(ਹਰਜੀਤ ਲਸਾੜਾ, ਬ੍ਰਿਸਬੇਨ 18 ਅਕਤੂਬਰ) ਆਸਟ੍ਰੇਲੀਆ ਦੇ ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਟਾਇਗਮ ਵਿਖੇ ਸੰਗਤਾਂ ਦੇ ਵੱਡੇ ਇਕੱਠ ਵੱਲੋਂ ਭਾਰਤ ਦੀ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ ‘ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿੱਖਿਆ ਜਾਵੇਗਾ ਅਤੇ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨਾਲ ਪੰਜਾਬ ਦੀ ਕਿਸਾਨੀ ਤੇ ਜਵਾਨੀ ਤਬਾਹ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਸਿਰਫ਼ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੇ ਪੁਰਖਿਆਂ ਦੀਆਂ ਖੂਨ ਪਸੀਨੇ ਨਾਲ ਬਣਾਈਆ ਜਮੀਨਾ ਤੋਂ ਜਬਰੀ ਵਾਝਾਂ ਕਰ ਕੇ ਕਿਸਾਨਾਂ ਅਤੇ ਕਿਰਤੀ ਵਰਗ ਨੂੰ ਪੂੰਜੀਵਾਦ ਦੇ ਗੁਲਾਮ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਕਿਸਾਨੀ, ਅਰਥਚਾਰੇ ਨੂੰ ਬੁਚਾਉਣ ਤੇ ਪੰਜਾਬੀਅਤ ਦੇ ਲੋਕ ਪੱਖੀ ਮੁੱਦਿਆਂ ਲਈ ਸਾਰੀਆਂ ਸਿਆਸੀ ਜਮਾਤਾਂ ਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਸੰਘਰਸ਼ ਜਾਰੀ ਰੱਖਣਾ ਸਮੇਂ ਦੀ ਮੰਗ ਹੈ। ਪਰਵਾਸੀ ਭਾਈਚਾਰਾ ਵੀ ਕਿਸਾਨੀ ਸੰਘਰਸ਼ ‘ਚ ਪੰਜਾਬੀ ਲੋਕਾਈ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਢੇ ਨਾਲ ਮੋਢਾ ਲਾ ਕੇ ਹਮਾਇਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਲਾਲੀ, ਜਗਜੀਤ ਸਿੰਘ ਖੋਸਾ, ਬਹਾਦਰ ਸਿੰਘ, ਹਰਜੋਤ ਸਿੰਘ ਲਸਾੜਾ, ਅੰਗਰੇਜ ਸਿੰਘ, ਬੱਬਲੂ ਦਿਉਲ, ਗੁਰਦੀਪ ਸਿੰਘ, ਸੋਨੀ ਸਿੱਧੂ, ਬਿੰਦਾ ਗਿੱਲ, ਅਮਨਦੀਪ ਸਿੰਘ, ਪਰਮਜੀਤ ਚੀਮਨਾਂ, ਤਰਸੇਮ ਸੰਧੂ, ਅਮਨਦੀਪ ਭੰਗੂ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ।