ਦੁੱਖਭੰਜਨ ਰੰਧਾਵਾ
0351920036369
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਉਹ ਕਰਦੀ ਸੀ ਮੈਂ ਸਮਝਿਆ ਨਾ,
ਉਸ ਤੱਤੜੀ ਦਾ ਪਿਆਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਮੈਂ ਮੁੜ-ਮੁੜ ਰਾਹਵਾਂ ਤੱਕਦਾ ਹਾਂ,
ਮੈਨੂੰ ਨਜ਼ਰੀਂ ਮੁੜ ਆ ਜਾਵੇ |
ਮੇਰੇ ਦਿਲ ਦੇ ਬਾਗ ਵਿਰਾਨ ਹੋਏ,
ਲਾਗੇ ਖੜਕੇ ਕਲੀ ਖਿੜਾ ਜਾਵੇ |
ਪਛਤਾਵਾਂ ਨਾ ਤੇ ਮੈਂ ਕੀ ਕਰਾਂ,
ਆਇਆ ਕਰਨਾ ਨਾ ਇਜ਼ਹਾਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਮੈਂ ਅੱਜ ਮੁੱਕਿਆ ਮੈਂ ਕੱਲ ਮੁੱਕਿਆ,
ਮੁੱਕਣ ਦੇ ਦਿਨ ਬੜੇ ਨੇੜੇ ਨੇਂ |
ਔੜ ਨੇ ਧਰਤੀ ਮਾਰ ਲਈ ਸੁੱਕਣ,
ਦੇ ਦਿਨ ਬੜੇ ਨੇੜੇ ਨੇ |
ਮੇਰੇ ਬੁਢੜੇ ਹੋ ਗਏ ਚਾਅ ਸਾਰੇ,
ਤੇ ਮੇਰੀ ਪੀੜ੍ਹ ਹੋਈ ਮੁਟਿਆਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਮੇਰੇ ਡੁੱਬਣ ਤੇ ਉਹ ਖੁਸ਼ ਹੋਏ,
ਤੇ ਮੈਂ ਹੱਸਦਾ-ਹੱਸਦਾ ਡੁੱਬ ਗਿਆ |
ਮੈਂ ਬਣਨਾ ਨਹੀ ਸੀ ਚਾਹੁੰਦਾ ਪਰ,
ਬਣ ਕੰਡਾ ਦਿਲ ਵਿੱਚ ਚੁੱਭ ਗਿਆ |
ਜੁੜੇ ਐਸੇ ਮੈਨੂੰ ਮਲਾਹ ਮੇਰੇ,
ਜਿੰਨਾਂ ਡੋਬ ਦਿੱਤੀ ਪਤਵਾਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਉਹਦੀ ਇੱਕੋ ਗੱਲ ਪੁਗਾਉਂਦਾ ਹਾਂ,
ਉਹ ਆਖੇ ਮਰ ਜਾ ਮੈ ਮਰ ਜਾਨਾਂ |
ਉਹਦੀ ਇੱਕੋ ਗੱਲ ਪੁਗਾਉਂਦਾ ਹਾਂ,
ਉਹ ਆਖੇ ਹਰ ਜਾ ਮੈਂ ਹਰ ਜਾਨਾਂ |
ਉਸਦੀ ਸੁਣਦਾਂ ਜੋ ਕਹਿੰਦੀ ਏ,
ਮੈਨੂੰ ਪਈ ਏ ਕੈਸੀ ਮਾਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਮੈਨੂੰ ਮੁਸ਼ਕਿਲ ਵਿੱਚੋਂ ਕਿਸੇ ਕੱਢਿਆ ਨਾ,
ਮੁਸ਼ਕਿਲ ਆਈ ਤੇ ਸੁੱਟ ਛੱਡਿਆ |
ਮੈਂ ਰੇਤ ਚ ਉੱਗੀ ਥੋਰ ਜਿਹਾ,
ਜਦੋਂ ਦਿਲ ਕੀਤਾ ਕਿਸੇ ਪੁੱਟ ਛੱਡਿਆ |
ਮੇਰੀ ਰੂਹ ਤੜਫੇ ਮੇਰੀ ਜਿੰਦ ਰੁਲਦੀ,
ਮੈਂ ਖੁਦ ਵੀ ਬੜਾ ਅਵਾਜ਼ਾਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |
ਦੁੱਖਭੰਜਨ ਦਾ ਦੁੱਖ ਮਹਿਰਮ ਹੈ,
ਦੁੱਖ ਹੁੰਦਾ ਤੇ ਸਾਹ ਚਲਦੇ ਨੇਂ |
ਜਿਉਂ ਲਾਟ ਬਲੇ ਇਉਂ ਦਿਲ ਬਲਦਾ,
ਪਲ-ਪਲ ਮਗਰੋਂ ਸਾਹ ਢਲਦੇ ਨੇ |
ਮੈਂ ਕੂਕਾਂ ਤੇ ਕੁਰਲਾਵਾਂ ਨੀ,
ਨੈਣੀ ਸੱਜੇ ਹੰਝੂਆਂ ਦਾ ਦਰਬਾਰ ਜਿੰਦੇ |
ਮੈਂ ਫੇਰ ਕਿਸੇ ਦੇ ਪੋਟਿਆਂ ਤੇ,
ਚੁਭ ਗਿਆਂ ਬਣਕੇ ਖਾਰ ਜਿੰਦੇ |