
ਰਜਨੀ ਵਾਲੀਆ
ਹਰ ਮਾਂ ਆਪਣੀਂ ਨਵਜੰਮੀ ਧੀ ਨੂੰ,
ਗੁੜਤੀ ਦੇ ਵਿੱਚ ਚੁੱਪ ਦੀ ਜੁਬਾਨ,
ਨਾਲ ਰੂੰ ਜਿਹੇ ਉਸ ਧੀ ਦੇ ਕੰਨਾਂ,
ਦਿਆਂ ਪਰਦਿਆਂ ਵਿੱਚ,
ਕੁਝ ਨਾ ਕੁਝ ਤਾਂ ਕਹਿੰਦੀ ਏ |
ਜਿਸਨੇ ਧੀ ਦੇ ਉਮਰ ਭਰ,
ਇੱਕ ਅਨਮੋਲ ਗਹਿਣੇਂ ਵਾਗੂ,
ਕੰਮ ਆਉਣਾ ਹੁੰਦੈ |
ਮਾਂ ਦਾ ਧੀ ਨੂੰ ਕਹਿਣਾ,
ਕਿ ਸੁਣ ਲਵੀਂ ਪਰ ਬੋਲੀਂ ਨਾ,
ਰਸਤੇ ਬਹੁਤ ਟੇਢੇ-ਮੇਢੇ ਨੇ,
ਜਿੰਦਗੀ ਦੇ ਤੁਰਦੀ-ਤੁਰਦੀ ਕਦੇ,
ਡਗਮਗਾ ਗਈਓਂ ਤੇ ਡੋਲੀਂ ਨਾ |
ਸਹਿਣਾ ਪਿਆ ਤਾਂ ਸਹੀਂ,
ਜੋ ਸਹਿ ਸਕੇਂਗੀ ਅਸਹਿਣਯੋਗ,
ਜੇ ਸਹਿਣਾ ਪਿਆ ਤਾਂ ਸਹੀ ਨਾ |
ਇੱਕ ਦਿਨ ਉੱਠੀਂ ਮਹਾਂ-ਕਾਲੀ ਬਣਕੇ,
ਤੇ ਹਰ ਜਿੱਲਤ ਤੇ ਕੁਤਾਹੀ ਦਾ,
ਬਦਲਾ ਲੈ ਲਵੀਂ ਕੁਝ ਕਹੀਂ ਨਾ |
ਸਬਰ-ਸੰਤੋਖ ਏਨਾਂ ਰੱਖੀਂ,
ਕਿ ਮਾਲਕ ਤੋਂ ਮੰਗਣ ਦੀ ਲੋੜ ਨਾ ਪਵੇ |
ਉਹ ਆਪੇ ਝੋਲੀਆਂ ਭਰੇ |
ਆਸਥਾ ਏਨੀ ਰੱਖੀਂ ਕਿ ਕਰਨ ਵਾਲਾ,
ਬਿਨਾਂ ਕਹਿਆਂ ਕਰੇ |
ਕਿਸੇ ਦੇ ਅੱਗੇ ਕੁਝ ਨਾ ਬੋਲੀਂ,
ਨਾ ਉੱਚੀ ਹੱਸੀਂ,
ਨਾ ਦਿਲ ਦੀ ਕਿਸੇ ਨੂੰ ਦੱਸੀਂ |
ਤੇ ਨਾ ਆਪਣਾ ਮਨ ਫਰੋਲੀਂ,
ਚਾਹੇ ਡਗਮਗਾਵੀਂ,
ਚਾਹੇ ਡੋਲੀਂ |
ਦਿਲ ਤੇ ਜੇ ਕੋਈ ਸੱਟ ਵੱਜੇ,
ਤਾਂ ਉਹਲੇ ਹੋ ਕੇ ਰੋ ਲਵੀਂ |
ਅੱਥਰੂਆਂ ਨੂੰ ਪੂੰਜ ਲਵੀਂ,
ਤੇ ਫੇਰ ਮੂੰਹ ਧੋ ਲਵੀਂ |
ਕਿਉਂ ਕਿ ਧੀਆਂ ਦੀ ਜਿੰਦਗੀ,
ਇਵੇਂ ਹੀ ਹੁੰਦੀ ਹੈ |
ਜਿਉਂ ਬਿਨ ਵਾਹੇ ਵਾਲਾਂ ਦੀ ਮੀਢੀ,
ਕਿਸੇ ਗੁੰਦੀ ਹੈ |
ਮੇਰੀ ਮਾਂ ਦਾ ਸਮਝਾਇਆ,
ਮੇਰੇ ਤਾਂ ਕਿਸੇ ਕੰਮ ਨਾ ਆਇਆ |
ਮੈਂ ਬੜਾ ਕੁਝ ਜਰਦੀ ਰਹੀ |
ਜਿੱਤ-ਜਿੱਤ ਬਾਜੀਆਂ ਨੂੰ ਹਰਦੀ ਰਹੀ |
