀ ਤੁਫਾਨ ਮੰਗਦੀ
    ਸਾਡੀ ਜਾਨ ਮੰਗਦੀ ਤੇ ਇਮਾਨ ਮੰਗਦੀ… ।

    ਹੁੰਦਾ ਖ਼ਾਬਾ ਤੇ ਖ਼ਿਆਲਾਂ ਉੱਤੇ ਜ਼ੋਰ ਕੋਈ ਨਾ।
    ਬੱਸ ਤੂੰ ਹੀ ‘ਅਬਦਾਲੀ’ ਏਥੇ ਹੋਰ ਕੋਈ ਨਾ।
    ਹੁਣ ਯਾਦਾਂ ਦੀ ਸਵਾਰੀ, ਹੁਣ ਯਾਦਾਂ ਦੀ ਸਵਾਰੀ,
    ਸਵਾਰੀ ਥੱਕੀ ਹਾਰੀ ਬੀਆ-ਬਾਨ ਮੰਗਦੀ
    ਸਾਡੀ ਜਾਨ ਮੰਗਦੀ ਤੇ ਇਮਾਨ ਮੰਗਦੀ… ।

    ਨੋਟ :- *ਤਜੱਲੀ – ਪ੍ਰਗਟਾਵਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!