ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਪਿਛਲੇ ਦਿਨੀਂ ਸੰਸਦ ਮੈਂਬਰਾਂ ਦੀ ਸਲਾਨਾ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਲੇਬਰ ਲੀਡਰ ਕੈਰ ਸਟਾਰਮਰ ਨੇ ਕਿਹਾ ਹੈ ਕਿ ਸੰਸਦ ਦੇ ਮੈਂਬਰਾਂ ਲਈ 3,300 ਪੌਂਡ ਦੀ ਤਨਖਾਹ ਵਧਾਉਣ ਦੀ ਬਜਾਏ ਇਹ ਵਾਧਾ ਕੋਰੋਨਵਾਇਰਸ ਮਹਾਂਮਾਰੀ ਵਿੱਚ ਕੰਮ ਕਰ ਰਹੇ ਮੁੱਖ ਵਰਕਰਾਂ(ਨਰਸਾਂ/ਸਿਹਤ ਕਾਮਿਆਂ) ਕੋਲ ਜਾਣਾ ਚਾਹੀਦਾ ਹੈ। ਸੰਸਦ ਮੈਂਬਰ 4.1 ਫੀਸਦੀ ਵਾਧੇ ਨਾਲ ਹਰ ਸਾਲ £85,291ਤਨਖਾਹ ਲੈਂਦੇ ਹਨ ਜਦਕਿਰਾਇਲ ਕਾਲਜ ਆਫ਼ ਨਰਸਿੰਗ ਦੇ ਅਨੁਮਾਨ ਅਨੁਸਾਰ ਇੱਕ ਐਨ ਐਚ ਐਸ ਨਰਸ ਦੀ ਔਸਤਨ ਸਾਲਾਨਾ ਤਨਖਾਹ £33,384 ਹੈ। ਇਸ ਲੇਬਰ ਲੀਡਰ ਅਨੁਸਾਰ ਇਹ ਨਹੀਂ ਹੋਣਾ ਚਾਹੀਦਾ ਹੈ ਅਤੇ ਉਸਨੇ ਸੁਝਾਅ ਦਿੱਤਾ ਹੈ ਕਿ ਸੰਸਦ ਇਸ ਕਦਮ ਨੂੰ ਰੋਕ ਸਕਦੀ ਹੈ। ਉਸਨੇ ਕਿਹਾ ਕਿ ਜੇ ਇਹ ਪੈਸਾ ਉਪਲਬਧ ਹੈ ਤਾਂ ਮਹੱਤਵਪੂਰਣ ਕਾਮਿਆਂ ‘ਤੇ ਖਰਚ ਕੀਤਾ ਜਾਣਾ ਚਾਹੀਦਾ ਹੈ, ਜਿਹੜੇ ਇਸ ਮਹਾਂਮਾਰੀ ਵਿੱਚ ਫਰੰਟ ਲਾਈਨ’ ਤੇ ਰਹੇ ਹਨ। ਲਗਭਗ 900,000 ਜਨਤਕ ਖੇਤਰ ਦੇ ਕਰਮਚਾਰੀ ਪਹਿਲਾਂ ਹੀ ਮਹਿੰਗਾਈ ਦਰ ਕਰਕੇ ਤਨਖਾਹ ਵਿੱਚ ਵਾਧੇ ਨੂੰ ਉਡੀਕ ਰਹੇ ਹਨ ਜਿਹੜਾ ਕਿ ਜੁਲਾਈ ਵਿੱਚ ਚਾਂਸਲਰ ਰਿਸ਼ੀ ਸੁਨਾਕ ਦੁਆਰਾ ਘੋਸ਼ਿਤ ਕੀਤਾ ਗਿਆ ਸੀ।ਇਹਨਾਂ ਵਿੱਚ ਹਥਿਆਰਬੰਦ ਸੈਨਾ ਦੇ ਮੈਂਬਰਾਂ ਲਈ 2 ਪ੍ਰਤੀਸ਼ਤ ,ਪੁਲਿਸ ਅਧਿਕਾਰੀਆਂ ਲਈ 2.5 ਪ੍ਰਤੀਸ਼ਤ ਅਤੇ ਇੰਗਲੈਂਡ ਵਿੱਚ ਅਧਿਆਪਕਾਂ ਲਈ 3.1 ਪ੍ਰਤੀਸ਼ਤ ਤੱਕ ਦਾ ਵਾਧਾ ਸ਼ਾਮਿਲ ਹੈ।