ਹਰਪ੍ਰੀਤ ਸਿੰਘ ਲਲਤੋਂ
ਸਿਰ ਤੋਂ ਵਾਰ ਮਿਰਚਾਂ,ਆਪਣੇ ਸਿਰ ਲੈਣ ਬਲਾਵਾਂ,
ਜੱਗ ਆਖੇ ,ਰੱਬ ਦਾ ਦੂਜਾ ਰੂਪ ਹੁੰਦੀਆਂ ਨੇ ਮਾਂਵਾਂ।
ਮੇਰੀ ਮਾਂ ਮੇਰੇ ਕੋਲ ,ਰੱਬ ਮੈਨੂੰ ਮੇਰੀ ਤਰਫ਼ ਲੱਗਦਾ,
ਮਾਂ ਮੈਨੂੰ ਸੰਸਾਰ ਦਾ ,ਸਭ ਤੋਂ ਸੁੱਚਾ ਹਰਫ਼ ਲੱਗਦਾ।
ਮਨ-ਘੜਤ ਨਾ ਗੱਲਾਂ ,ਯਥਾਰਥ ਕੁੱਲ ਦੁਨੀਆਂ ਜਾਣਦੀ,
ਸਾਕ ਤੁਲ ਮਾਂ ਦੇ ਨਾ ,ਹੋਰ ਨਿਰਸਵਾਰਥ ਦੁਨੀਆਂ ਜਾਣਦੀ।
ਮਾਂ ਦੇ ਹੁੰਦਿਆਂ ਹਨੇਰੇ,ਚ ਉਜਾਲਾ ਚਾਰੋਂ ਤਰਫ਼ ਲੱਗਦਾ,
ਮਾਂ ਮੈਨੂੰ ਸੰਸਾਰ ਦਾ ਸਭ ਤੋਂ………।
ਮਾਂ ਜੋ ਝੱਲਦੀ ਏ ਪੀੜ ,ਨਾ ਕਿਸੇ ਤੋਂ ਕਲਮਬੱਧ ਹੋਈ,
ਮਿੱਠੀ ਮਿੱਠੀ ਲੋਰੀ ਦੇ ਤੁਲ,ਸੰਗੀਤ ਨਾ ਅਨਹੱਦ ