ਮੋਗਾ ( ਮਿੰਟੂ ਖੁਰਮੀ)

ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਸਟਾਫ ਨਰਸ ਪਵਨਦੀਪ ਕੌਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਲ ਮਿਲਣ ‘ਤੇ ਹੈਰਾਨੀ ਹੋਈ। ਉਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਚਾਰੋ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਕੰਮ ਕਰ ਰਹੇ ਸਾਰੇ ਸਟਾਫ ਦੀ ਸਿਹਤ ਬਾਰੇ ਵੀ ਪੁੱਛਗਿੱਛ ਕੀਤੀ।
ਕੋਵਿਡ ਵਿਰੁੱਧ ਮੋਹਰਲੀ ਕਤਾਰ ਵਿੱਚ ਖੜ੍ਹ ਕੇ ਲੜਾਈ ਲੜ ਰਹੇ ਯੋਧਿਆਂ ਵਿੱਚ ਸ਼ਮਿਲ ਸਟਾਫ ਨਰਸ ਪਵਨਦੀਪ ਕੌਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਿਮਾਰੀ ਨੂੰ ਕੰਟਰੋਲ ਵਿੱਚ ਰੱਖਣ ਲਈ ਸੁਰੱਖਿਆ ਦੇ ਸਾਰੇ ਉਪਾਅ ਕਰਨ। ਪਵਨਦੀਪ ਨੇ ਮੈਡੀਕਲ ਅਤੇ ਪੈਰਾ ਮੈਡੀਕਲ ਸੇਫਟੀ ਗੀਅਰ, ਪੀਪੀਈ ਕਿੱਟਾਂ ਅਤੇ ਮਾਸਕ ਪ੍ਰਦਾਨ ਕਰਵਾਉਣ ਦੀ ਸੰਤੁਸ਼ਟੀ ਵੀ ਪ੍ਰਗਟਾਈ।
ਸਟਾਫ ਨਰਸ ਪਵਨਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਨੌਕਰੀ ਕਰ ਰਹੀ ਸੀ। ”ਮੈਨੂੰ ਹਮੇਸ਼ਾਂ ਪਤਾ ਸੀ ਕਿ ਮੇਰੀ ਨੌਕਰੀ ਮਹੱਤਵਪੂਰਣ ਹੈ। ਪਰ ਮੁੱਖ ਮੰਤਰੀ ਜੀ ਦੀ ਸਿੱਧੀ ਲਾਈਵ ਕਾਲ ਮੇਰੇ ਲਈ ਇਕ ਆਸ਼ੀਰਵਾਦ ਵਰਗਾ ਸੀ ਜਿਸ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਅਸੀਂ ਲੋਕ ਕਿੰਨੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਾਂ।” ਉਨ੍ਹਾਂ ਨੇ ਕਿਹਾ ਕਿ ਉਹਂ ਇਸ ਸਭ ਤੋ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਵੀ ਸਮਰਪਿਤ ਭਾਵਨਾ ਨਾਲ ਕੰਮ ਕਰੇਗੀ।