8.9 C
United Kingdom
Saturday, April 19, 2025

More

    ਬਠਿੰਡਾ ਜਿਲ੍ਹੇ ’ਚ ਖੇਤੀ ਬਿੱਲ ਵਾਪਿਸ ਕਰਾਉਣ ਲਈ ਗਰਜੇ ਕਿਸਾਨ

    ਅਸ਼ੋਕ ਵਰਮਾ
    ਬਠਿੰਡਾ,25 ਸਤੰਬਰ।   ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਬਿੱਲ ਅਤੇ ਬਿਜਲੀ ਸੋਧ ਬਿੱਲ 2020, ਜਮੀਨ ਗ੍ਰਹਿਣ ਬਿੱਲ 2020  ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸ਼ਹਿਰ ਵਾਸੀਆਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਨ ਤੋਂ ਬਾਅਦ ਬਠਿੰਡਾ ਜਿਲੇ ਦੇ  ਪਿੰਡਾਂ ਕੋਟਸ਼ਮੀਰ, ਘੁੱਦਾ, ਪਿੰਡ ਸਿਵੀਆਂ ਕੋਲ ਟੀ ਪੁਆਇੰਟ, ਭਗਤਾ ਪਿੰਡ ਨਥਾਣਾ ਵਿਖੇ ਮੁੱਖ ਸੜਕਾਂ ਤੇ ਜਾਮ ਲਾਉਣ  ਤੋਂ ਬਿਨਾਂ ਰਾਮਪੁਰਾ ਸ਼ਹਿਰ ਵਿੱਚ ਰੇਲਵੇ ਲਾਇਨ ਵੀ ਜਾਮ ਕੀਤੀ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮਨਗਰ, ਬਸੰਤ ਸਿੰਘ ਕੋਠਾ ਗੁਰੂ ਜਗਸੀਰ ਸਿੰਘ  ਝੁੰਬਾ, ਕੁਲਵੰਤ ਸ਼ਰਮਾ, ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਇਹ ਬਿੱਲ ਸਿਰਫ ਤੇ ਸਿਰਫ ਕਿਸਾਨ ਵਿਰੋਧੀ ਨਹੀਂ ਹਨ ਸਗੋਂ ਹੋਰਨਾਂ ਤਬਕਿਆਂ ਪੇਂਡੂ ਅਤੇ ਦਾਣਾ ਸਬਜੀ ਮੰਡੀਆਂ ਨਾਲ ਸਬੰਧਤ ਮਜਦੂਰਾਂ,  ਦੁਕਾਨਦਾਰਾਂ ,ਵਪਾਰੀਆ ਅਤੇ ਹੋਰ ਛੋਟੇ ਕਾਰੋਬਾਰਿਆਂ ਦਾ ਵੀ ਰੁਜਗਾਰ ਖੋਹਣਗੇ।
                          ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸਦੇ ਫਾਇਦਿਆਂ ਦੇ ਗੁਣ ਗਾਏ ਜਾਣ ਦਾ ਝੂਠ ਹੁਣ ਲੋਕ ਸਮਝ ਚੁੱਕੇ ਹਨ ਇਸ ਕਰਕੇ ਅੱਜ ਇਕੱਠਾਂ ਵਿੱਚ ਸਭ ਤਬਕਿਆਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮੁਖਾਲਫਤ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਹੈ ਕੇਂਦਰ ਸਰਕਾਰ ਇਨਾਂ ਬਿੱਲਾਂ ਨੂੰ ਕਨੂੰਨ ਬਣਾਕੇ ਲੋਕਾਂ ਤੇ ਮੜਨ  ਜਾ ਰਹੀ ਹੈ ਤਾਂ ਸਿਰਫ ਵਿਧਾਨ ਸਭਾ ਵਿੱਚ ਮਤੇ ਪਾ ਕੇ ਕੈਪਟਨ ਸਰਕਾਰ ਨੇ ਵੀ ਕਿਸਾਨਾਂ ਨਾਲ ਝੂਠਾ ਹੇਜ ਜਤਾਇਆ ਹੈ ਜਦੋਂ ਕਿ ਕਿਸਾਨ ਮਜਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਲਈ ਦੋਵੇਂ ਧਿਰਾਂ ਇੱਕ ਮੱਤ ਹਨ। ਅੱਜ ਦੇ ਇਕੱਠਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਨੇ ਖੇਤੀ ਬਿੱਲਾਂ ਖਿਲਾਫ ਮਤੇ ਪਾ ਕੇ ਵੀ ਭੇਜੇ ਅਤੇ ਸਟੇਜਾਂ ਤੋਂ  ਵੋਟ ਪਾਰਟੀਆਂ ਤੋਂ ਪਾਸੇ ਹਟਕੇ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਪਹੁੰਚਣ ਦਾ ਐਲਾਨ ਕੀਤਾ।
                        ਕੋਟਸ਼ਮੀਰ ਦੇ ਇਕੱਠ ਵਿੱਚ ਜਗਦੇਵ ਸਿੰਘ ਜੋਗੇਵਾਲਾ, ਜਿੰਦਰ ਸਿੰਘ ਜੋਗੇਵਾਲਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ,ਸਿਮਰਜੀਤ ਸਿੰਘ, ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਫਿਰੋਜ਼ਪੁਰ ਡਵੀਜਨ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ, ਭੁਪਿੰਦਰ ਸਿੰਘ, ਬਿੱਟੂ ਸਰਪੰਚ ਜਗਾ ਰਾਮਤੀਰਥ, ਕੋਟਬਖਤੂ ਦੇ ਸਰਪੰਚ ਚਰਨਜੀਤ ਸਿੰਘ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਨੈਬ ਸਿੰਘ, ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ਦੇ ਰਜੇਸ਼ ਕੁਮਾਰ,ਪੀਐਸਯੂ ਸ਼ਹੀਦ ਰੰਧਾਵਾ ਦੇ ਅਮਿਤੋਜ, ਨੌਜਵਾਨ ਭਾਰਤ ਸਭਾ ਦੇ ਸਰਬਜੀਤ ਮੌੜ , ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਅਰਜਨ ਸਰਾਂ ਅਤੇ ਐਡਵੋਕੇਟ ਬਰਿੰਦਰ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਭਾ ’ਚ ਮੈਂਬਰਾਂ ਵੱਲੋਂ ਵੋਟਾਂ ਦੀ ਮੰਗ ਕਰਨ ਦੇ ਬਾਵਜੂਦ ਇਸ ਬਿੱਲ ਨੂੰ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਜੋ ਬਹੁਤ ਹੀ ਮੰਦਭਾਗੀ ਗੱਲ ਅਤੇ ਲੋਕਤੰਤਰ ਦਾ ਕਤਲ ਹੈ। ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਮੋਦੀ ਸਰਕਾਰ ਦੇ ਫੈਸਲਿਆਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!