4.4 C
United Kingdom
Sunday, March 8, 2026

More

    ਕਿਸਾਨ ਮੋਰਚੇ ’ਚ ਖੇਤੀ ਕਾਨੂੰਨਾਂ ਦੇ ਨਾਲ ਨਾਲ ਗੂੰਜਿਆ ਹਾਥਰਸ ਕਾਂਡ

    ਅਸ਼ੋਕ ਵਰਮਾ
    ਚੰਡੀਗੜ,5ਅਕਤੂਬਰ2020। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਅਣਮਿਥੇ ਸਮੇਂ ਦੇ ਸਾਂਝੇ ਸੰਘਰਸ਼ ਨਾਲ ਤਾਲਮੇਲ ਵਜੋਂ ਦਿੱਤੇ ਧਰਨਿਆਂ ਦੌਰਾਨ ਹਾਥਰਸ ਕਾਂਡ ਵੀ ਛਾਇਆ ਰਿਹਾ। ਅੱਜ ਜੱਥੇਬੰਦੀ ਨੇ 13 ਜਿਲਿਆਂ ‘ਚ ਅੱਜ 50 ਥਾਂਵਾਂ ‘ਤੇ  ਅਣਮਿਥੇ ਸਮੇਂ ਦੇ ਧਰਨੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਥਾਂ ਥਾਂ ਮਤੇ ਪਾਸ ਕਰਕੇ ਹਾਥਰਸ ਯੂ ਪੀ ਵਿਖੇ ਭਾਜਪਾ ਯੋਗੀ ਸਰਕਾਰ ਦੀ ਸ਼ਹਿ ਪ੍ਰਾਪਤ ਧਨਾਡਢ ਘਰਾਣਿਆਂ ਨਾਲ ਸਬੰਧਤ ਉੱਚ ਜਾਤੀ ਗੁੰਡਿਆਂ ਵੱਲੋਂ ਦਲਿਤ ਲੜਕੀ ਨਾਲ ਬਲਾਤਕਾਰ ਕਰਨ ਮਗਰੋਂ ਵਹਿਸ਼ੀ ਢੰਗ ਨਾਲ ਕਤਲ ਕਰਨ ਦੀ ਦਿਲ ਕੰਬਾਊ ਘਟਨਾ ਦੀ ਸਖਤ ਨਿਖੇਧੀ ਕਰਦਿਆ ਦੋਸ਼ੀਆਂ ਵਿਰੁੱਧ ਬਲਾਤਕਾਰ ਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੇ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਿਸ ਢੰਗ ਨਾਲ ਪ੍ਰੀਵਾਰ ਦੀ ਰਜਾਮੰਦੀ ਤੋਂ ਬਗੈਰ ਪੀੜਤ ਲੜਕੀ ਦਾ ਪੁਲਿਸ ਨੇ ਧੱਕੇ ਨਾਲ ਅੰਤਮ ਸਸਕਾਰ ਕਰਇਆ ਹੈ ਉਸ ਨਾਲ ਯੂਪੀ ਸਰਕਾਰ ਕਟਹਿਰੇ ’ਚ ਖੜਾ ਹੋ ਗਈ ਹੈ।
                                  ਉਹਨਾਂ ਦੱਸਿਆ ਕਿ  ਅੱਜ 4 ਜਗਾ ਰੇਲ ਜਾਮ , ਭਾਜਪਾ ਦੇ 4 ਆਗੂਆਂ ਦੇ ਘਰਾਂ ਅੱਗੇ , 9 ਟੋਲ ਪਲਾਜਿਆਂ, 3 ਸ਼ਾਪਿੰਗ ਮਾਲਜ਼,  2 ਅਡਾਨੀ ਸੈਲੋ ਗੋਦਾਮ,22 ਰਿਲਾਇੰਸ ਪੰਪਾਂ,5 ਐੱਸ ਆਰ ਪੰਪਾਂ ਅਤੇ 1 ਪ੍ਰਾਈਵੇਟ ਥਰਮਲ ਪਲਾਂਟ  ਵਿਖੇ ਮੋਰਚੇ ਜਾਰੀ ਹਨ। ਉਨਾਂ ਦੱਸਿਆ ਕਿ ਟੌਲ ਪਲਾਜਿਆਂ ਤੇ ਪਰਚੀ ਅਤੇ ਤੇਲ ਪੰਪਾਂ ਤੇ ਵਿੱਕਰੀ ਪੂਰੀ ਤਰਾਂ ਠੱਪ ਹੈ। ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਤੂਫਾਨ ਵਾਂਗ ਵਧ ਰਹੇ ਮੌਜੂਦਾ ਸਾਂਝੇ ਦਾ ਨਿਸ਼ਾਨਾ ਲੁਟੇਰੇ ਕਾਰਪੋਰੇਟਾਂ ਤੇ ਭਾਜਪਾ ਗੱਠਜੋੜ ਨੂੰ ਜਨਤਕ ਨਿਖੇੜੇ ਦੀ ਮਾਰ ਹੇਠ ਲਿਆਉਣਾ ਹੈ। ਉਨਾਂ ਦੱਸਿਆ ਕਿ ਅੱਜ ਥਾਂ ਥਾਂ ਭਾਰੀ ਗਿਣਤੀ ‘ਚ ਨੌਜਵਾਨਾਂ ਤੇ ਔਰਤਾਂ ਸਮੇਤ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਇਕੱਠਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਨੀਤੀ ਤਹਿਤ ਧੱਕੇ ਨਾਲ ਮੜੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾ ਕੇ ਹੀ ਸਾਹ ਲੈਣਗੇ।
                                     ਧਰਨਿਆ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਸਨੇਹਦੀਪ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਜਿਲਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਸਨ । ਬੁਲਾਰਿਆਂ ਨੇ ਆਹਲੂਵਾਲੀਆ ਕਮੇਟੀ ਰਾਹੀਂ ਸਰਕਾਰੀ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਦੀ ਜ਼ੋਰਦਾਰ ਵਕਾਲਤ ਦੀ ਸਖਤ ਨਿਖੇਧੀ ਕੀਤੀ। ਇਸ ਘੋਲ ਵਿੱਚ ਖੇਤ ਮਜਦੂਰਾਂ,ਸਨਅਤੀ ਮਜਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਮੁਲਾਜਮਾਂ, ਠੇਕਾ ਮੁਲਾਜਮਾਂ ਅਤੇ ਲੋਕ ਪੱਖੀ ਕਲਾਕਾਰਾਂ ਸਭਨਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ। ਬੁਲਾਰਿਆਂ ਨੇ ਸਮੂਹ ਪੰਜਾਬੀਆਂ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਕਲਾਕਾਰਾਂ ਦੇ ਪਰਦੇ ਓਹਲੇ ਕੁੱਝ ਮੌਕਾਪ੍ਰਸਤ ਲੋਕਾਂ ਵੱਲੋਂ ਬੇਹੱਦ ਭੜਕਾਊ ਭਾਸ਼ਣਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ‘ਤੇ ਫਿਰਕਾਪ੍ਰਸਤ ਮਸਲੇ ਉਭਾਰਨ ਅਤੇ ਹਿੰਸਕ ਮਹੌਲ ਪੈਦਾ ਕਰਨ ਦੇ ਯਤਨਾਂ ਦਾ ਸ਼ਿਕਾਰ ਬਣਨ ਤੋਂ ਸੁਚੇਤ ਰਹਿਣ  ਦੀ ਲੋੜ ’ਤੇ ਜ਼ੋਰ ਦਿੱਤਾ ।
                           ਉਹਨਾਂ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ,ਆਹਲੂਵਾਲੀਆ ਕਮੇਟੀ ਭੰਗ ਕਰਨ, ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ , ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਮਿਥਣ  ਤੇ ਪੂਰੀ ਖਰੀਦ ਦੀ ਗਰੰਟੀ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡਣ, ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਉਣ ਸਮੇਤ ਜੱਥੇਬੰਦੀ ਵੱਲੋਂ ਰੱਖੀਆਂ ਮੰਗਾਂ ਮੰਨਣ ਦੀ ਮੰਗ ਕੀਤੀ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਧਰਨਿਆਂ ਦੀਆਂ ਥਾਂਵਾਂ ਅਤੇ ਨੌਜਵਾਨਾਂ ਤੇ ਔਰਤਾਂ ਸਮੇਤ ਕਿਸਾਨ ਲਾਮਬੰਦੀਆਂ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਅਤੇ ਭਾਜਪਾ ਹਕੂਮਤ ਸਣੇ ਕਾਰਪੋਰੇਟ ਘਰਾਣਿਆਂ ਖਿਲਾਫ ਰੋਹ ਹੋਰ ਵਧੇਰੇ ਫੈਲ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਵੱਖ ਵੱਖ ਰੂਪਾਂ ਵਿੱਚ ਲਗਾਤਾਰ ਜਾਰੀ ਰੱਖਦੇ ਹੋਏ ਹੋਰ ਵਿਸ਼ਾਲ ਅਤੇ ਤੇਜ ਕੀਤਾ ਜਾਵੇਗਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!