ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਵਿਕਸਿਤ ਦੇਸਾਂ ਵਿੱਚ ਵੀ ਕਈ ਲੋਕ ਅਜਿਹੇ ਹੁੰਦੇ ਹਨ ਜੋ ਮਿਹਨਤ ਨਾ ਕਰਕੇ ਚੋਰੀ ਦਾ ਰਾਸਤਾ ਅਪਣਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਕਾਟਲੈਂਡ ਦੇ ਇੱਕ ਉਲੰਪਿਕ ਸਿਖਲਾਈ ਕੇਂਦਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਸਕਾਟਲੈਂਡ ਦੇ ਵਿਸ਼ੇਸ਼ ਓਲੰਪਿਕ ਸਾਈਕਲ ਸਵਾਰਾਂ ਦੇ 20,000 ਪੌਂਡ ਤੋਂ ਜਿਆਦਾ ਮੁੱਲ ਦੇ ਸਾਈਕਲ ਚੋਰੀ ਕੀਤੇ ਹਨ ਜੋ ਖਿਡਾਰੀਆਂ ਨੇ ਖੁਦ ਹੀ ਖਰੀਦੇ ਸਨ। ਇਹ ਸਾਰੇ ਸਾਈਕਲ ਇੱਕ ਸਮੁੰਦਰੀ ਜਹਾਜ਼ ਦੇ ਕੰਟੇਨਰ ਵਿਚ ਰੱਖੇ ਹੋਏ ਸਨ ਅਤੇ ਚੋਰਾਂ ਨੇ ਜ਼ਹਾਜ਼ ਦੇ ਕੰਟੇਨਰ ਨੂੰ ਕੱਟ ਕੇ ਸਾਰੇ ਸਾਈਕਲਾਂ ਨੂੰ ਨਿਸ਼ਾਨਾ ਬਣਾਇਆ। ਇਹਨਾ ਵਿੱਚੋਂ ਕੁਝ ਸਾਈਕਲਾਂ ਦਾ ਮੁੱਲ £5000 ਤੋਂਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਕਾਟਲੈਂਡ ਵੈਸਟ ਦੇ ਚਾਰ ਸਾਈਕਲਿਸਟਾਂ ਦੀ ਚੋਣ 2019 ਵਿੱਚ ਅਬੂਧਾਬੀ ਵਿੱਚ ਆਯੋਜਿਤ ਖੇਡਾਂ ਲਈ ਕੀਤੀ ਗਈ ਸੀ, ਅਤੇ ਇਸ ਟੀਮ ਨੇ ਐਸ਼ਟਨ ਅੰਡਰ ਲਾਈਮ ਵਿੱਚ ਸਾਲ 2019 ਦੇ ਰਾਸ਼ਟਰੀ ਸਾਈਕਲਿੰਗ ਮੁਕਾਬਲੇ ਵਿੱਚ ਵੀ 11 ਤਮਗੇ ਜਿੱਤੇ ਸਨ। ਇਸ ਚੋਰੀ ਦੀ ਘਟਨਾ ਦੇ ਸੰਬੰਧ ਵਿੱਚ ਪੁੱਛਗਿੱਛ ਫਿਲਹਾਲ ਅਜੇ ਜ਼ਾਰੀ ਹੈ।