ਰਜਨੀ ਵਾਲੀਆ
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਹਰ-ਹਰ ਕੇ ਮੈਂ ਜਿੱਤਣਾਂ ਸਿੱਖ ਗਈ,
ਤੂੰ ਹੁਣ ਨਾ ਦੇਵੀਂ ਮੈਨੂੰ ਹਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਤੂੰ ਜ਼ਰੇ-ਜ਼ਰੇ ਕੀੜ ਪਤੰਗੇ,
ਦੇ ਵਿੱਚ ਵਾਸਾ ਕਰਦਾ |
ਤੇਰੀ ਜਿਸਦੇ ਉੱਤੇ ਨਜ਼ਰ,
ਸਵੱਲੀ ਉਹੀਓ ਦੁੱਖੜੇ ਜਰਦਾ |
ਦੁਖਿਆ ਏ ਉਹਦਾ ਦਿਲ ਮੈਂ ਜਾਣਾ,
ਉਹਦੇ ਦਿਲ ਵਿੱਚ ਵੀ ਕਰਤਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਦੁੱਖ-ਸੁੱਖ ਤੇਰੇ ਰੁੱਤਾਂ ਤੇਰੀਆਂ,
ਆਉਂਦੇ-ਜਾਂਦੇ ਏ ਸਭ ਸਾਹ ਵੀ |
ਮੰਜਿਲ ਵੀ ਤੇਰੀ ਰੋੜੇ ਵੀ ਤੇਰੇ,
ਟੇਢੇ-ਮੇਢੇ ਨੇਂ ਜੋ ਰਾਹ ਵੀ |
ਦਿਲ ਜਰ ਜਾਵੇ ਮੈਂ ਜੋ ਵੀ ਕਰਾਂ,
ਐਂਵੇ ਸੁੱਟਦੀ ਰਹਾਂ ਨਿੱਤ ਭਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਖੋਲਣ ਤੇ ਜਦ ਤਾਲੇ ਆਵੇਂ,
ਤੂੰ ਤਦ ਖੋਲ ਕੇ ਰੱਖ ਦਏਂ ਸਾਰੇ |
ਦੂਰ-ਦੂਰ ਤੱਕ ਜੋ ਨਜ਼ਰ ਨਹੀ,
ਆਉਂਦੇ ਚੱਲਕੇ ਨੇੜੇ ਆਉਣ ਕਿਨਾਰੇ |
ਤਦ ਉੱਦਮ ਅੱਗੇ ਲਕਸ਼ਮੀ ਤੇ,
ਪੱਖੇ ਅੱਗੇ ਪੌਣ ਹੋਵੇ ਹਰ ਵਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਜਿੰਦਗੀ ਦੇ ਵਿੱਚ ਦਗਾ ਨਹੀ ਦੇਂਦੇ,
ਜੋ ਇੱਕ ਵਾਰੀ ਤੁਰ ਪੈਂਦੇ ਬਾਂਹ ਫੜਕੇ |
ਆਪਣੀ ਹਾਨੀ ਕਰਵਾ ਕੇ ਵੀ ਉਹ,
ਕੋਕਾ ਰੱਖਦੇ ਨੇ ਇੱਕ ਦਿਨ ਜੜਕੇ |
ਰੱਖਣ ਜੋ ਯਕੀਨ ਮਲਾਹ ਤੇ ਉਹਨਾਂ,
ਦੀ ਕਦੇ ਡੁੱਬਦੀ ਨਹੀਂ ਪਤਵਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਹੁੰਦੇ ਜੋ ਦਰਵੇਸ਼ ਲੋਕ ਉਹਨਾਂ,
ਦੀਆਂ ਪੂਜੀਆਂ ਜਾਣ ਖੜਾਵਾਂ |
ਦੇਵੇ ਪਤਾ ਕੋਈ ਇਲਮ ਮੇਰੇ ਦਾ,
ਹੁਣੇਂ ਮੈਂ ਉਸਨੂੰ ਸੋਨੇ ਵਿੱਚ ਜੜਾਵਾਂ |
ਜਾਨਣ ਹਾਰਿਆ ਜਾਣ ਲੈ ਮੇਰੀ,
ਮੈਨੂੰ ਪਏ ਨਜਰੀਂ ਆਉਣ ਆਸਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |
ਪੁੱਛੇਗੀ ਰਜਨੀ ਇੱਕ ਦਿਨ ਤੈਥੋਂ,
ਤੂੰ ਇੰਝ ਨਾਲ ਮੇਰੇ ਕਿਉਂ ਕੀਤੀ |
ਬੁੱਲਾ ਆਇਆ ਠੰਡੜੀ ਛਾਂ ਵਰਗਾ,
ਤੇ ਉਹਦੇ ਨਾਲ ਪੈ ਗਈ ਪੀ੍ਤੀ |
ਕੁਝ ਚੰਗਾ ਰਚਣ ਦੀ ਅੱਜ,
ਮੇਰੇ ਸ਼ਬਦਾਂ ਨੂੰ ਪੈ ਗਈ ਵੰਗਾਰ |
ਰੱਬਾ ਠੋਕਰਾਂ ਖਾ-ਖਾ ਰਾਹ ਸਿੱਧੇ,
ਕੀਤੇ ਤੂੰ ਹੁਣ ਨਾ ਠੋਕਰਾਂ ਮਾਰ |