ਰਜਨੀ ਵਾਲੀਆ
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਦੱਸ ਹੁਣ ਮਾਲਕਾ ਕੀ,
ਮਰਜੀਆਂ ਨੇਂ ਤੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਸਰੂ ਜਿਹੇ ਪੁੱਤ ਸਾਰੇ,
ਨਸਿ਼ਆਂ ਨੇਂ ਰੋਲ ਤੇ |
ਆਂਦਰਾਂ ਨੂੰ ਰੋਲਿਆ ਤੇ,
ਭੇਦ ਸਾਰੇ ਖੋਲਤੇ |
ਮੁੜਦਿਆਂ-ਮੁੜਦਿਆਂ ਤੂੰ,
ਲਾਈਆਂ ਕਾਹਤੋਂ ਦੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਚਿੱਟਾ ਵੇਚ-ਵੇਚ ਕਰ,
ਬੰਗਲੇ ਤਿਆਰ ਲਏ |
ਆਪਣੇਂ ਤਾਂ ਸਾਂਭ ਲਏ,
ਬੇਗਾਨੇਂ ਪੁੱਤ ਮਾਰ ਲਏ |
ਮੌਤ ਹੁਣ ਲਾਉਂਦੀ ਆ ਕੇ,
ਘਰੋ-ਘਰੀ ਫੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਚਿੱਟਾ ਪੀ-ਪੀ ਪੁੱਤਰਾਂ ਨੇਂ,
ਨਾਸ ਕਰ ਆਪ ਲਏ |
ਪੁੱਤਾਂ ਸਿਰ ਮੁੰਨ ਲਏ ਤੇ,
ਮਾਪਿਆਂ ਨੇ ਜਾਪ ਲਏ |
ਟੁੱਕਿਆ ਏ ਨਸਿ਼ਆਂ ਜਿਉਂ,
ਟੁੱਕੀਏ ਗਨੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਸੂਈਆਂ ਮਾਰ ਵਿੰਨ ਲਏ,
ਨੇ ਪੁੱਤਰਾਂ ਨੇ ਗੁੱਟ ਨੀ |
ਮਾਵਾਂ ਕੋਲੋਂ ਪੀਤਾ ਨਹੀ,
ਜਾਂਦਾ ਪਾਣੀਂ ਘੁੱਟ ਨੀ |
ਨੀ ਭੈਣਾਂ ਵੀਰਾਂ ਵਾਸਤੇ,
ਨੇ ਰੋਈਆਂ ਬਥੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਅੱਜ ਪੁੱਤਰ ਦੀ ਲਾਸ਼ ਨੂੰ,
ਮੋਢਾ ਦੇ ਕੇ ਰੋਂਦਾ ਏ |
ਰੱਬਾ ਦੱਸ ਪੁੱਤ ਮਰੇ,
ਪਿਉ ਕਿਹੜਾ ਚਾਹੁੰਦਾ ਏ |
ਜਿੰਨੂ ਕਦੇ ਹੱਥੀਂ ਸੀ,
ਦੇਂਦਾ ਹਾਲਾਸੇ਼ਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |
ਰਜਨੀ ਸਕੂਨ ਪਿਓ ਦਾ ਮਰਿਆ,
ਤੇ ਆਸ ਮਾਂ ਦੀ ਮਰ ਗਈ |
ਨਾ ਜਿੱਤੀ ਅਰਦਾਸ ਅੱਜ,
ਭੈਣ ਦੀ ਵੀ ਹਰ ਗਈ |
ਦੱਸ ਹੋ ਗਈਆਂ ਉਡੀਕਾਂ,
ਰੱਬਾ ਕਾਸਤੋਂ ਲਮੇਰੀਆਂ |
ਚਾਰੇ ਪਾਸੇ ਝੁੱਲੀਆਂ ਨੇਂ ,
ਜਿੱਦਾਂ ਏ ਹਨੇਰੀਆਂ |