ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬ੍ਰਿਟੇਨ ਵਿਚ ਬਲਿਊਟੁੱਥ ਸਪੀਕਰਾਂ ਵਿੱਚ ਪਿਸਤੌਲਾਂ ਦੀ ਤਸਕਰੀ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਪੰਜ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਪਿਛਲੇ ਸਾਲ ਅਮਰੀਕਾ ਦੇ ਐਟਲਾਂਟਾ ਵਿਚ ਨਵੇਂ ਟੌਰਸ ਹਥਿਆਰ ਖਰੀਦ ਕੇ ਬ੍ਰਿਸਟਲ ਅਤੇ ਲੰਡਨ ਵਿਚ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਸਪੀਕਰਾਂ ਵਿੱਚ ਛੁਪਾਇਆ ਜਾਂਦਾ ਸੀ।

ਉਸ ਸਮੇਂ ਸੂਚਨਾ ਮਿਲਣ ‘ਤੇ ਪੁਲਿਸ ਇਸ ਅੰਤਰਰਾਸ਼ਟਰੀ ਜੁਰਮ ਨੂੰ ਰੋਕਣ ਵਿੱਚ ਸਫਲ ਰਹੀ ਸੀ। ਇਸਦੇ ਸੰਬੰਧ ਵਿੱਚ ਪੰਜ ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਸਨ ਅਤੇ ਹੁਣ ਬ੍ਰਿਸਟਲ ਕ੍ਰਾਊਨ ਕੋਰਟ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਦੋਸ਼ੀਆਂ ਐਲਕੋਟ ਫਲੇਮਿੰਗ (44), ਕੇਨਵਿਲੇ ਹਾਲ (30) ,ਬੁਸੀਸੋ ਬੈਂਜਾਮਿਨ (30) ਰਾਫੇਕ ਮੋਰਸਨ (29) ਅਤੇ ਨੀਕੋ ਲੈਕਰੋਇਕਸ (23) ਨੂੰ ਜੇਲ੍ਹ ਦੀ ਸਜ਼ਾ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਅਧਿਕਾਰੀਆਂ ਨੇ ਬੰਦੂਕਾਂ, ਸਪੀਕਰਾਂ ਦੀਆਂ ਤਸਵੀਰਾਂ ਅਤੇ ਉਸ ਸਮੇਂ ਦੀਆਂ ਵੀਡੀਓ ਵੀ ਜਾਰੀ ਕੀਤੀਆਂ ਹਨ।ਜੋ ਇਹ ਦਰਸਾਉਂਦੀਆਂ ਹਨ ਕਿ ਹਥਿਆਰਾਂ ਨਾਲ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਸੀ। ਇਸ ਸੰਬੰਧ ਵਿੱਚ ਏਵਨ ਅਤੇ ਸਮਰਸੈਟ ਕਾਂਸਟੇਬੁਲੇਰੀ ਦੇ ਡੀ ਸੀ ਆਈ ਸਾਇਮਨ ਡੇਵਲਫਾਲ ਨੇ ਕਿਹਾ ਕਿ ਇਹ ਇੱਕ ਸੰਗਠਿਤ ਅਪਰਾਧੀ ਸਮੂਹ ਸੀ ਜੋ ਅਟਲਾਂਟਿਕ ਤੋਂ ਯੂਕੇ ਵਿੱਚ ਨਾਜਾਇਜ਼ ਹਥਿਆਰਾਂ ਨੂੰ ਲਿਆਉਣ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਨਵੰਬਰ 2019 ਨੂੰ ਅਟਲਾਂਟਾ ਵਿਚ ਹਥਿਆਰਾਂ ਦੀ ਵਿਵਸਥਾ ਕਰਨ ਤੋਂ ਬਾਅਦ ਯੂਕੇ ਵਿਚ ਭੇਜ ਦਿੱਤਾ ਸੀ। ਹਥਿਆਰਾਂ ਨੂੰ ਸਪੀਕਰਾਂ ਵਿੱਚ ਲੁਕੋ ਕੇ ਵੀਰਵਾਰ 21 ਨਵੰਬਰ ਨੂੰ ਯੂਕੇ ਵਿੱਚ ਦੋ ਪਤਿਆਂ ‘ਤੇ ਭੇਜਿਆ ਗਿਆ ਸੀ। ਇਨ੍ਹਾਂ ਹਥਿਆਰਾਂ ਵਿੱਚ ਇੱਕ 9mm ਟੌਰਸ ਸੈਲਫ-ਲੋਡਿੰਗ ਪਿਸਤੌਲ ਅਤੇ ਇੱਕ ਟੌਰਸ 40 ਕੈਲੀਬਰ ਸੈਲਫ-ਲੋਡਿੰਗ ਪਿਸਤੌਲ ਸੀ। ਪਰ ਅਧਿਕਾਰੀਆਂ ਦੁਆਰਾ ਸਾਰੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।