ਅਸ਼ੋਕ ਵਰਮਾ
ਬਠਿੰਡਾ,7ਅਕਤੂਬਰ2020: ਸਾਬਕਾ ਮੰਤਰੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਨਰਮੇ ਦੀ ਖਰੀਦ ਨਾਂ ਸ਼ੁਰੂ ਕਰਨ ਦੀ ਸੂਰਤ ’ਚ ਭਾਰਤੀ ਕਪਾਹ ਨਿਗਮ ਦਾ ਦਫਤਰ ਘੇਰਨ ਦਾ ਐਲਾਨ ਕੀਤਾ ਹੈ। ਮਲੂਕਾ ਨੇ ਅੱਜ ਬਠਿੰਡਾ ਮੰਡੀ ’ਚ ਨਰਮੇ ਦੀ ਖਰੀਦ ਦਾ ਜਾਇਜਾ ਲਿਆ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਦਰਸ਼ਨ ਸਿੰਘ ਕੋਟਫੱਤਾ ਨੂੰ ਨਾਲ ਲੈਕੇ ਕਪਾਹ ਨਿਗਮ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਸਾਬਕਾ ਮੰਤਰੀ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਪਾਹ ਦੀ ਖਰੀਦ ਵਿੱਚ ਸੀ.ਸੀ.ਆਈ ਦੇ ਅਧਿਕਾਰੀ ਖਰੀਦ ਵਿੱਚ ਦਿਲਚਸਪੀ ਨਹੀ ਦਿਖਾ ਰਹੇ ਹਨ ਅਤੇ ਉਨਾਂ ਦੀ ਗੈਰ ਮੌਜੂਦਗੀ ਵਿੱਚ ਪ੍ਰਾਈਵੇਟ ਵਪਾਰੀਆ ਵੱਲੋਂ ਘੱਟ ਰੇਟ ਤੇ ਨਰਮੇ ਤੇ ਕਪਾਹ ਦੀ ਖਰੀਦ ਕੀਤੀ ਜਾ ਰਹੀ ਹੈ।
ਮਲੂਕਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਮਸਲੇ ਦੇ ਜਲਦੀ ਹੱਲ ਦਾ ਵਿਸ਼ਵਾਸ਼ ਦਵਾਇਆ ਅਤੇ ਕਪਾਹ ਤੇ ਨਰਮੇ ਦੀ ਖਰੀਦ ਲਈ ਬਠਿੰਡਾ ਦੇ ਨਾਲ ਲੱਗਦੀਆ ਕੁੱਝ ਬੰਦ ਪਈਆਂ ਮੰਡੀਆਂ ਖੋਲਣ ਦਾ ਵੀ ਵਾਅਦਾ ਕੀਤਾ ਹੈ। ਮਲੂਕਾ ਨੇ ਕਿਹਾ ਕਿ ਬੇਸ਼ੱਕ ਅਧਿਕਾਰੀਆ ਨੇ ਨਰਮੇ ਦੀ ਖਰੀਦ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ ਫਿਰ ਵੀ ਜੇਕਰ ਕਿਸਾਨਾਂ ਦੀਆਂ ਸਮੱਸਿਆਵਾ ਹੱਲ ਨਾ ਕੀਤੀਆਂ ਅਤੇ ਵਾਅਦਾ ਵਫਾ ਨਾ ਕਰਨ ਦੀ ਸੂਰਤ ਵਿੱਚ ਅਕਾਲੀ ਦਲ ਸੀ.ਸੀ.ਆਈ ਦਫਤਰ ਦਾ ਘਰਾਓ ਕਰੇਗਾ। ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ, ਬਲਕਾਰ ਸਿੰਘ ਬਰਾੜ, ਰਾਜਵਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਸੋਹੀ,ਸੁਖਦੇਵ ਸਿੰਘ ਚਹਿਲ, ਚਮਕੌਰ ਮਾਨ, ਓਮ ਪ੍ਰਕਾਸ਼ ਸ਼ਰਮਾਂ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਹਾਜਰ ਸਨ।