ਤਸੀਹੇ ਝੱਲਦੀ ਰਹੀ,
ਤੇ ਕਿਸੇ ਦੇ ਕਸੂਰ ਦੀਆਂ ਕਿਸ਼ਤਾਂ,
ਜਰ-ਜਰ ਕੇ ਔਖੀ ਹੋ-ਹੋ ਭਰਦੀ ਰਹੀ |
ਮੈਂ ਤਾਂ ਘਰ ਮਾਲਿਕ ਹੁੰਦੀ ਹੋਈ ਵੀ ਨਾ,
ਘਰਦੀ ਰਹੀ |
ਮੈਂ ਤਾਂ ਡੁਸਕਦੀ ਰਹੀ,
ਤੇ ਮੈਂ ਰੋਂਦੀ ਰਹੀ |
ਗਮਾਂ ਨੂੰ ਵੀ ਮੈਂ ਹਾਸਿਆਂ,
ਪਿੱਛੇ ਲੁਕੋਂਦੀ ਰਹੀ |
ਸਮਝਦਾਰ ਹੁੰਦਿਆ ਹੋਇਆਂ ਵੀ ਮੈਂ,
ਖੁਦ ਨੂੰ ਸਮਝਾਉਂਦੀ ਰਹੀ |
ਤੇ ਹੁਣ ਮੈਂ ਆਪਣੀਂ ਧੀ ਨੂੰ,
ਸਮਝਾਇਆ ਹੈ |
ਮੈਂ ਉਸਨੂੰ ਗੁੰਮਰਾਹ ਹੋਣ ਤੋਂ,
ਬਚਾਇਆ ਹੈ |
ਕਿ ਸਿਰ ਉਠਾ ਕੇ ਚੱਲਣਾ ਹੈ |
ਰਸਤਾ ਖੁਦ ਚੁਣਨਾ ਹੈ,
ਤੇ ਸਥਾਨ ਆਪਣਾਂ ਖੁਦ ਮੱਲਣਾ ਹੈ |
ਮਾਣ ਨਾਲ ਜਿਉਣਾ ਏ,
ਹਰ ਕੰਮ ਕਰੀਂ,
ਸਿਰਫ ਜਿੱਤੀ ਨਾ ਹਰੀਂ,
ਡਰੀ ਨਾ ਡਰਾਵੀਂ,
ਉਡਾਰੀ ਅੰਬਰੀਂ ਭਰੀਂ |
ਵਾਧਾ ਕਿਸੇ ਦਾ ਸਹਿਣਾ ਨਹੀ |
ਅੜ ਜਾਵੀਂ ਭਾਵੇਂ ਪੈ ਜਾਏ ਮਰਨਾ |
ਪਿੰਜਰਿਆਂ ਵਿੱਚ ਕੈਦ ਨਹੀ ਰਹਿਣਾ |
ਅੱਥਰੂ ਬਣਕੇ ਅੱਖੋਂ ਨਹੀਂ ਵਹਿਣਾ |
ਦੀਵਾਰਾਂ ਨਾਲ ਸਮਝੌਤਾ ਨਾ ਕਰੀਂ |
ਤਾਰੀ ਤਰਨੀ ਨਹੀ ਜਾਣਦੀ,
ਤਾਂ ਕਦੇ ਨਾ ਤਰੀਂ |
ਆਪਣੇਂ ਖੰਭਾਂ ਨੂੰ ਫੈਲਾ ਕੇ ,
ਜਿੰਨੀ ਉਡਾਰੀ ਭਰ ਸਕੇਂ,
ਓਨੀਂ ਹੀ ਭਰੀਂ |
ਦੂਸਰਿਆਂ ਦੀ ਇੱਜਤ ਕਰਨ ਤੋਂ ਪਹਿਲਾਂ,
ਆਪਣੀਂ ਇੱਜ਼ਤ ਕਰ ਲਵੀਂ |
ਲੋਕਾਂ ਦੇ ਛਾਬੇ ਭਰਨ ਤੋਂ ਪਹਿਲਾਂ,
ਆਪਣੀ ਝੋਲੀ ਭਰ ਲਵੀ |
ਆਪਣੇਂ ਸਵੈਮਾਨ ਨਾਲ ਕਦੇ,
ਸਮਝੌਤਾ ਨਾ ਕਰੀਂ |
ਹਨੇਰੇ ਹੁੰਦੇ ਨੇਂ ਡਰਾਉਣ ਨੂੰ,
ਪਰ ਜਿਗਰਾ ਰੱਖੀਂ ਕਦੇ ਨਾ ਡਰੀਂ |
ਬਸ ਆਪਣੀ ਜਿੰਦਗੀ ਨੂੰ ਪਿਆਰ ਕਰੀਂ |
ਜਿੰਦਗੀ ਜੰਗ ਹੁੰਦੀ ਏ,
ਖੁਦ ਜੰਗ ਲੜੀਂ ਧੀਏ |