ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਾਰੀ ਦੁਨੀਆਂ ਇਸ ਵੇਲੇ ਕੋਰੋਨਾ ਵਾਇਰਸ ਦਾ ਪ੍ਰਕੋਪ ਝੱਲ ਰਹੀ ਹੈ ਅਤੇ ਇਸ ਦੇ ਪੱਕੇ ਇਲਾਜ ਲਈ ਕਿਸੇ ਟੀਕੇ ਜਾਂ ਹੋਰ ਦਵਾਈ ਦਾ ਇੰਤਜਾਰ ਵੀ ਕਰ ਰਹੀ ਹੈ। ਕੋਰੋਨਾਂ ਵਾਇਰਸ ਤੋਂ ਜਿਆਦਾ ਪ੍ਰਭਾਵਿਤ ਦੇਸਾਂ ਵਿਚੋਂ ਯੂਕੇ ਵੀ ਹੈ। ਇੱਥੋਂ ਦੇ ਲੋਕ ਦੁਬਾਰਾ ਇਸ ਮਾਰੂ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ।ਇਸ ਮਹਾਂਮਾਰੀ ਦੇ ਇਲਾਜ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕੋਵਿਡ -19 ਦੇ ਇਲਾਜ ਦਾ ਟੀਕਾ ਹੋ ਸਕਦਾ ਹੈ ਕਦੇ ਨਾ ਆਵੇ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਇੰਗਲੈਂਡ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਨਵੀਂ ਤਿੰਨ-ਪੱਧਰੀ ਤਾਲਾਬੰਦੀ ਦੀ ਘੋਸ਼ਣਾ ਕਰਨ ਤੋਂ ਬਾਅਦ ਇਕ ਲੰਬੀ ਕਾਮਨਜ਼ ਗ੍ਰਿਲਿੰਗ ਦੌਰਾਨ ਸਾਹਮਣੇ ਆਈ। ਇਸ ਸੰਬੰਧ ਵਿੱਚ ਟੋਰੀ ਦੇ ਸਾਬਕਾ ਮੰਤਰੀ ਸਟੀਵ ਬੇਕਰ ਦੇ ਪ੍ਰਸ਼ਨ ਦੇ ਜਵਾਬ ਵਿੱਚ ਜੌਹਨਸਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਕੋਈ ਤਾਰੀਖ ਨਹੀਂ ਦੇ ਸਕਦਾ ਕਿ ਸਾਡੇ ਕੋਲ ਇੱਕ ਟੀਕਾ ਆ ਜਾਵੇਗਾ। ਜਿਸ ਤਰ੍ਹਾਂ ਸਾਰਸ ਨਾਮ ਦੀ ਬਿਮਾਰੀ 18 ਸਾਲ ਪਹਿਲਾਂ ਹੋਈ ਸੀ ਅਤੇ ਅਜੇ ਵੀ ਸਾਰਸ ਲਈ ਕੋਈ ਟੀਕਾ ਨਹੀਂ ਹੈ।