ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਸੋਮਵਾਰ ਨੂੰ
ਅਸ਼ੋਕ ਵਰਮਾ
ਬਠਿੰਡਾ,10ਅਕਤੂਬਰ2020। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਰਾਘਵੇਂਦਰ ਪੀ ਤਿਵਾੜੀ ਨੇ ਕਿਹਾ ਹੈ ਕਿ ਆਉਣ ਵਾਲੇ ਕੁੱਝ ਸਮੇਂ ਦੌਰਾਨ ਯੂਨੀਵਰਸਿਟੀ ਇਸ ਖੇਤਰ ’ਚ ਫੈਲੇ ਕੈਂਸਰ ਅਤੇ ਧਰਤੀ ਹੇਠਲੇ ਪਾਣੀ ’ਚ ਧਾਤਾਂ ਦੀ ਮਿਲਵਾਟ ਅਤੇ ਇੰਨਾਂ ਦੀ ਪੈਦਾਇਸ਼ ਸਬੰਧੀ ਖੋਜ ਕਾਰਜ ਸ਼ੁਰੂ ਕਰਨ ਜਾ ਰਹੀ ਹੈ। ਉਨਾਂ ਆਖਿਆ ਕਿ ਇਸ ਕੰਮ ਲਈ ਭਾਬਾ ਅਟੌਮਿਕ ਰਿਸਰਚ ਸੈਂਟਰ ਆਦਿ ਦਾ ਸਹਿਯੋਗ ਵੀ ਲਿਾ ਜਾਏਗਾ ਅਤੇ ਵਿਗਿਆਨੀ ਕੈਂਸਰ ਅਤੇ ਯੁਰੇਨੀਅਮ ਦੀ ਉਤਪਤੀ ਦਾ ਪਤਾ ਲਾਉਣਗੇ। ਉਨਾਂ ਕਿਹਾ ਕਿ ਭਾਵੇਂ ਇਸ ਦਿਸ਼ਾ ’ਚ ਪਹਿਲਾਂ ਵੀ ਕਾਫੀ ਖੋਜ ਕਾਰਜ ਕੀਤੇ ਜਾ ਚੁੱਕੇ ਹਨ ਫਿਰ ਵੀ ਇਸ ਕੰਮ ਨੂੰ ਹੋਰ ਵੀ ਤੇਜੀ ਨਾਲ ਅੱਗੇ ਵਧਾਇਆ ਜਾਏਗਾ। ਉਨਾਂ ਆਖਿਆ ਕਿ ਕਿਉਂਕਿ ਖੇਤੀ ਲਾਹੇਵੰਦ ਨਹੀਂ ਰਹੀ ਹੈ ਇਸ ਲਈ ਯੂਨੀਵਰਸਿਟੀ ਕਿਸਾਨਾਂ ਨੂੰ ਪਰਾਲੀ ਸਾੜਨ ਤੋ ਰੋਕਣ ਲਈ ਇਸ ਦਾ ਬਦਲ ਦੇਣ ਲਈ ਵੀ ਕੰਮ ਕਰੇਗੀ।
ਪ੍ਰੋਫੈਸਰ ਤਿਵਾੜੀ ਨੇ ਅੱਜ ‘ਮੀਟ ਦਾ ਪ੍ਰੈਸ’ ਪ੍ਰੋਗਰਾਮ ਤਹਿਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣਾ ਭਵਿੱਖ ਦਾ ਏਜੰਡਾ ਰੱਖਿਆ ਅਤੇ ਨਵੀਂ ਕੌਮੀ ਸਿੱਖਿਆ ਨੀਤੀ ਲਾਗੂ ਕਰਕੇ ਨੌਜਵਾਨਾਂ ਨੂੰ ਅਜੋਕੇ ਸਮੇਂ ਦੇ ਹਾਣੀ ਬਨਾਉਣ ਪ੍ਰਤੀ ਵੱਚਨਬੱਧਤਾ ਦੁਰਹਾਈ। ਪ੍ਰੋਫੈਸਰ ਤਿਵਾੜੀ ਨੇ ਆਖਿਆ ਕਿ 12 ਅਕਤੂਬਰ ਨੂੰ ਕੇਂਦਰੀ ਸਿੱਖਿਆ ਮੰਤਰੀ (ਡਾ.) ਰਮੇਸਸ਼ਪੋਖਰਿਆਲ ‘ਨਿਸ਼ਾਂਕ‘ ਵੱਲੋਂ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਘੁੱਦਾ ਵਿਖੇ ਬਣੇ ਅਤੀ ਆਧੁਨਿਕ ਨਵੇਂ ਕੈਂਪਸ ਦਾ ਆਨਲਾਈਨ ਉਦਘਾਟਨ ਕੀਤਾ ਜਾਏਗਾ ਜਦੋਂਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਇਸ ਸਮਾਗਮ ’ਚ ਸ਼ਿਰਕਤ ਕਰਨਗੇ। ਵਾਈਸ ਚਾਂਸਲਰ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ 11 ਵੱਖ ਵੱਖ ਇਮਾਰਤਾਂ ਦਾ ਉਦਘਾਟਨ ਕੀਤਾ ਜਾਏਗਾ। ਇਸ ਕੈਂਪਸ ਦਾ ਨੀਂਹ ਪੱਥਰ 7 ਸਤੰਬਰ 2015 ਨੂੰ ਤੱਤਕਾਲੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ, ਸ੍ਰੀਮਤੀ ਸਮਿ੍ਰਤੀ ਈਰਾਨੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ।
ਪ੍ਰੋ. ਤਿਵਾੜੀ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਨਵਾਂ ਕੈਂਪਸ 500 ਏਕੜ ਵਿਚ ਫੈਲਿਆ ਹੋਇਆ ਹੈ ਜੋ ਮੁਲਕ ਦਾ ਸਭ ਤੋਂ ਪਹਿਲਾਂ ਦਾ ਆਪਣਾ ਕੈਂਪਸ ਹੈ ਜਿਸ ਨੂੰ ਵਾਤਾਵਰਣ ਦੇ ਪੱਖ ਤੋਂ ਉਸਾਰਿਆ ਗਿਆ ਹੈ। ਉਨਾਂ ਦੱਸਿਆ ਕਿ ਫਿਲਹਾਲ ਕੈਂਪਸ ਵਿਚਲੇ 150 ਏਕੜ ਦੀ ਵਰਤੋਂ ਕੀਤੀ ਗਈ ਹੈ ਪਰ ਅਗਲੇ ਕੁੱਝ ਸਮੇਂ ਦੌਰਾਨ ਬਾਕੀ 350 ਏਕੜ ’ਚ ਵਪਾਰਕ ਅਤੇ ਵਾਤਾਵਰਨ ਦੇ ਪੱਖ ਤੋਂ ਦਰੱਖਤ ਲਾਏ ਜਾਣਗੇ। ਉਨਾਂ ਦੱਸਿਆ ਕਿ ਇਸ ਇਮਾਰਤ ਤੇ 200 ਕਰੋੜ ਤੋਂ ਵੱਧ ਦੀ ਲਾਗਤ ਆਈ ਹੈ ਜਿਸ ’ਚ ਫੈਕਲਟੀ ਲਈ ਰਿਹਾਇਸ਼ ਅਤੇ ਲੜਕੇ ਤੇ ਲੜਕੀ ਵਿਦਿਆਰਥੀਆਂ ਲਈ ਵੱਖ ਵੱਖ ਹੋਸਟਲ ਸੁਵਿਧਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰਾਂ ਹੀ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਯੂਨੀਵਰਸਿਟੀ ’ਚ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਾਟਰ ਟਰੀਟਮੈਂਟ ਪਲਾਂਟ ਵੀ ਲਾਇਆ ਗਿਆ ਹੈ ਅਤੇ ਭੋਜਨ ਲਈ ਇੱਕ ਸਾਂਝੀ ਮੈਸ ਵੀ ਬਣਾਈ ਗਈ ਹੈ।
ਉਨਾਂ ਦੱਸਿਆ ਕਿ ਭਾਵੇਂ ਯੂਨੀਵਰਸਿਟੀ ’ਚ ਸਾਰੇ ਹੀ ਸੂਬਿਆਂ ਦੇ ਵਿਦਿਆਰਥੀ ਹਨ ਪਰ ਪੰਜਾਬ ਦੇ ਬੱਚਿਆਂ ਦੀ ਘਾਟ ਹੈ ਜਿਸ ਨੂੰ ਦੂਰ ਕਰਨ ਲਈ ਜਾਗਰੁਕਤਾ ਮੁਹਿੰਮ ਚਲਾਈ ਜਾਏਗੀ। ਉਨਾਂ ਦੱਸਿਆ ਕਿ ਹੋਰਨਾਂ ਅਦਾਰਿਆਂ ਦੇ ਮੁਕਾਬਲੇ ’ਚ ਯੂਨੀਵਰਸਿਟੀ ਦੀਆਂ ਫੀਸਾਂ ਕਾਫੀ ਘੱਟ ਹਨ ਜਿਸ ਦਾ ਲਾਹਾ ਲੈਣ ਲਈ ਨੌਜਵਾਨਾਂ ਨੂੰ ਅੱਗੇ ਆੳਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਖੋਜ ਕਾਰਜਾਂ ਲਈ 114 ਲੈਬਜ਼ ਬਣਾਈਆਂ ਗਈਆਂ ਹਨ ਜੋਕਿ ਇੱਕ ਰਿਕਾਰਡ ਹੈ। ਇਸ ਤੋਂ ਬਿਨਾਂ ਲਾਇਬਰੇਰੀ ’ਚ ਅਤੀਆਧੁਨਿਕ ਸਾਜੋ ਸਮਾਨ ਮੌਜੂਦ ਹੈ ਜੋ ਵਿਦਿਆਰਥੀਆਂ ਨੂੰ ਅੱਗੇ ਵਧਣ ’ਚ ਸਹਾਈ ਹੋਵੇਗਾ। ਉਨਾਂ ਦੱਸਿਆ ਕਿ ਕੈਂਪਸ ਦੇ ਅੰਦਰ ਸਿੱਖਿਆ ਤੇ ਖੋਜ ਦੇ ਕੰਮਾਂ ਨੂੰ ਮਿਆਰੀ ਬਣਾਇਆ ਜਾਏਗਾ। ਪ੍ਰੋਫੈਸਰ ਤਿਵਾੜੀ ਨੇ ਕਿਹਾ ਕਿ ਦਾਖਲੇ ਲਈ ਕਾਮਨ ਐਂਟਰੈਂਸ ਟੈਸਟ ਵਾਸਤੇ ਪੰਜਾਬ ਦੇ ਬੱਚਿਆਂ ਨੂੰ ਯੂਨੀਵਰਸਿਟੀ ’ਚ ਤਿਆਰੀ ਵੀ ਕਰਵਾਈ ਜਾਏਗੀ। ਇਸੋ ਮੌਕੇ ਉਨਾਂ ਵੱਖ ਵੱਖ ਮੁੱਦਿਆਂ ਨੂੰ ਲੈਕੇ ਆਪਣੇ ਵਿਚਾਰ ਰੱਖੇ ਅਤੇ ਹੋਰਨਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਸਿੱਖਿਆ ਵਧੀਆ ਬਨਾਉਣਾ ਦਾ ਦਿ੍ਰੜ ਨਿਸਚਾ ਦੁਰਹਾਇਆ।