ਹੋਰ ਵੀਜ਼ਾ ਧਾਰਕਾਂ ਨੂੰ ਕਰਨਾ ਪਵੇਗਾ ਇੰਤਜ਼ਾਰ
(ਹਰਜੀਤ ਲਸਾੜਾ, ਬ੍ਰਿਸਬੇਨ 7 ਅਕਤੂਬਰ)
ਆਸਟ੍ਰੇਲੀਆ ‘ਚ ਮਾਰਚ ਮਹੀਨੇ ਤੋਂ ਕੋਵਡ-19 ਮਹਾਂਮਾਰੀ ਕਾਰਨ ਵਿਦੇਸ਼ੀ ਪਾੜ੍ਹਿਆਂ ‘ਤੇ ਲੱਗੀਆਂ ਸਰਹੱਦੀ ਪਬੰਦੀਆਂ ‘ਚ ਢਿੱਲ ਦਿੰਦਿਆਂ ਨਾਰਦਨ ਟੈਰੇਟਰੀ (ਉੱਤਰੀ ਪ੍ਰਦੇਸ਼) ਦੇਸ਼ ਦੇ ਪਹਿਲੇ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਵਾਲਾ ਪਹਿਲਾ ਆਸਟਰੇਲਿਆਈ ਅਧਿਕਾਰ ਖੇਤਰ ਬਣ ਗਿਆ ਹੈ ਅਤੇ 70 ਦੇ ਕਰੀਬ ਵਿਦਿਆਰਥੀ ਇਸ ਮਹੀਨੇ ਦੇ ਅੰਤ ਵਿੱਚ ਸਿੰਗਾਪੁਰ ਤੋਂ ਡਾਰਵਿਨ ਪਹੁੰਚਣਗੇ। 9 ਨਵੰਬਰ ਨੂੰ ਸੀ.ਡੀ.ਯੂ. ਦੇ ਅਗਲੇ ਦਾਖਲੇ ਲਈ ਹਾਵਰਡ ਸਪ੍ਰਿੰਗਜ਼ ਵਿਖੇ ਇਕ ਸਰਕਾਰੀ ਸਹੂਲਤ ਵਿਚ ਅਲੱਗ ਅਲੱਗ ਦੋ ਹਫ਼ਤੇ ਬਿਤਾਉਣ ਤੋਂ ਬਾਅਦ ਵਿਦਿਆਰਥੀਆਂ ਦਾ ਪਹਿਲਾ ਸਮੂਹ, ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਕੈਂਪਸ ਵਿਚ ਵਾਪਸ ਆ ਜਾਵੇਗਾ। ਸਿੱਖਿਆ ਮਾਹਰਾਂ ਅਨੁਸਾਰ ਦੱਖਣੀ ਆਸਟਰੇਲੀਆ 300 ਵਿਦੇਸ਼ੀ ਪਾੜ੍ਹਿਆਂ ਦੀ ਵਾਪਸੀ ਲਈ ਅੰਤਮ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ ਅਤੇ ਐਨਐਸਡਬਲਯੂ ਵਿਚ ਪਾੜ੍ਹੇ 2021 ਦੇ ਸ਼ੁਰੂ ਵਿਚ ਵਾਪਸ ਆ ਸਕਦੇ ਹਨ। ਸੀਡੀਯੂ ਦੇ ਉਪ-ਕੁਲਪਤੀ ਗਲੋਬਲ ਰਣਨੀਤੀ ਅਤੇ ਐਡਵਾਂਸਮੈਂਟ, ਐਂਡਰਿਓ ਐਵਰੇਟ ਨੇ ਕਿਹਾ ਕਿ ਵਿਦਿਆਰਥੀ ਆਪਣੇ ਖਰਚੇ ਤੇ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ ਕਈ ਹੋਰ ਦੇਸ਼ਾਂ ਤੋਂ ਆਉਣਗੇ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਨਾਰਦਨ ਟੈਰੇਟਰੀ ਦੀ ਆਰਥਿਕਤਾ ਵਿੱਚ ਹਰ ਸਾਲ ਅੰਦਾਜ਼ਨ 99 ਮਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ ਅਤੇ ਲਗਭਗ 500 ਨੌਕਰੀਆਂ ਵਿੱਚ ਸਹਾਇਤਾ ਕਰਦੇ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪਾਇਲਟ ਪ੍ਰੋਗਰਾਮ ਦੀ ਸਫਲਤਾ ਨਾਰਦਨ ਟੈਰੇਟਰੀ ਦੀ ਆਰਥਿਕਤਾ ਦੀ ਮੁੜ ਬਹਾਲੀ ‘ਚ ਅਹਿਮ ਯੋਗਦਾਨ ਪਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ ਵਿਚਲਾ ਅੰਤਰਰਾਸ਼ਟਰੀ ਸਿੱਖਿਆ ਉਦਯੋਗ ਪਿਛਲੇ ਸਾਲ ਤੱਕ ਆਸਟਰੇਲਿਆਈ ਆਰਥਿਕਤਾ ਲਈ ਤਕਰੀਬਨ 37.6 ਬਿਲੀਅਨ ਡਾਲਰ ਜੁਟਾ ਚੁੱਕਾ ਹੈ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਫਿਲ ਹਨੀਵੁੱਡ ਨੇ ਕਿਹਾ ਕਿ ਵਿਦੇਸ਼ੀ ਪਾੜ੍ਹਿਆਂ ਦੀ ਡਾਰਵਿਨ ਵਾਪਸੀ ਆਸਟਰੇਲਿਆਈ ਯੂਨੀਵਰਸਿਟੀਆਂ ਨੂੰ ਘੱਟ ਰਹੇ ਮਾਲੀਏ, ਨੌਕਰੀ ਦੇ ਘਾਟੇ ਅਤੇ ਅਨਿਸ਼ਚਿਤ ਭਵਿੱਖ ਤੋਂ ਬਚਾਉਣ ‘ਚ ਕਾਰਗਰ ਨੀਤੀ ਸਾਬਤ ਹੋਵੇਗੀ। ਪਰ, ਸੂਬਾ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀਆਂ ਯੂਨੀਵਰਸਿਟੀਆਂ ਨਾਲ ਸੰਬੰਧਿਤ ਵਿਦੇਸ਼ਾਂ ‘ਚ ਫਸੇ ਪਾੜ੍ਹਿਆਂ ਦੀ ਉਡੀਕ ਲੰਬੀ ਹੋਣ ਦੀ ਉਮੀਦ ਹੈ। ਭਾਰਤ ‘ਚ ਫਸੇ ਸੈਂਕੜੇ ਪਾੜਿਆਂ ਦਾ ਕਹਿਣਾ ਹੈ ਕਿ ਉਪਰੋਕਤ ਦੋਵੇਂ ਸੂਬੇ ਉਹਨਾਂ ਦੀ ਜਲਦ ਵਾਪਸੀ ਦਾ ਪ੍ਰਬੰਧ ਕਰਨ ਕਿਉਂਕਿ ਅਸੀਂ ਲੈਪਟਾਪ ਦੇ ਸਾਹਮਣੇ ਬੈਠਣ ਲਈ ਹਜ਼ਾਰਾਂ ਡਾਲਰ ਨਹੀਂ ਅਦਾ ਕੀਤੇ ਸਨ।