ਗੁਰਮੇਲ ਕੌਰ ਸੰਘਾ(ਥਿੰਦ) ਲੰਡਨ

ਅਸੀਂ ਮੈਂ ਮੈਂ ਵਿੱਚ ਭੁੱਲ ਗਏ ਮਾਲਕਾ,
ਖ਼ੁਦਾ ਮੰਨ ਖ਼ੁਦ ਦੀਆਂ ਦਲੇਰੀਆਂ ਨੂੰ।
ਲੈ ਬਖ਼ਸ਼ ਮਾਲਕਾ! ਭੁੱਲ ਗਏ ਸੀ,
ਬਖ਼ਸ਼ੀਆਂ ਰਹਿਮਤਾਂ ਤੇਰੀਆਂ ਨੂੰ।
ਇਨਸਾਨ ਡਰੇ ਇਨਸਾਨਾਂ ਤੋਂ,
ਹਰੇਕ ਭੈਅ ਭੀਤ ਤੂਫ਼ਾਨਾਂ ਤੋਂ।
ਹਰ ਦਰ ਤੇ ਕੁੰਡੇ ਵੱਜ ਗਏ ਨੇ,
ਡਰ ਆਉਂਦਾ ਬੰਦ ਮਕਾਨਾਂ ਤੋਂ।
ਰਾਹ ਸੁੰਨੇ, ਗਲ਼ੀਆਂ ਸੁੰਨੀਆਂ ਨੇ,
ਦਿਲ ਤਰਸ ਗਏ ਨੇ ਫੇਰੀਆਂ ਨੂੰ।
ਲੈ ਬਖ਼ਸ਼ ਮਾਲਕਾ…………. ।
ਗੁਰੂ ਘਰਾਂ’ਚੋਂ ਚੁੱਕਿਆ ਲੰਗਰ,
ਲੱਗੇ ਜੰਦਰੇ ਚਰਚ ਤੇ ਮੰਦਰ ਨੂੰ।
ਕਾਜ਼ੀ ਭੁੱਲੇ ਨਮਾਜ਼ਾਂ ਦਾਤਾ,
ਜਗਤ ਵਾੜਤਾ ਅੰਦਰ ਤੂੰ।
ਧਰਮ ਦੇ ਨਾਂ ਤੇ ਹੁੰਦਾ ਪਾਪ ਤੱਕ,
ਸ਼ਾਇਦ ਅੱਖਾਂ ਵੇਰ੍ਹੀਆਂ ਤੂੰ।
ਲੈ ਬਖ਼ਸ਼ ਦਾਤਿਆ………..।
ਪੰਛੀ, ਪਸ਼ੂ ਤੇ ਪੌਦੇ ਸਹਿਮੇ,
ਇਹ ਕੀ ਭਾਣਾ ਵਰਤ ਗਿਆ।
ਇਨਸਾਨ ਨਾ ਟਿਕ ਕੇ ਬਹਿੰਦਾ ਸੀ,
ਹੁਣ ਕਿਹੜੇ ਖੂੰਜੇ ਗਰਕ ਗਿਆ।
ਰੋਕੋ ਈਰਖ਼ਾ, ਨਫ਼ਰਤ, ਲਾਲਚ ਦੇ ਵਿੱਚ,
ਝੁੱਲੀਆਂ ਜ਼ੁਲਮ ਹਨ੍ਹੇਰੀਆਂ ਨੂੰ।
ਲੈ ਬਖ਼ਸ਼ ਮਾਲਕਾ……………।
ਸਾਇੰਸਦਾਨ ਤੇ ਡਾਕਟਰ ਹੋ ਗਏ,
ਫ਼ੇਲ੍ਹ, ਜੋ ਅਕਲਾਂ ਵਾਲ਼ੇ ਵੇ।
ਮਾਲਕ ਮੁਲਖ਼ਾਂ, ਸਮੁੰਦਰਾਂ, ਤੇਲਾਂ ਦੇ,
ਬਹਿ ਗਏ ਮਾਰ ਕੇ ਤਾਲੇ ਵੇ।
’ਕੱਲੇ-’ਕੱਲੇ ਦੇ ’ਸੰਘਾ’ ਦੇਤੀ ਛਿੱਕਲ਼ੀ,
ਰੱਬਾ ਮੰਨ ਗਏ ਸਕੀਮਾਂ ਤੇਰੀਆਂ ਨੂੰ।
ਲੈ ਬਖ਼ਸ਼ ਮਾਲਕਾ……………. ।