ਜੱਗੀ ਕੁੱਸਾ ਦੇ ਨਾਵਲ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਤੇ ਵਜ਼ਨਦਾਰ ਬ੍ਰਿਤਾਂਤਕ ਜੁਗਤਾਂ ਕਰਕੇ ਪੜ੍ਹਨਯੋਗ ਹੁੰਦੇ ਹਨ…
ਹਰਮੀਤ ਸਿੰਘ ਅਟਵਾਲ
+91 98155-05287
ਜਦੋਂ ਨਾਵਲ ਪੜ੍ਹਦਿਆਂ ਕਹਾਵਤਾਂ ਵਰਗੀਆਂ ਸਤਰਾਂ, ਜਿਹਾ ਕਿ:-
*ਸੱਪ ਜਦੋਂ ਖੁੱਡ ‘ਚ ਵੜਦੈ ਤਾਂ ਸਾਰੇ ਵਲ਼ ਕੱਢ ਲੈਂਦੈ।
*ਬਹੁਤੇ ਲੋਕੀ ਤਾਂ ਦੂਜੇ ਦੀ ਪੂਛ ਨੂੰ ਹੀ ਵੱਟ ਚਾੜ੍ਹਦੇ ਨੇ।
*ਬਿੱਲੀ ਫ਼ਸੀ-ਫ਼ਸਾਈ ਹੀ ਦਰੱਖ਼ਤ ‘ਤੇ ਚੜ੍ਹਦੀ ਹੈ।
*ਬੇਈਮਾਨ ਬੰਦਾ ਛੇਤੀ ਕੀਤਿਆਂ ਆਪਣੇ ਦਿਲ ਦਾ ਭੇਦ ਨਹੀਂ ਦਿੰਦਾ।
*ਬੁਰਕੀ ਤਾਂ ਗਈ, ਪਰ ਕੁੱਤੇ ਦੀ ਜਾਤ ਪਛਾਣੀ ਗਈ।
ਪੜ੍ਹਨ ਨੂੰ ਮਿਲਣ ਤਾਂ ਸਮਝੋ ਤੁਸੀਂ ਵਲੈਤ ਦੇ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਕੋਈ ਨਾਵਲ ਪੜ੍ਹ ਰਹੇ ਹੋ। ਪੜ੍ਹਦੇ-ਪੜ੍ਹਦੇ ਨਾਲ-ਨਾਲ ਇੱਕ ਐਸੀ ਗਲਪੀ ਪੀਂਘ ਦਾ ਹੁਲ੍ਹਾਰਾ ਵੀ ਲੈ ਰਹੇ ਹੋ, ਜਿਹੜੀ ਸੋਚ ਦੇ ਅੰਬਰ ਨੂੰ ਅਨੁਭੂਤਕ ਪੱਧਰ ‘ਤੇ ਛੂਹਣ ਦਾ ਅਹਿਸਾਸ ਵੀ ਕਰਾਉਂਦੀ ਹੈ ਤੇ ਮਨਪ੍ਰਚਾਵੇ ਦੇ ਨਾਲ-ਨਾਲ ਮਨ ਦੀਆਂ ਤਹਿਆਂ ਵਿੱਚ ਚੱਲਦੀਆਂ ਭਾਂਤ-ਸੁਭਾਂਤੀਆਂ ਖਿਆਲੀ ਤਰੰਗਾਂ ਦੇ ਬੰਦ ਦਰਵਾਜੇ ਵੀ ਖੋਲ੍ਹਦੀ ਹੈ ਤੇ ਜਿਸ ਸਮਾਜ ਦੇ ਅਸੀਂ ਹਿੱਸੇਦਾਰ ਹਾਂ, ਉਸ ਦੀ ਹੋਂਦ-ਹਸਤੀ ਦਾ ਅਸਲ ਆਂਤਰਿਕ ਅਕਸ ਵੀ ਪਾਠਕ ਦੀਆਂ ਅੱਖਾਂ ਅੱਗੇ ਲਿਆ ਧਰਦੀ ਹੈ।
