ਰਜਨੀ ਵਾਲੀਆ
ਕਪੂਰਥਲਾ ।
ਜਯੋਤੀ ਜੀ ਦੀ ਕਿਤਾਬ ਖ਼ਿਲਾਫ਼ -ਏ-ਦਸਤੂਰ ਪ੍ਰਾਪਤ ਹੋਈ । ਜਿਵੇਂ ਜਿਵੇਂ ਕਿਤਾਬ ਪੜ੍ਹੀ ਇਹ ਅਹਿਸਾਸ ਹੋਇਆ ਕਿ ਏਨੇ ਖੁੱਲ੍ਹੇ ਢੰਗ ਨਾਲ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਫ਼ਾ ਨੰਬਰ 44 ਤੇ ਮੁਹੱਬਤ ਵਿੱਚ ਜਦੋਂ ਉਹ ਲਿਖਦੇ ਨੇ ਕਿ ਇਤਿਹਾਸ ਗਵਾਹ ਹੈ ਕਿ ਮਰਦ ਨੂੰ ਸੰਨਿਆਸ ਦੀ ਜਰੂਰਤ ਪਈ ਔਰਤ ਨੂੰ ਨਹੀਂ ।ਤਾਂ ਸੱਚ ਹੀ ਲਿਖਦੇ ਕਿ ਮਰਦ ਕੋਲ ਸਭ ਬਹਾਨੇ ਹੁੰਦੇ ਨੇ ਖ਼ੁਦ ਨੂੰ ਆਜ਼ਾਦ ਰੱਖਣ ਦੇ ।ਔਰਤ ਦੀ ਜਾਤ ਦਾ ਭੰਵਰ ਤਾਂ ਬਾਕਮਾਲ ਲੇਖ ਹੈ।ਜਦੋਂ ਇਹ ਲਿਖਦੇ ਹਨ ਕਿ ਜੇ ਤੁਸੀਂ ਆਪਣੇ ਕੰਮਾਂ ਵਿੱਚ ਬੇਹੱਦ ਖੁਭੇ ਹੋਏ ਹੋ ਤਾਂ ਜਾਤ ਪਤੀ ਦੀ ਲੱਗੇ ਜਾਂ ਪਿਤਾ ਦੀ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ।
“ਨਾਰੀ ਦੀ ਸੁਤੰਤਰਤਾ”,”ਰੋਲ ਮਾਡਲ ” ,ਵੀ ਬੜਾ ਕੁੱਝ ਸਿਖਾ ਜਾਂਦੇ ।ਸਭ ਤੋਂ ਵਧੀਆ ਲੱਗਾ ਲੇਖ “ਪਿਆਰ ਦਾ ਇੱਕ ਰੰਗ ਇਹ ਵੀ ” ਇਸ ਵਿਚਲੀ ਜ਼ਿੰਦਗੀ ਦੀ ਸੱਚਾਈ ਕਦੇ ਕਦੇ ਇਨਸਾਨ ਨੂੰ ਕਿਵੇਂ ਇਕੱਲਾ ਕਰ ਦਿੰਦੀ ਬਾਰੇ ਦੱਸਦੀ ਹੈ ਤੇ ਔਰਤ ਦੀ ਕੁਰਬਾਨੀ ਦੀ ਮਿਸਾਲ ਹੈ । ਇਸ ਕਿਤਾਬ ਦਾ ਇੱਕ ਹੋਰ ਲੇਖ ਜੋ ਮੈਨੂੰ ਸਭ ਤੋਂ ਪ੍ਰਭਾਵਿਤ ਕਰ ਗਿਆ “ਉਹ ਹੈ ਮੈਨੂੰ ਛੁੱਟੀ ਨਹੀਂ ਚਾਹੀਦੀ ਹੈ ।” ਇਸ ਵਿੱਚ ਇੱਕ ਜਗ੍ਹਾ ਜਯੋਤੀ ਜੀ ਨੇ ਲਿਖਿਆ ਹੈ ਕਿ ਮੇਰਾ ਜੀਅ ਕਰਦਾ ਹੈ ਇਤਿਹਾਸ ਦੇ ਉਹ ਸਾਰੇ ਪੰਨੇ ਫਾੜ ਦੇਵਾਂ ਜੋ ਔਰਤ ਦੀਆਂ ਤ੍ਰਾਸਦੀਆਂ ਨਾਲ ਲਬਾਲਬ ਹਨ ।ਜਾਂ ਜਦੋਂ ਇਹ ਲਿਖਿਆ ਕਿ ਮੰਨ ਲਵੋ ਤੁਸੀਂ ਕੋਈ ਪਹਿਚਾਣ ਨਹੀਂ ਬਣਾਈ ਤੇ ਤੁਸੀਂ ਜਿਉਣ ਦੇ ਹੱਕਦਾਰ ਨਹੀਂ ? ਅੱਜ ਸਾਡਾ ਜੋ ਵੀ ਜੀਵਨ ਹੈ ,ਉਹ ਸਿਰਫ਼ ਬਗ਼ਾਵਤੀ ਔਰਤਾਂ ਕਾਰਨ ਹੈ ਤੇ ਉਹਨਾਂ ਮਰਦਾਂ ਕਾਰਨ ਵੀ ਜਿਹਨਾਂ ਨੇ ਔਰਤ ਨੂੰ ਇਨਸਾਨ ਸਮਝਿਆ ।