7.9 C
United Kingdom
Saturday, March 7, 2026

More

    ਦਿੱਲੀ ਸਿੱਖ ਕਤਲੇਆਮ ਦੇ ਅਹਿਮ ਗਵਾਹ ਅਭਿਸ਼ੇਕ ਵਰਮਾ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਨਾ ਦੇ ਕੇ ਕੀਤੀ ਅਦਾਲਤੀ ਆਦੇਸ਼ਾਂ ਦੀ ਹੁਕਮ ਅਦੂਲੀ

    ? ਅਭਿਸ਼ੇਕ ਦੀ ਸੁਰੱਖਿਆ ਦੇ ਟਾਲਮਟੋਲ ਨਾਲ 1984 ਦੇ ਹੋਰ ਕੇਸਾਂ ਦੇ ਗਵਾਹਾਂ ਤੇ ਪੈ ਸਕਦਾ ਹੈ ਅਸਰ: ਨਿਰਪ੍ਰੀਤ ਕੌਰ ਅਤੇ ਜਗਸ਼ੇਰ ਮੱਲੀ 
    ਨਵੀਂ ਦਿੱਲੀ 6 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਬੀਤੀ 28 ਸਤੰਬਰ ਨੂੰ ਅਦਾਲਤ ਵਲੋਂ ਦਿੱਲੀ ਪੁਲਿਸ ਨੂੰ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦਾ ਨਿਰਦੇਸ਼ ਦੇਣ ਦੇ ਬਾਵਜੂਦ ਹਾਲੇ ਤਕ ਉਸਨੂੰ ਸੁਰੱਖਿਆ ਨਹੀਂ ਦਿਤੀ ਗਈ ਹੈ ਜਿਸ ਕਰਕੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗਵਾਹ ਅਤੇ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੇ ਦਿੱਲੀ ਪੁਲਿਸ ਖ਼ਿਲਾਫ਼ ਹੁਕਮ ਅਦੂਲੀ ਦੀ ਪਟੀਸ਼ਨ ਅਪਣੇ ਵਕੀਲ ਮਨਿੰਦਰ ਸਿੰਘ ਰਾਹੀ ਦਾਖ਼ਲ ਕੀਤੀ ਹੈ। ਪਟੀਸ਼ਨ ‘ਤੇ ਜਸਟਿਸ ਸੰਜੀਵ ਸਚਦੇਵਾ ਦੇ ਬੈਂਚ ਨੇ ਦਿੱਲੀ ਪੁਲਿਸ ਦੇ ਦੋ ਸੀਨੀਅਰ ਅਧਿਕਾਰੀਆਂ ਤੋਂ ਪੁੱਛਿਆ ਹੈ ਕਿ 18 ਅਗਸਤ ਨੂੰ ਹੇਠਲੀ ਅਦਾਲਤ ਵੱਲੋਂ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਦੀ ਸੁਰੱਖਿਆ ਕਿਉਂ ਜਾਰੀ ਨਹੀਂ ਰੱਖੀ ਗਈ.? ਪੁਲਿਸ ਦੇ ਵਕੀਲ ਸ਼ਿਖਰ ਸ਼ੀਲ ਨੇ ਜਦੋਂ ਕਿਹਾ ਕਿ ਪੁਲਿਸ ਸਕਿਓਰਿਟੀ ਅਸੈਸਮੈਂਟ ਦੀ ਸਮੀਖਿਆ ਕਰ ਰਹੀ ਹੈ ਤਾਂ ਬੈਂਚ ਨੇ ਸਵਾਲ ਕੀਤਾ ਕਿ ਜੇਕਰ ਇਸ ਦੌਰਾਨ ਦੰਗੇ ਦੇ ਅਹਿਮ ਗਵਾਹ ਨੂੰ ਕੁਝ ਹੋ ਗਿਆ ਤਾਂ ਕੀ ਹੋਵੇਗਾ। ਅਭਿਸ਼ੇਕ ਵਰਮਾ ਨੇ ਦੱਖਣੀ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਤੇ ਡਿਪਟੀ ਕਮਿਸ਼ਨ ਖ਼ਿਲਾਫ਼ ਦਿੱਲੀ ਹਾਈ ਕੋਰਟ ‘ਚ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਪਹਿਲਾਂ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਦੀ 24 ਘੰਟੇ ਸੁਰੱਖਿਆ ਲਈ ਤਿੰਨ ਪੁਲਿਸ ਮੁਲਾਜ਼ਮ ਉਪਲਬਧ ਕਰਵਾਏ ਗਏ ਸਨ। 28 ਸਤੰਬਰ ਨੂੰ ਇਕ ਹੋਰ ਸਿੰਗਲ ਬੈਂਚ ਨੇ ਵੀ ਪੁਲਿਸ ਨੂੰ ਵਰਮਾ ਦੀ ਸੁਰੱਖਿਆ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਮੱਲੀ ਜੋ ਕੀ ਦਿੱਲੀ ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਿਕ ਜੀਆਂ ਨੂੰ ਗੁਆ ਚੁੱਕੇ ਹਨ ਤੇ ਕਈ ਮਾਮਲਿਆਂ ਅੰਦਰ ਟਾਈਟਲਰ ਅਤੇ ਸੱਜਣ ਕੁਮਾਰ ਦੇ ਖਿਲਾਫ ਅਹਿਮ ਗਵਾਹ ਹਨ,  ਨੇ ਕਿਹਾ ਕੀ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਗਵਾਹਾਂ ਨੂੰ ਸੁਰੱਖਿਆ ਦੇਣੀ ਮੌਜੂਦਾ ਸਰਕਾਰ ਅਤੇ ਦਿੱਲੀ ਪੁਲਿਸ ਦਾ ਕੰਮ ਹੈ । ਅਭਿਸ਼ੇਕ ਦੀ ਸੁਰੱਖਿਆ ਵਾਪਿਸ ਲੈਣ ਉਪਰੰਤ ਅਦਾਲਤ ਵਲੋਂ ਆਦੇਸ਼ ਦੇਣ ਦੇ ਬਾਵਜੂਦ ਗਵਾਹ ਨੂੰ ਸੁਰੱਖਿਆ ਨਾਂ ਦੇਣ ਨਾਲ 1984 ਦੇ ਬਾਕੀ ਚਲ ਰਹੇ ਕੇਸਾਂ ਦੇ ਗਵਾਹਾਂ ਤੇ ਇਸਦਾ ਅਸਰ ਪੈ ਸਕਦਾ ਹੈ ਤੇ ਓਹ ਅਦਾਲਤ ਅੰਦਰ ਗਵਾਹੀ ਦੇਣ ਲਈ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੋ ਸਕਦੇ ਹਨ ਇਸ ਲਈ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਜਲਦ ਤੋਂ ਜਲਦ ਵਰਮਾ ਦੀ ਸੁਰੱਖਿਆ ਬਹਾਲ ਕਰਨੀ ਚਾਹੀਦੀ ਹੈ । ਦਿੱਲੀ ਕਮੇਟੀ ਦੀ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਭਿਸ਼ੇਕ ਵਰਮਾ ਮਾਮਲੇ ਵਿਚ ਅਹਿਮ ਗਵਾਹ ਹੈ ਇਸ ਕਰਕੇ ਇਸ ਨੂੰ ਜਲਦ ਤੋਂ ਜਲਦ ਸੁਰੱਖਿਆ ਮਿਲਣੀ ਚਾਹੀਦੀ ਹੈ ਜਿਸ ਕਰਕੇ ਹੋਰ ਮਾਮਲਿਆਂ ਦੇ ਗਵਾਹਾਂ ਤੇ ਇਸਦਾ ਅਸਰ ਨਾ ਪਵੇ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਨੂੰ ਹੋਵੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!