ਦਰਅਸਲ ਜੱਗੀ ਕੁੱਸਾ ਮਸਤ ਬੰਦਾ ਹੈ। ਮੌਜੀ ਠਾਕੁਰ ਹੈ। ਆਪਣਾ ਰਾਹ ਖ਼ੁਦ ਬਣਾ ਕੇ ਤੁਰਦਾ ਹੈ। ਪਹਿਲਾਂ ਪਾਈਆਂ ਡੰਡੀਆਂ ‘ਤੇ ਪੈਰ ਨਹੀਂ ਧਰਦਾ। ਨਾ ਲਾਈਲੱਗ, ਨਾ ਲਕੀਰ ਦਾ ਫ਼ਕੀਰ। ਨਾ ਕਿਸੇ ਦਾ ਪ੍ਰਛਾਂਵਾਂ ਬਣਦੈ ਤੇ ਨਾ ਕਿਸੇ ਦੇ ਪਿੱਛੇ ਤੁਰਦੈ। ਨਾ ਤੋਰ ‘ਚ ਆਕੜ, ਪਰ ਲਗਾਤਾਰ ਤੁਰਦੇ ਰਹਿਣਾ ਉਸ ਦਾ ਅਸਲ ਅਸੂਲ ਹੈ। ਉਸ ਨੂੰ ਖ਼ੁਦ ਆਪਣੇ ਬਣਾਏ ਸਿਧਾਂਤਾਂ ‘ਤੇ ਹੀ ਤੁਰਦੇ ਦੇਖਿਆ ਜਾ ਸਕਦਾ ਹੈ। ਦੁਨੀਆਂ ਦੀਆਂ ਵੱਡੀਆਂ ਗਿਆਰਾਂ ਅਖ਼ਬਾਰਾਂ ਵਿੱਚ ਇੱਕੋ ਵੇਲੇ ਲਗਾਤਾਰ ਛਪਣ ਵਾਲਾ ਇਹ ਸਖ਼ਸ਼ ਹਰ ਤਰ੍ਹਾਂ ਦੇ ਹੰਕਾਰ ਤੋਂ ਮੁਕਤ ਹੈ ਤੇ ਆਪਣਾ ਸਾਹਿਤਕ ਉਸਤਾਦ ਸ਼ ਬੂਟਾ ਸਿੰਘ ਸ਼ਾਦ ਨੂੰ ਮੰਨਦਾ ਹੈ।
ਉਸ ਦਾ ਜਨਮ 1 ਅਕਤੂਬਰ 1965 ਨੂੰ ਪਿਤਾ ਪੰਡਤ ਬਰਮਾ ਨੰਦ ਤੇ ਮਾਤਾ ਗੁਰਨਾਮ ਕੌਰ ਦੇ ਘਰ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ ਹੋਇਆ। ਉਸ ਦੀ ਵਿੱਦਿਅਕ ਯੋਗਤਾ ਮੈਟਰਿੱਕ (ਪੰਜਾਬ) ਤੇ 6 ਸਾਲ ਆਈ. ਐੱਫ਼. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਦੀ ਹੈ। ਵਰ੍ਹਿਆਂ ਤੋਂ ਵਿਦੇਸ਼ਾਂ ਵਿੱਚ ਵਿਚਰ ਰਿਹਾ ਸਾਡਾ ਇਹ ਨਾਵਲਕਾਰ ਬੜੇ ਅਮੀਰ ਅਨੁਭਵ ਨਾਲ ਭਰਪੂਰ ਅਤੇ ਰੱਜਿਆ ਪੁੱਜਿਆ ਹੈ। ਅੱਜ ਕੱਲ੍ਹ ਉਸ ਦਾ ਵਾਸਾ ਈਸਟ ਲੰਡਨ ਦੇ ਕਸਬੇ ਰੌਮਫੋਰਡ ਵਿੱਚ ਹੈ। ਉਸ ਨੇ ਆਪਣੇ ਲਿਖਣ ਦੀ ਸ਼ੁਰੂਆਤ ਹੀ ਨਾਵਲ ਤੋਂ ਕੀਤੀ ਹੈ। ਉਸ ਦਾ ਪਹਿਲਾ ਨਾਵਲ “ਜੱਟ ਵੱਢਿਆ ਬੋਹੜ ਦੀ ਛਾਂਵੇਂ” ਹੈ। ਅੱਗੋਂ ਉਸ ਦੇ 21 ਹੁਣ ਤੱਕ ਹੋਰ ਆ ਚੁੱਕੇ ਹਨ, ਜਿੰਨ੍ਹਾਂ ਵਿੱਚ ਥਾਂ ਦੇ ਸੰਜਮ ਸਦਕਾ ਜੇ ਇੱਕ ਦੋ ਦੀ ਗੱਲ ਕਰਨੀ ਹੋਵੇ ਤਾਂ ਉਸ ਤੋਂ ਪਹਿਲਾਂ ਸਾਰੇ ਨਾਵਲਾਂ ਬਾਰੇ ਇਹ ਆਖਣਾ ਉਚਿੱਤ ਹੋਵੇਗਾ ਕਿ ਨਾਵਲਾਂ ਵਿੱਚ ਵਰਤੀਆਂ ਗਈਆਂ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਅਤੇ ਵਜ਼ਨਦਾਰ ਬ੍ਰਿਤਾਂਤਕ ਜੁਗਤਾਂ ਉਸ ਦੇ ਨਾਵਲਾਂ ਦੀ ਗਤੀਸ਼ੀਲਤਾ ਤੇ ਲੰਮੇਰੀ ਉਮਰ ਦਾ ਪ੍ਰਮਾਣ ਹੋ ਨਿੱਬੜੀਆਂ ਹਨ। ਅੱਧੀ ਦੁਨੀਆਂ ਘੁੰਮ ਚੁੱਕੇ ਜੱਗੀ ਕੁੱਸਾ ਦੇ ਪਾਠਕਾਂ ਦਾ ਘੇਰਾ ਬੜਾ ਵੱਡਾ ਹੈ।
ਜਿੱਥੇ-ਜਿੱਥੇ ਵੀ ਦੁਨੀਆਂ ਵਿੱਚ ਪੰਜਾਬੀ ਵਸਦੇ ਹਨ, ਓਥੇ-ਓਥੇ ਜੱਗੀ ਦਾ ਨਾਵਲੀ ਜੋਰ ਚੱਲਦਾ ਹੈ। ਜੇ ਇੱਥੇ ਸਿਰਫ਼ ਨਾਵਲਾਂ “ਸੱਜਰੀ ਪੈੜ ਦਾ ਰੇਤਾ” ਤੇ ਹੁਣੇ-ਹੁਣੇ ਆਏ ਨਾਵਲ “ਦਰਦ ਕਹਿਣ ਦਰਵੇਸ਼” ਦੀ ਹੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨਾਵਲਾਂ ਅੰਦਰਲੀ ਕਹਾਣੀ ਦੀ ਨਜ਼ਾਕਤ, ਲਤਾਫ਼ਤ, ਮੌਲਿਕਤਾ, ਵਿਅਕਤਿਕਤਾ ਤੇ ਵਸ਼ਿਸ਼ਟਤਾ ਬੇਮਿਸਾਲ ਹੈ। ਵਲੈਤ ਵਸਦੀਆਂ ਕੁਝ ਪੰਜਾਬੀ ਮੁਟਿਆਰਾਂ ਨੂੰ ਓਥੋਂ ਦੇ ਆਯਾਸ਼ ਮੁੰਡੇ ਆਪਣੇ ਪਿਆਰ ਜਾਲ਼ ਵਿੱਚ ਫ਼ਸਾ ਕੇ, ਫਿਰ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਦਾ ਉਥੇ ਸਰੀਰਕ ਤੇ ਮਾਨਸਿਕ ਪੱਖੋਂ ਕੀ ਹਸ਼ਰ ਕਰਦੇ-ਕਰਵਾਉਂਦੇ ਹਨ, ਇਸ ਦੀ ਹਿਰਦੇਵੇਧਕ ਸਿਰਜਣਾ “ਸੱਜਰੀ ਪੈੜ ਦਾ ਰੇਤਾ” ਨਾਵਲ Ḕਚੋਂ ਪੜ੍ਹੀ ਜਾ ਸਕਦੀ ਹੈ। “ਦਰਦ ਕਹਿਣ ਦਰਵੇਸ਼” ਵਿੱਚ ਮ੍ਹਾਤੜ ਬੰਦੇ ਦਾ ਦਰਦ ਬਹੁਤ ਤਿੱਖੇ ਗਲਪੀ ਪ੍ਰਭਾਵ ਨਾਲ ਸਮਝ ਆਉਂਦਾ ਹੈ। ਜਦੋਂ ਵਿਦੇਸ਼ ਨੂੰ ਭੇਜਣ ਵਾਲ਼ੇ “ਵਿਚੋਲਿਆਂ” ਦੀ “ਮਿਹਰਬਾਨੀ” ਸਦਕਾ ਆਮ ਬੰਦੇ ਦੀ ਮਾਇਕ ਅਤੇ ਜਿਸਮਾਨੀ ਖੱਜਲ-ਖੁਆਰੀ ਵਿਦੇਸ਼ਾਂ ਵਿੱਚ ਹੁੰਦੀ ਹੈ। ਜੱਗੀ ਕੁੱਸਾ ਦਾ ਕੋਈ ਵੀ ਨਾਵਲ ਜੇ ਕਿਸੇ ਨੇ ਪੜ੍ਹ ਲਿਆ, ਸਮਝੋ ਉਹ ਉਸ ਦਾ ਪੱਕਾ ਪਾਠਕ ਬਣ ਗਿਆ। ਇਹ ਵੀ ਨਾਵਲਕਾਰ ਦੀ ਦਿਲਚਸਪ ਨਾਵਲੀ ਸ਼ੈਲੀ ਦੀ ਇੱਕ ਪ੍ਰਾਪਤੀ ਹੈ। ਜੱਗੀ ਦੇ ਹੁਣ ਤੱਕ ਦੇ ਲੱਗਭੱਗ ਸਾਰੇ ਸਾਹਿਤਕ ਸੰਸਾਰ ਨੂੰ ਜੇ ਖੋਜਆਤਮਕ ਦ੍ਰਿਸ਼ਟੀ ਤੋਂ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਮਨਦੀਪ ਕੌਰ ਭੰਮਰਾ ਦੀ 232 ਸਫ਼ਿਆਂ ਦੀ ਕਿਤਾਬ “ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ” (ਜੀਵਨ ਅਤੇ ਮੁਲਾਂਕਣ) ਨੂੰ ਇਕਾਗਰਚਿੱਤ ਹੋ ਕੇ ਪੜ੍ਹਿਆ ਜਾ ਸਕਦਾ ਹੈ। ਭੰਮਰਾ ਨੇ ਜੱਗੀ ਕੁੱਸਾ ਦੇ ਗਲਪ ਸੰਸਾਰ ਦਾ ਬਹੁਤ ਖੁੱਭ ਕੇ ਸਮੀਖਿਆਤਮਕ ਅਧਿਐਨ ਕੀਤਾ ਹੈ। ਨਾਵਲਾਂ ਤੋਂ ਇਲਾਵਾ ਜੱਗੀ ਕੁੱਸਾ ਦੇ ਪੰਜ ਕਹਾਣੀ-ਸੰਗ੍ਰਹਿ, ਦੋ ਵਿਅੰਗ-ਸੰਗ੍ਰਹਿ, ਇੱਕ ਲੇਖ ਸੰਗ੍ਰਹਿ “ਸੱਚ ਆਖਾਂ ਤਾਂ ਭਾਂਬੜ ਮੱਚਦੈ” ਅਤੇ ਇੱਕ ਕਾਵਿ-ਸੰਗ੍ਰਹਿ “ਤੇਰੇ ਤੋਂ ਤੇਰੇ ਤੱਕ” ਵੀ ਪਾਠਕਾਂ ਦੇ ਹੱਥਾਂ ਵਿੱਚ ਪੁੱਜ ਚੁੱਕੇ ਹਨ।
ਸੁੰਦਰ, ਸਿਹਤਮੰਦ ਅਤੇ ਸਾਤਵਿਕ ਸੋਚ ਵਾਲੇ ਇਸ ਨਾਵਲਕਾਰ ਨਾਲ ਸਾਹਿਤਕ ਵਿਚਾਰ ਵਟਾਂਦਰਾ ਹੁੰਦਾ ਹੀ ਰਹਿੰਦਾ ਹੈ। ਉਸ ਨਾਲ ਵਾਰਤਾਲਾਪ ਦੇ ਕੁਝ ਅੰਸ਼:
*ਮੈਨੂੰ ਮਨੁੱਖਤਾ ਦਾ ਦਰਦ ਪ੍ਰੇਸ਼ਾਨ ਕਰਦਾ ਹੈ। ਮਜ਼ਲੂਮ ਦੇ ਨਾਲ ਖੜ੍ਹਨਾ ਮੈਂ ਆਪਣਾ ਇਖ਼ਲਾਕੀ ਕਾਰਜ ਸਮਝਦਾ ਹਾਂ। “ਪੁਰਜਾ ਪੁਰਜਾ ਕਟਿ ਮਰੈ”, “ਤਵੀ ਤੋਂ ਤਲਵਾਰ ਤੱਕ” ਜਾਂ “ਬਾਰ੍ਹੀਂ ਕੋਹੀਂ ਬਲ਼ਦਾ ਦੀਵਾ” ਦੇਖ ਲਓ! ਮੈਂ ਇਨਕਲਾਬੀ ਤੌਰ ‘ਤੇ ਹਮੇਸ਼ਾ ਦਬਾਈ ਜਾਣ ਵਾਲੀ ਧਿਰ ਨਾਲ ਹੀ ਖੜ੍ਹਾ ਹਾਂ!
