3.5 C
United Kingdom
Sunday, March 8, 2026

More

    ਜਦੋਂ ਧੀ ਲਪਟਾਂ ਵਿੱਚ ਸੜੀ

    ਰਜਨੀ ਵਾਲੀਆ
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,

    ਪਾਲੀ ਸੀ ਧੀ ਲਾਡਾਂ ਦੇ ਨਾਲ,
    ਉਹ ਹੋਈ ਜਦੋਂ ਪਰਾਈ ਸੀ |
    ਸਹਿ ਲਵੀਂ ਜੋ ਵੀ ਸਹਿਆ ਜਾਂਦਾ,
    ਉਸਨੂੰ ਇਹ ਗੱਲ ਸਮਝਾਈ ਸੀ |
    ਸਹਿ ਗਈ ਜਿਉਂਦੀ ਸੜਨ ਦਾ,
    ਦੁਖੜਾ ਹਿੰਮਤ ਉਸਦੀ ਬੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |

    ਨੀ ਤੂੰ ਕਾਸੇ ਜੋਗੀ ਵੀ ਨਹੀਂ,
    ਦਾਜ ਦੇ ਵਿੱਚ ਤੂੰ ਕਾਰ ਨਾ ਲਿਆਈ |
    ਸੱਸ ਆਪਣੀ ਦੇ ਗਲ ਪਾਵਣ ਨੂੰ,
    ਨੌਂ ਲੱਖਾ ਤੂੰ ਹਾਰ ਨਾ ਲਿਆਈ |
    ਹਰ ਦਿਨ ਮਿਹਣੇਂ ਹਰ ਦਿਨ ਤਾਹਨੇਂ,
    ਰੂਹ ਦਬਕਿਆਂ ਦੇ ਵਿੱਚ ਮੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |

    ਸੱਸ ਚੁੱਲਾ ਬਾਲ ਕੇ ਰਾਤੀ ਛੱਡ ਗਈ,
    ਉਸ ਬੂਹਾ ਮੁੜ ਬੰਦ ਕਰਿਆ ਹੋਣੈ |
    ਚਾਹ ਬਣਾਉਣ ਲੱਗੀ ਨੇ ਤੀਲੀ ਬਾਲ ਕੇ,
    ਫਿਰ ਰੱਬ ਜਾਣੇਂ ਕੀ-ਕੀ ਜਰਿਆ ਹੋਣੈਂ |
    ਉਸਨੇ ਬਚਣ ਲਈ ਹਾੜੇ ਕੀਤੇ ਹੋਣੇਂ,
    ਤੇ ਕਿੰਨੀ ਅੱਗ ਵਿੱਚ ਕੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |

    ਕਿਸੇ ਨਾ ਸੁਣਿਆਂ ਚੀਕ ਚਿਹਾੜਾ,
    ਬਲਦੀ ਸਭ ਨੇ ਤੱਕੀ ਹੋਣੀ ਏ |
    ਲਟ-ਲਟ ਬਲਦੀ ਧੀ ਬੇਗਾਨੀ,
    ਚੰਦਰਿਆਂ ਨੇਂ ਸੇਕੀ ਹੋਣੀ ਏ |
    ਬਣੀ ਸਵਾਹ ਦੀ ਢੇਰੀ ਹੋਣੀ,
    ਜਦੋਂ ਕੱਢ ਰਸੋਇਓਂ ਖੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |

    ਰਜਨੀ ਲੱਖ ਅਰਜੋਈਆਂ ਕਰਦੀ ,
    ਕਦੇ ਧੀ ਨੂੰ ਦੁੱਖ ਨਾ ਹੋਵੇ ਕੋਈ |
    ਲੇਖਾਂ ਵਿੱਚ ਦੁੱਖ ਜੇ ਆ ਜਾਵਣ ਧੀ ਦੇ,
    ਕਦੇ ਲਾਗੇ ਨਾ ਫੇਰ ਖਲੋਵੇ ਕੋਈ |
    ਬਚਣ ਲਈ ਹੀਲਿਓ ਹੀਲੀ ਹੁੰਦੀ,
    ਵਿਚਾਰੀ ਨੇ ਹੱਥੀਂ ਫੜ ਲਈ ਛੜੀ ਹੋਵੇਗੀ |
    ਰੱਬਾ ਕੀ-ਕੀ ਦੁਖੜਾ ਜਰੀ ਹੋਵਗੀ,
    ਜਦੋਂ ਧੀ ਲਪਟਾਂ ਵਿੱਚ ਸੜੀ ਹੋਵੇਗੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!