ਅਸ਼ੋਕ ਵਰਮਾ
ਬਠਿੰਡਾ,7ਅਕਤੂਬਰ2020: ਬਠਿੰਡਾ ਜਿਲੇ ’ਚ ਟੋਲ ਪਲਾਜਿਆਂ, ਤੇਲ ਪੰਪਾਂ ਅਤੇ ਸ਼ਾਪਿੰਗ ਮਾਲਾਂ ਅੱਗ ਚੱਲ ਰਹੇ ਮੋਰਚਿਆਂ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਵਹਿਸ਼ੀਆਨਾ ਜਬਰ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਇਸ ਨੂੰ ਖੱਟਰ ਸਰਕਾਰ ਦੀ ਡਾਂਗ ਨਾਲ ਦਬਾਉਣ ਦੀ ਨੀਤੀ ਕਰਾਰ ਦਿੰਦਿਆਂ ਪਿੱਛੇ ਹਟਣ ਦੀ ਥਾਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬਾਕੀ ਗੱਲਾਂ ਇੱਕ ਪਾਸੇ ਰੱਖ ਦੇਈਏ ਤਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ਅਤੇ ਮਲੋਟ ਰੈਲੀ ’ਚ ਖੇਤੀ ਸਬੰਧੀ ਕੀਤੇ ਵਾਅਦੇ ਨਾਂ ਕੇਵਲ ਵੋਟਾਂ ਬਟੋਰਨ ਵਾਲੇ ਨਿਕਲੇ ਹਨ ਬਲਕਿ ਬਲਕਿ ਹੁਣ ਤਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖਣ ਵੱਲ ਤੁਰ ਪਈ ਹੈ।
ਓਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਅੱਜ ਸੱਤਵੇਂ ਦਿਨ ਵੀ ਵੀ ਜਿਲੇ ਵਿੱਚ ਸਰਮਾਏਦਾਰਾਂ ਦੇ ਛੇ ਥਾਵਾਂ ਤੇ ਕਾਰੋਬਾਰ ਨੂੰ ਠੱਪ ਰੱਖਿਆ ਅਤੇ ਬਣਾਂਵਾਲੀ ਥਰਮਲ ਪਲਾਂਟ ਅੱਗੇ ਮਾਨਸਾ ਜਿਲੇ ਨਾਲ ਸਾਂਝਾ ਧਰਨਾ ਜਾਰੀ ਹੈ। ਸਟੇਜ ਦੀ ਕਾਰਵਾਈ ਸੁਰੂ ਕਰਨ ਤੋਂ ਪਹਿਲਾਂ ਮੌਜੂਦਾ ਘੋਲ਼ ਦੇ ਦੋ ਹੋਰ ਸ਼ਹੀਦਾਂ ਵਜੀਰ ਸਿੰਘ ਕਿਸ਼ਨਗੜ (ਮਾਨਸਾ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਯਸ਼ਪਾਲ ਸਿੰਘ ਮਹਿਲ ਕਲਾਂ (ਬਰਨਾਲਾ) ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਦੋਨਾਂ ਨੂੰ ਅੱਜ ਧਰਨਿਆਂ ਦੌਰਾਨ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਘੇ ਨਾਟਕਕਾਰ ਡਾ ਸਾਹਿਬ ਸਿੰਘ ਵੱਲੋਂ‘ ‘ ਰੰਗਕਰਮੀ ਦਾ ਬੱਚਾ ‘ ਨਾਟਕ ਖੇਡਿਆ ਗਿਆ।
ਅੱਜ ਦੇ ਮੁੱਖ ਬੁਲਾਰੇ ਸੂਬਾ ਕਾਰਜਕਾਰੀ ਸਕੱਤਰ ਹਰਿੰਦਰ ਕੌਰ ਬਿੰਦੂ , ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ , ਹਰਜਿੰਦਰ ਸਿੰਘ ਬੱਗੀ , ਰਾਜਵਿੰਦਰ ਸਿੰਘ ਰਾਮਨਗਰ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸ਼ਰਮਾ ਸ਼ਾਮਲ ਸਨ। ਅੱਜ ਜੀਦਾ ਟੋਲ ਪਲਾਜੇ ਵਾਲੇ ਧਰਨੇ ਦੀ ਇਹ ਖਾਸੀਅਤ ਰਹੀ ਕਿ ਕਿਸਾਨ ਪ੍ਰੀਵਾਰਾਂ ਦੀਆਂ ਮੁਟਿਆਰਾਂ ਧੀਆਂ ਨੇ ਵੀ ਇੱਥੇ ਮੋਰਚੇ ’ਚ ਭਾਗ ਲਿਆ। ਭਾਵੇਂ ਇਨਾਂ ਲੜਕੀਆਂ ਦੀ ਗਿਣਤੀ ਵੱਡੀ ਨਹੀਂ ਲੇਕਿਨ ਇਨਾਂ ਦਾ ਜਜ਼ਬਾ ਵੱਡਾ ਹੈ। ਇੰਨਾਂ ਲੜਕੀਆਂ ਨੇ ਮੋਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜਨ ਦੀ ਨਸੀਹਤ ਦਿੱਤੀ। ਉਨਾਂ ਆਖਿਆ ਕਿ ਜਦੋਂ ਗੱਲ ਪੈਲੀਆਂ ਤੱਕ ਆਣ ਪੁੱਜੀ ਹੈ ਤਾਂ ਘਰਾਂ ’ਚ ਬੈਠਣਾ ਫਜੂਲ ਹੈ।
ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਨਾ ਸਿਰਫ਼ ਕਿਸਾਨ ਬਲਕਿ ਹਰ ਵਰਗ ’ਤੇ ਮਾਰੂ ਸਾਬਤ ਹੋਣਗੇ, ਜਿਸ ਕਰਕੇ ਇਨਾਂ ਖ਼ਿਲਾਫ਼ ਇਕੱਠੋ ਹੋ ਕੇ ਲੜਾਈ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਮੋਦੀ, ਅੰਬਾਨੀ ਤੇ ਅਡਾਨੀ ਮਿਲਕੇ ਖੇਤੀਬਾੜੀ ਦੀਆਂ ਨੀਹਾਂ ਨੂੰ ਤਬਾਹ ਕਰਨ ਦਾ ਯਤਨ ਰਹੇ ਹਨ ਪਰ ਸਮੂਹ ਪੰਜਾਬੀਆਂ ਵੱਲੋਂ ਇਸ ਤਿੱਕੜੀ ਦੇ ਮਨਸੂਬਿਆਂ ਨੂੰ ਫੇਲ ਕੀਤਾ ਜਾਏਗਾ। ਬੁਲਾਰਿਆਂ ਨੇ ਮੰਗ ਕੀਤੀ ਹੈ ਖੇਤੀ ਵਿਰੋਧੀ ਇਹ ਕਾਨੂੰਨ ਰੱਦ ਕੀਤੇ ਜਾਣ, ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ ਤੋਂ 50 ਫੀਸਦੀ ਤੋਂ ਉੱਪਰ ਮੁਨਾਫੇ ਤੇ ਮਿਥ ਕੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ,ਸਾਰੇ ਬੇਦੋਸ਼ੇ ਗਿ੍ਰਫਤਾਰ ਕੀਤੇ ਲੇਖਕਾਂ,ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।
ਅੱਜ ਦੇ ਇਕੱਠ ਵੱਲੋਂ ਹਰਿਆਣੇ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਿਰੁੱਧ ਸ਼ਹਿਰ ਦੇ ਚੌਕ ਵਿੱਚ ਲਾਏ ਗਏ ਪੱਕੇ ਮੋਰਚੇ ਦੀ ਜੋਰਦਾਰ ਹਮਾਇਤ ਵਿੱਚ ਨਾਅਰਿਆਂ ਨਾਲ ਮਤਾ ਪਾਸ ਕੀਤਾ ਗਿਆ। ਉਪਰੋਕਤ ਇੰਨਾਂ ਬੁਲਾਰਿਆਂ ਤੋਂ ਇਲਾਵਾ ਨਿੱਕਾ ਸਿੰਘ ਜੇਠੂਕੇ, ਦਰਸਨ ਸਿੰਘ ਮਾਈਸਰਖਾਨਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ,ਮਾਲਣ ਕੌਰ ਕੋਠਾ ਗੁਰੂ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਸੁਖਪ੍ਰੀਤ ਕੌਰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਸੇਵਕ ਸਿੰਘ ਸਰਜਾ ਮਹਿਮਾ ਅਤੇ ਡੀ ਟੀ ਐਫ ਦੇ ਜਿਲਾ ਸਕੱਤਰ ਬਲਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।