3.4 C
United Kingdom
Sunday, March 8, 2026

More

    ਮਲਕੜੇ ਮਲਕੜੇ ਅਹਿਸਾਸਾਂ ਦੇ ਪੱਬ ਧਰਦੀ ਕਵਿੱਤਰੀ- “ਗੁਰਮੇਲ ਸੰਘਾ”

    ਕੁਝ ਮਹੀਨੇ ਪਹਿਲਾਂ ਤੀਆਂ ਦੇ ਮੇਲੇ ਤੇ ਇੱਕ ਮਲੂਕ ਜਿਹੀ ਕੁੜੀ ਮਿਲੀ, ਅੱਖਾਂ ਵਿੱਚ ਅਜੀਬ ਜਿਹੀ ਚਮਕ ਸੀ(ਅਮਰਜੀਤ ਕੌਰ ਜੀ ਨੇ ਇਹਦੇ ਬਾਰੇ ਦੱਸਿਆ ਸੀ)।
    ਵੱਡੇ ਸਾਰੇ ਬੀਬੀਆਂ ਦੇ ਇਕੱਠ ਤੇ ਰੌਲੇ ਜਿਹੇ ਵਿੱਚ ਮੈਂ ਉਸਨੂੰ ਜ਼ਿਆਦਾ ਨਾ ਸੁਣ ਸਕੀ। ਉਹ ਆਪਣੀ ਲਿਖਣ ਪ੍ਕਿਆ ਬਾਰੇ ਦੱਸਣ ਦਾ ਯਤਨ ਕਰ ਰਹੀ ਸੀ। “ਆਪਾਂ ਫਿਰ ਗੱਲ ਕਰਾਂਗੇ” ਕਹਿ ਕੇ ਮੈਂ ਉਸਨੂੰ ਆਪਣਾ ਫ਼ੋਨ ਨੰਬਰ ਦੇ ਦਿੱਤਾ।
    ਕੁੱਝ ਦਿਨਾਂ ਬਾਅਦ ਅਚਾਨਕ ਉਸਦਾ ਫ਼ੋਨ ਆਇਆ ਤੇ ਉਹ ਮਿਲਣ ਆ ਗਈ। ਇਹ ਕੋਈ ਹੋਰ ਨਹੀਂ ਗੁਰਮੇਲ ਕੌਰ ਸੰਘਾ ਹੀ ਸੀ। ਉਸਨੇ ਆਪਣੀਆਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ। ਲੱਗਦਾ ਹੀ ਸੀ ਕਿ ਉਹ ਦੇਰ ਤੋਂ ਲਿਖਦੀ ਆ ਰਹੀ ਹੈ। ਉਸ ਮੁਤਾਬਿਕ ਕੁਝ ਪ੍ਸਥਿਤੀਆਂ ਅਨੁਕੂਲ ਨਾ ਹੋਣ ਕਾਰਣ ਉਸਦਾ ਸੰਪਰਕ ਟੁੱਟਿਆ ਰਿਹਾ।
    ਪਰ ਅੱਜ ਜਦੋਂ ਉਸਨੇ ਆਪਣਾ ਖਰੜਾ ਭੇਜਿਆ ਤਾਂ ਪੜ੍ਹਦਿਆਂ ਮਹਸੂਸ ਹੋਇਆ ਕਿ ਕਵਿਤਾ ਉਸ ਤੋਂ ਪਰ੍ਹੇ ਕਦੇ ਗਈ ਹੀ ਨਹੀਂ। ਸੰਸਾਰ ਵਿੱਚ ਅਮਨ ਸ਼ਾਂਤੀ ਚਾਹੁੰਦੀ, ਰੋਜ਼ -ਮਰ੍ਹਾ ਦੀਆਂ ਲੋੜਾਂ, ਹਰ ਦਿਨ ਦੀਆਂ ਦਰਪੇਸ਼ ਮੁਸੀਬਤਾਂ ਦਾ ਸਾਹਮਣਾ ਤੇ ਡਟ ਕੇ ਖੜੋਨ ਦਾ ਸੱਦਾ ਦਿੰਦੀ ਕਵਿਤਾ ਉਸਦੇ ਨਾਲ ਤੁਰਦੀ ਹੈ।
    ਗੁਰਮੇਲ ਦੀਆਂ ਕਵਿਤਾਵਾਂ ‘ਚ ਉਸਦੀ ਸਮੁੱਚੀ ਤੇ ਸੁਚੱਜੀ ਰੂਹ ਦਾ ਝਲਕਾਰਾ ਪੈਂਦਾ ਹੈ। ਉਹ ਅੱਖ ਵੀ ਭਰਦੀ ਹੈ ਤੇ ਆਸ ਵੀ ਕਰਦੀ ਹੈ। ਉਸਦਾ ਕੋਮਲ ਮਨ ਸਿ੍ਸ਼ਟੀ ਨੂੰ ਬੜੀ ਨੀਝ ਨਾਲ ਦੇਖਦਾ ਹੈ। ਉਸਦੀ ਕਵਿਤਾ ਧਾਰਮਿਕ , ਸਮਾਜਿਕ ਤੇ ਰਾਜਨੀਤਕ ਦੇ ਪ੍ਰਤੀਬਿੰਬਾਂ ਵਿੱਚ ਦੀ ਵਿਚਰਦੀ ਹੋਈ ਉਸਦੇ ਆਲ਼ੇ-ਦੁਆਲ਼ੇ ਘੁੰਮਦੀ ਹੈ। ਉਸਦੀ ਖ਼ਾਮੋਸ਼ ਤੇ ਤੀਖਣ ਦਿ੍ਸ਼ਟੀ ਸੰਸਾਰ ‘ਚ ਪਸਰੇ ਪਸਾਰੇ ਨੂੰ ਸਮਝਣ ਦਾ ਯਤਨ ਕਰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਵਿੱਚ ਮਨੁੱਖਤਾ ਲਈ ਸੰਵੇਦਨਾ ਤੇ ਪਿਆਰ ਹੈ :
    “ਦੁਨੀਆਂ ਸਮਝੇ ਗੀਤ ਬਣਾ ਕੇ
    ਲਿਖਤੇ ਕਾਗ਼ਜ਼ ਤੇ,
    ਉਹ ਕੀ ਜਾਣੇ, ਇਹ ਤਾਂ ਮੇਰੇ ਦਿਲ
    ਦੀਆਂ ਚੋਟਾਂ ਨੇ।” (ਗ਼ਜ਼ਲ)

    ਉਸਦੀ ਰੂਹ ਕੁਰਲਾ ਉੱਠਦੀ ਹੈ ਜਦੋਂ ਸਮਾਜਿਕ ਦੁਖਾਂਤ ਲਿਖਦੀ ਹੈ:

    “ਜਿਉਂਦਿਆਂ ਨੂੰ ਨਾ ਪੁੱਛਦੇ ਪਾਣੀ,
    ਮੋਇਆਂ ਤੋਂ ਛਬੀਲਾਂ ਲੱਗੀਆਂ।
    ਲੋਕ ਦਿਖਾਵਿਆਂ ਪੱਟ ਲਏ ‘ਸੰਘਾ’,
    ਕੀ ਹਵਾਵਾਂ ਉਲਟੀਆਂ ਵਗੀਆਂ।”(ਨਜ਼ਮ)

    ਕੁਦਰਤ ਪ੍ਰਤੀ ਵੀ ਉਸਨੂੰ ਬੇਹੱਦ ਮੁਹੱਬਤ ਹੈ। ਤਾਂ ਹੀ ਤਾਂ ਉਹ ਕਹਿ ਉੱਠਦੀ ਹੈ :
    “ਅੰਬਰ ਜਾਵਾਂ ਲਾ ਉਡਾਰੀ
    ਚੰਨ ਚਾਨਣ ਲੈ ਫੁਲਕਾਰੀ।
    ਮੜ੍ਹਾਵਾਂ ਸੂਰਜ ਮੱਥੇ ਦਾ ਟਿੱਕਾ
    ਚਾਨਣ ਹੋਵੇ ਬ੍ਰਹਿਮੰਡ ਸਾਰੀ।” (ਕੁਦਰਤ)