*ਮੈਂ ਕਿਸੇ “ਘੋੜ-ਦੌੜ” ਵਿੱਚ ਸ਼ਾਮਲ ਨਹੀਂ। ਆਪਾਂ ਤਾਂ “ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ” ਵਾਲੇ ਹਾਂ।
*ਬਾਈ ਜੀ! ਜਿਹੜੇ ਮੇਲੇ ‘ਚ ਮੇਰੇ ਇੱਕ ਵਾਰ ਪੈਰ ਮਿੱਧੇ ਜਾਣ, ਜਾਂ ਵੱਢੇ ਜਾਣ, ਮੈਂ ਉਹਦੇ ਵਿੱਚ ਮੁੜ ਨਹੀਂ ਵੜਦਾ।
*ਆਪਣਾ ਤਾਂ ਉਹ ਹਾਲ ਐ, ਮਿਰਾਸੀ ਦਾ ਮੁੰਡਾ ਆਵਦੇ ਪਿਉ ਨੂੰ ਕਹਿੰਦਾ, “ਬਾਪੂ! ਤੈਨੂੰ ਸਾਰਾ ਪਿੰਡ ਟਿੱਚ ਜਾਣਦੈ!” ਅੱਗੋਂ ਬਾਪੂ ਕਹਿੰਦਾ, “ਪੁੱਤ, ਤੂੰ ਚਿੰਤਾ ਨਾ ਮੰਨ, ਤੇਰਾ ਬਾਪੂ ‘ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈ!”
*ਗੁਰੂ ਬਾਬਾ ਨਾਨਕ ਕਿਰਪਾ ਕਰਨ, ਆਪਾਂ ਤਾਂ ਜਿੱਥੇ ਬਹਿ ਗਏ, ਉਥੇ ਈ ਜੰਗਲ ‘ਚ ਮੰਗਲ ਲਾਵਾਂਗੇ! ਬੱਸ, ਫਰ੍ਹੀ ਸਟਾਈਲ ਤੇ ਵੱਨ ਮੈਨ ਆਰਮੀ ਸਮਝੋ!
*ਅੱਜ ਕੱਲ੍ਹ ਆਲੋਚਨਾ ਲੇਖਕ ਦੀ ਜ਼ਿਆਦਾ ਕੀਤੀ ਜਾਂਦੀ ਹੈ, ਸਾਹਿਤ ਦੀ ਘੱਟ। ਨਾਵਲਕਾਰ ਦੀ ਵੱਧ, ਨਾਵਲ ਦੀ ਘੱਟ! ਕੱਚਘਰੜ ਸਾਹਿਤ ਨੂੰ ਸਰਾਹਿਆ ਵੀ ਜਾਂਦੈ। ਲੇਖਕ ਧੜ੍ਹੇਬੰਦੀ ਦੇ ਸ਼ਿਕਾਰ ਵੀ ਨੇ।
*ਜਦੋਂ ਮੂੰਹ ‘ਤੇ ਕਹਿਣ ਦੀ ਕੋਈ ਹਿੰਮਤ ਨਾ ਕਰੇ, ਪਿੱਠ ਪਿੱਛੇ ਤੁਹਾਡੀਆਂ ਚੁਗਲੀਆਂ ਜਾਂ ਭੰਡੀ ਕਰੀ ਜਾਵੇ, ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਨਾ ਕੋਈ ਹਸਤੀ ਜ਼ਰੂਰ ਹੋ।
*ਕਈ ਕਲਮੀ ਸਮੂਹ ਤਾਂ ਬਿਨਾ ਨਾਲ਼ੇ ਤੋਂ ਪਾਈ ਨੀਕਰ ਵਰਗੇ ਹੀ ਨੇ। ਇਹ ਨਹੀਂ ਪਤਾ ਕਦੋਂ ਥੱਲੇ ਡਿੱਗ ਪੈਣ, ਤੇ ਕਦੋਂ ਆਪਣਾ ਤੇ ਤੁਹਾਡਾ ਨੰਗ ਵਿਖਾ ਦੇਣ? ਇਸ ਕਰਕੇ ਮੈਂ ਇਹਨਾਂ ਤੋਂ ਦੂਰ ਹੀ ਰਹਿੰਨੈ।
*ਮੈਂ ਭੀੜ੍ਹ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ ਜਦੋਂ ਕੋਈ ਕੁਪੱਤ ਜਾਂ ਦੰਗੇ ਕਰਦੀ ਹੈ, ਤਾਂ ਭੀੜ੍ਹ ਹੀ ਕਰਦੀ ਐ!
