ਹਮਬਰਗ (ਅਮਰਜੀਤ ਸਿੰਘ ਸਿੱਧੂ) ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਉਸ ਕਾਲੇ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ, ਰੇਲਾਂ, ਮੌਲਾਂ ਤੇ ਪਟਰੌਲ ਪੰਪਾਂ ਤੇ ਧਰਨੇ ਲਗਾਏ ਜਾ ਰਹੇ ਹਨ । ਜਿਹਨਾਂ ਦੇ ਹੱਕ ਵਿਚ ਮਜਦੂਰਾਂ , ਆੜ੍ਹਤੀਆਂ, ਮੁਲਾਜ਼ਮ ਜਥੇਬੰਦੀਆਂ, ਗਾਇਕਾਂ ਅਦਾਕਾਰਾਂ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋ ਰਹੇ ਹਨ। ਕਿਸਾਨਾਂ ਦੀ ਹਮਾਇਤ ਅੱਜ ਜਰਮਨੀ ਦੇ ਸ਼ਹਿਰ ਹਮਬਰਗ ਵਿਚ ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਦੇ ਪ੍ਰਧਾਨ ਸ: ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਬੀਬੀ ਨਜਮਾਂ ਨਾਜ, ਕੁਲਦੀਪ ਕੌਰ, ਤੇ ਸਿਮਰਨਜੀਤ ਕੌਰ ਨੇ ਆਪਣੀਆਂ ਸਾਥਣਾਂ ਸਮੇਤ ਦਸਤਖਤ ਮੁਹਿੰਮ ਸ਼ੁਰੂ ਕੀਤੀ। ਜੋ ਅਸੀਂ ਆਪਣੇ ਮੈਮੋਰੰਡਮ ਦੇ ਨਾਲ ਭਾਰਤ ਅੰਬੈਸੀ ਦੇ ਕੌਸਲ ਜਨਰਲ ਦੇ ਹੱਥੀਂ ਸਰਕਾਰ ਨੂੰ ਭੇਜਾਂਗੇ। ਜਿਸ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੱਭ ਤੋਂ ਪਹਿਲਾਂ ਰਣਜੀਤ ਸਿੰਘ ਬਾਜਵਾ ਨੇ ਪ੍ਰਦਰਸ਼ਨ ਵਿਚ ਸ਼ਾਮਲ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਵੱਲੋਂ ਸਮੂੰਹ ਹਾਜਰੀਨ ਨੂੰ ਬੇਨਤੀ ਕੀਤੀ ਕਿ ਆਪਾਂ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਤੇ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕਰੀਏ। ਇਸ ਸਮੇਂ ਹਿੰਦੂ ਮੰਦਰ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਨੇ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਦੀ ਬਾਬਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੂੰਹ ਸੰਗਤਾਂ ਨੂੰ ਤਨੋ ਮਨੋ ਧਨੋ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦੀ ਬੇਨਤੀ ਕੀਤੀ । ਉਹਨਾਂ ਤੋਂ ਮਗਰੋਂ ਗੁਰਮੇਲ ਸਿੰਘ ਮਾਨ ਨੇ ਸੰਬੋਧਨ ਕੀਤਾ। ਜਿਹਨਾਂ ਨੇ ਕਿਹਾ ਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹਨ ਜੇਕਰ ਰੀੜ੍ਹ ਦੀ ਹੱਡੀ ਤੰਦਰੁਸਤ ਨਾਂ ਹੋਵੇ ਤਾਂ ਤਕੜੇ ਤੋਂ ਤੱਕੜੇ ਭਲਵਾਨ ਵੀ ਕੌਡੀਆਂ ਤੋਂ ਖੋਟੇ ਹੋ ਜਾਂਦੇ ਹਨ। ਇਸ ਲਈ ਭਾਰਤ ਸਰਕਾਰ ਨੂੰ ਭਾਰਤ ਦੇ ਕਿਸਾਨਾਂ ਦੀ ਇਸ ਮੰਗ ਨੂੰ ਮੰਨਦਿਆਂ ਇਸ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਵਾਪਸ ਲੈ ਕੇ ਕਿਸਾਨਾਂ ਨੂੰ ਭਾਰਤ ਦੀ ਖੁਸ਼ਹਾਲੀ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਸ ਉਪਰੰਤ ਗੁਰੂ ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਸੰਬੋਧਤ ਕਰਦਿਆਂ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਕਿਸ ਤਰ੍ਹਾਂ ਸਾਝੇੰ ਪੰਜਾਬ ਦੇ ਲੋਕਾਂ ਨੇ ਦੇਸ਼ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਰਾ ਤੇ ਚਿੱਟਾ ਇਨਕਲਾਬ ਲਿਆਉਣ ਲਈ ਯੋਗਦਾਨ ਪਾਇਆ। ਜਿਸ ਨਾਲ ਭਾਰਤ ਸਰਕਾਰ ਕੋਲ ਅਨਾਜ ਸਰਪਲੱਸ ਹੋਇਆ। ਪਰ ਹੁਣ ਭਾਰਤ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ ਲਈ ਇਹ ਨਵਾਂ ਕਾਨੂੰਨ ਬਣਾਇਆ ਹੈ। ਜਿਸ ਨੂੰ ਪੰਜਾਬ ਦੇ ਗੈਰਤਮੰਦ ਲੋਕ ਕਿਸੇ ਵੀ ਤਰ੍ਹਾਂ ਲਾਗੂ ਨਹੀਂ ਹੋਣ ਦੇਣਗੇ। ਇਸ ਸਮੇਂ ਬਾਜਵਾ ਸਾਹਿਬ ਨੇ ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਏ ਲੋਕਾਂ ਲਈ ਮਾਲੀ ਮੱਦਦ ਦੀ ਬਾਬਤ ਸੰਗਤਾਂ ਨੂੰ ਅਪੀਲ ਕੀਤੀ ਤਾਂ ਸੰਗਤਾਂ ਨੇ ਇਸ ਸਮੇਂ ਮਾਇਆ ਇਕੱਠੀ ਕੀਤੀ। ਇਸ ਰੋਸ ਪ੍ਰਦਰਸ਼ਨ ਵਿਚ ਰਣਜੀਤ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਬੀਬੀ ਬੀਨਾਂ ਸਿੰਘ, ਪ੍ਰਮੋਦ ਕੁਮਾਰ ਮਿੰਟੂ, ਸੁਖਜਿੰਦਰ ਸਿੰਘ ਗਰੇਵਾਲ, ਸਵਰਾਜ ਸਿੰਘ, ਪਾਲ ਸਿੰਘ, ਗੁਰਮੇਲ ਸਿੰਘ ਮਾਨ, ਰਾਜੀਵ ਬੇਰੀ, ਭੰਗੂ ਭਰਾਅ, ਅਵਤਾਰ ਸਿੰਘ ਤਾਰੀ, ਹਰਜੀਤ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਰੇਸ਼ਮ ਭਰੋਲੀ, ਮੋਹਣ ਸਿੰਘ, ਜਸਵੀਰ ਸਿੰਘ, ਸ਼ਮਸ਼ੇਰ ਸਿੰਘ, ਗੋਬਿੰਦ ਸਿੰਘ, ਬਿੱਟੂ ਸਿੰਘ ਬਹੁਤ ਗਿਣਤੀ ਵਿਚ ਬੀਬੀਆਂ ਅਤੇ ਕੁਲਵੰਤ ਸਿੰਘ ਖਹਿਰਾ ਸਮੇਤ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਅੰਤ ਵਿਚ ਸ: ਬਾਜਵਾ ਵੱਲੋਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।