    ਸਮਾਜ ਵਿੱਚ ਉੱਭਰਦਾ ਅਜੋਕਾ ਦੁਖ਼ਾਂਤ ਉਸਦੀ ਰੂਹ ਨੂੰ ਅਨੋਖਾ ਦਰਦ ਦਿੰਦਾ ਹੈ ਤੇ ਉਹ ਕਹਿ ਉੱਠਦੀ ਹੈ:
    “ਰਿਸ਼ਤਿਆਂ ਵਿੱਚ ਪਈਆਂ ਵੰਡੀਆਂ,
    ਪਿਉ ਟੱਬਰ ਤੋਂ ਵਾਂਝਾ ਮੁੱਕਿਆ।
    ‘ਗੁਰਮੇਲ’ਕਿਸੇ ਦੇ ਮਾਂ ਨਹੀਂ ਹਿੱਸੇ,
    ਅਣਮੁੱਲਾ ਜਿਹਾ ਵਾਂਢਾ ਮੁੱਕਿਆ।” (ਚੋਭ)

    ਸਰਮਾਏਦਾਰੀ ਵੱਲੋਂ ਗ਼ਰੀਬਾਂ ਦੀ ਲੁੱਟ ‘ਚੀਸ’ ਕਵਿਤਾ ਵਿੱਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ।
    “ਧੀਆਂ” ਕਵਿਤਾ ਵਿੱਚ ਧੀਆਂ ਨੂੰ ਕੁੱਖ ‘ਚ ਮਾਰਨ ਦਾ ਦਰਦ ਉਸ ਲਈ ਅਸਹਿ ਹੈ। ਮਾਤ-ਭਾਸ਼ਾ,ਪਰਦੇਸਾਂ ਦੇ ਦਰਦ, ਨਸ਼ਾਖ਼ੋਰੀ, ਜਾਤੀ ਪਾੜਾ, ਔਰਤਾਂ ਦੇ ਦਰਦਾਂ ਨੂੰ ਸਮਝਣਾ,
    ਔਰਤ ਹੋਣ ਦੇ ਨਾਤੇ ਹਰ ਮੁਸ਼ਕਿਲ ਨੂੰ ਸਮਝਣ ਦੀ ਸਮਰੱਥਾ ਉਸਦੇ ਕਾਵਿਕ ਸ਼ਬਦਾਂ ਵਿੱਚ ਹੈ। ਇਹ ਉਸਦੇ ਸੂਖ਼ਮ ਮਨ ਦਾ
    ਪ੍ ਗਟਾਵਾ ਹੈ।
    ਨਜ਼ਮ, ਗੀਤ, ਗ਼ਜ਼ਲ, ਤੇ ਸੂਫ਼ੀ ਰੰਗਤ ਦੀਆਂ ਕਵਿਤਾਵਾਂ ਉਸਦੀ ਸੰਗੀਤਕ ਅਵਾਜ਼ ਦਾ ਪ੍ ਗਟਾਵਾ ਹਨ। ਲੱਗਦਾ ਹੈ ਇਹ ਉਸ ਦੀ ਰੂਹ ਦੀ ਖ਼ੁਰਾਕ ਹੈ:
    “ਕਵੀਆਂ ਦਾ ਜਨੂਨ ਹੈ ਕਵਿਤਾ
    ਦਿੰਦੀ ਬੜਾ ਸਕੂਨ ਹੈ ਕਵਿਤਾ।” (ਕਵਿਤਾ)

    ਜਾਂ

    “ਜ਼ਿੰਦਾਦਿਲੀ ਦੇ ਨਾਲ ਜੀਅ ਲਓ ਜ਼ਿੰਦਗੀ
    ਹਿੰਮਤ ਦਾ ਤੋਪਾ ਭਰ ਕੇ ਸੀਅ ਲਓ ਜ਼ਿੰਦਗੀ।” (ਜ਼ਿੰਦਾਦਿਲੀ)

    ਹਨ੍ਹੇਰਿਆਂ ਨੂੰ ਚੀਰਨ ਦੀ ਗੁਰਮੇਲ ਹਿੰਮਤ ਰੱਖਦੀ ਹੈ:
    “ਹਨ੍ਹੇਰਿਆਂ ਨੂੰ ਕਹਿ ਦੇ ਸਾਡਾ ਰਾਹ ਛੱਡ ਦੇਣ
    ਅਸੀਂ ਆ ਗਏ ਤੇਰੇ ਰਾਹਾਂ ‘ਚ ਮਸ਼ਾਲ ਬਣਕੇ।” (ਦਲੇਰੀ)

    ਉੱਜੜ ਰਹੇ ਪੰਜਾਬ ਦਾ, ਆਪਣੀ ਜਨਮ ਭੌਂਇ ਦੇ ਦਰਦ ਦਾ ਵੀ ਉਸਨੂੰ ਅਹਿਸਾਸ ਹੈ:

    “ਸ਼ਹਿਰ ਤੇਰੇ ਦੇ ਬਾਗੀਂ ਉੱਲੂ ਬੋਲਣ ਵੇ,
    ਸੁੱਕੀਆਂ ਨਦੀਆਂ ਕੂਕਣ ਤੇਰੇ ਸ਼ਹਿਰ ਦੀਆਂ।
    ਤੈਨੂੰ ਫਿਕਰ ਸਤਾਵੇ ਕਿੰਨੀ ਬੀਤ ਗਈ,
    ਚਿੰਤਾਵਾਂ ਨੇ ਢਲਦੀ ਸਿਖ਼ਰ ਦੁਪਹਿਰ ਦੀਆਂ।” (ਗ਼ਜ਼ਲ)

    ਕਵਿੱਤਰੀ ਨੂੰ ਫਿਕਰ ਹੈ ਸਹਿਮੀ ਕੁਦਰਤ ਦਾ, ਧਰਤੀ ਤੇ ਫੈਲ ਰਹੇ ਜ਼ਹਿਰ ਦਾ, ਬੰਜਰ ਹੋ ਰਹੀ ਪੰਜਾਬ ਦੀ ਧਰਤੀ ਦਾ ਦਰਦ ਉਸ ਦੀਆਂ ਕਵਿਤਾਵਾਂ ‘ਚੋਂ ਸਹੁਜੇ ਹੀ ਦੇਖਿਆ ਜਾ ਸਕਦਾ ਹੈ, ਗੁਰਮੇਲ ਦੇ ਸੁਪਨੇ ਵੱਡੇ ਨੇ:

    “ਵੱਡੇ ਸੁਪਨੇ ਵੇਖੇ ਜਿਸ ਨੇ,
    ਵੱਡੀ ਰੱਖਦੇ ਪੀੜ।
    ਤੱਕਣ ਨਾਹੀਂ ਪਿੱਛੇ ਮੁੜਕੇ,
    ਦਿੰਦੇ ਖਿੱਚ ਲਕੀਰ।
    ਜਨੂੰਨ ਜਿੱਤ ਦਾ ਜਿਹਨੂੰ’ਸੰਘਾ’,
    ਜਿੱਤ ਲੈਂਦੇ ਤਕਦੀਰ।” (ਜੇਤੂ ਭਾਵਨਾ)

    ਉਮੀਦ ਹੀ ਨਹੀਂ, ਪੂਰੀ ਆਸ ਹੈ ਕਿ ਗੁਰਮੇਲ ਦੀ ਕਲਮ ਅਗਾਂਹ ਹੀ ਵਧਦੀ ਜਾਵੇਗੀ। ਇਹ ਸਮਰੱਥਾ ਉਸਦੀ ਕਾਵਿ -ਪੁਸਤਕ ਵਿੱਚੋਂ ਹੀ ਝਲਕਦੀ ਹੈ।
    ਮੈਂ ਤਹਿ ਦਿਲ ਤੋਂ ਸੁਆਗਤ ਕਰਦੀ ਹਾਂ ਉਸਦੀ ਕਾਵਿ-ਪੁਸਤਕ “ਸੱਚ ਦੇ ਬੋਲ” ਵਾਸਤੇ।


    ਕੁਲਵੰਤ ਢਿੱਲੋਂ
    ਪ੍ਧਾਨ
    ਪੰਜਾਬੀ ਸਾਹਿਤ ਕਲਾ ਕੇਂਦਰ
    ਸਾਊਥਾਲ, ਲੰਡਨ, ਯੂ.ਕੇ.

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!