*ਨਵੀਂ ਪੀੜ੍ਹੀ ‘ਚੋਂ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਲਈ ਲਿਖਣ ਤੋਂ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਜੋ ਲਿਖਣਾ ਹੈ, ਉਸ ਖੇਤਰ ਦਾ ਵੱਧ ਪੜ੍ਹੋ ਤੇ ਕਲਾਕਾਰਾਂ ਪਿੱਛੇ ਨਾ ਲੜੋ, ਪੰਜਾਬ ਦੇ ਭਵਿੱਖ ਬਾਰੇ ਸੋਚੋ!
*ਜਦੋਂ ਕੋਈ ਦਿਸ਼ਾ ਦੇਣ ਵਾਲਾ ਨਾ ਹੋਵੇ, ਤਾਂ ਮੱਕੇ ਨੂੰ ਜਾਂਦਾ-ਜਾਂਦਾ ਕਾਫ਼ਲਾ ਤਖ਼ਤ ਹਜ਼ਾਰੇ ਨੂੰ ਸਿੱਧਾ ਹੋ ਜਾਂਦਾ ਹੈ।
ਜੱਗੀ ਕੁੱਸਾ ਨੇ ਆਪਣੀ ਸਵੈ-ਜੀਵਨੀ ਲਿਖਣੀ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਦਾ ਨਾਂ ਹੈ, “ਬਾਜੀ ਲੈ ਗਏ ਕੁੱਤੇ!” ਉਮੀਦ ਹੈ ਇਹ ਸਵੈ-ਜੀਵਨੀ ਸਾਹਿਤ ਜਗਤ ਅੰਦਰਲੀਆਂ ਤਲਖ ਹਕੀਕਤਾਂ ਦੀ ਵਾਹਵਾ ਵਿੱਥਿਆ ਬਿਆਨ ਕਰੇਗੀ। ਉਹ ਵਲੈਤ ਦਾ ਨਾਮਵਰ ਨਾਵਲਕਾਰ ਹੈ, ਜਿਸ ਦੇ ਨਾਵਲ ਸਾਰੀ ਦੁਨੀਆਂ ਵਿੱਚ ਪੜ੍ਹੇ ਜਾਂਦੇ ਹਨ। ਉਸ ਦੇ ਬਹੁ-ਚਰਚਿਤ ਚਾਰ ਨਾਵਲ: ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਸੱਜਰੀ ਪੈੜ ਦਾ ਰੇਤਾ ਅਤੇ ਤਰਕਸ਼ ਟੰਗਿਆ ਜੰਡ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਵਿੱਚ “ਐਮਾਜ਼ੋਨ” ਉਪਰ ਉਪਲੱਬਧ ਹਨ। ਨਾਵਲਾਂ ਨੂੰ ਸਾਹਿਤਕ ਸਿਧਾਂਤਾਂ ਦੀ ਲਕੀਰੀ ਕੱਟੜਤਾ ਤੋਂ ਉਪਰ ਉਠ ਕੇ ਸਾਹਿਤ ਦੀ ਅਸਲ ਪ੍ਰੀਭਾਸ਼ਾ “ਸਾਹਿਤ ਸਮਾਜ ਦਾ ਸ਼ੀਸ਼ਾ ਹੈ” ਮੁਤਾਬਿਕ ਪੜ੍ਹਿਆ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ।