ਅਸ਼ੋਕ ਵਰਮਾ
ਬਠਿੰਡਾ,10 ਅਕਤੂਬਰ2020 ।ਬਠਿੰਡਾ, ਜ਼ਿਲੇ ਦੇ ਪਿੰਡ ਕਲਿਆਣ ਮਲਕਾ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਚਲਾਏ ਜਾ ਰਹੇ ਅਭਿਆਨ ਦਾ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਹਿੱਸਾ ਬਣਿਆ ਹੋਇਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ. ਬਹਾਦਰ ਸਿੰਘ ਨੇ ਸਾਂਝੀ ਕੀਤੀ।
ਸ. ਬਹਾਦਰ ਸਿੰਘ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਰਹਿੰਦ ਖ਼ੂੰਹਦ ਨੂੰ ਅੱਗ ਨਾ ਲਗਾ ਕੇ ਬਾਕੀ ਕਿਸਾਨਾਂ ਦੇ ਲਈ ਇੱਕ ਮਿਸਾਲ ਬਣਿਆ ਹੋਇਆ ਹੈ। ਉਨਾਂ ਦੱਸਿਆ ਕਿ ਕਿਸਾਨ ਆਪਣੀ ਫ਼ਸਲ ਸੁਪਰ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਕੱਟਣ ਤੋਂ ਬਾਅਦ ਬਚਦੀ ਹੋਈ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਪਹਿਲਾਂ ਤਾਂ ਮਲਚਰ ਨਾਲ ਬਾਰੀਕ ਕੂਤਰਦਾ ਹੈ ਅਤੇ ਫ਼ਿਰ ਉਸਨੂੰ ਆਧੁਨਿਕ ਸੰਦਾਂ ਨਾਲ ਜ਼ਮੀਨ ਵਿਚ ਹੀ ਵਾਅ ਦਿੰਦਾ ਹੈ।
ਉੱਚੀ ਸੋਚ ਰੱਖਣ ਵਾਲੇ ਕਿਸਾਨ ਦਾ ਕਹਿਣਾ ਹੈ ਕਿ ਜ਼ਮੀਨ ਦੀ ਰੋਟਾਵੇਟਰ ਨਾਲ ਵਹਾਈ ਕੀਤੀ ਜਾਂਦੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪਰਾਲੀ ਵਾਲੇ ਖੇਤਾਂ ਵਿੱਚ ਆਲੂਆਂ ਦੀ ਫ਼ਸਲ ਫਿਰ ਮੂੰਗੀ ਤੇ ਫ਼ਿਰ ਝੋਨਾ ਬੀਜਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਮੈਂਨੂੰ ਆਪਣੇ ਆਪ ‘ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣਾ ਯੋਗਦਾਨ ਪਾ ਰਿਹਾ ਹਾਂ ਅਤੇ ਫ਼ਸਲ ‘ਤੇ ਰਸਾਇਣਕ ਖ਼ਾਦਾਂ ਦੀ ਵਰਤੋਂ ਘੱਟ ਕੀਤੀ ਹੈ। ਉਸ ਨੇ ਕਿਹਾ ਕਿ ਆਲੂਆਂ ਦੀ ਕਾਸ਼ਤ ਤੋਂ ਬਾਅਦ ਆਲੂਆਂ ਦੀ ਕੁਆਲਿਟੀ ਵਧੀਆ ਤੇ ਰੇਟ ਵਿੱਚ ਵੀ ਵਾਧਾ ਮਿਲਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਤਿੰਨੇ ਫ਼ਸਲਾਂ ਦਾ ਰੇਟ ਵੀ ਚੋਖਾ ਪ੍ਰਾਪਤ ਹੋਇਆ ਅਤੇ ਝਾੜ ਵੀ ਚੰਗਾ ਮਿਲਿਆ ਹੈ।
ਨੌਜਵਾਨ ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਸਾਰੇ ਸਿਸਟਮ ਦੇ ਲਈ ਬਲਾਕ ਖੇਤੀਬਾੜੀ ਅਫ਼ਸਰਾਂ ਦਾ ਵੀ ਭਰਪੂਰ ਸਹਿਯੋਗ ਮਿਲਿਆ ਹੈ। ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਉਸ ਨੂੰ ਜ਼ਮੀਨ ਵਿਚ ਹੀ ਵਾਇਆ ਜਾਵੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ ਅਤੇ ਫ਼ਸਲ ਦਾ ਝਾੜ ਵੀ ਦੁੱਗਣਾ ਪ੍ਰਾਪਤ ਹੁੰਦਾ ਹੈ।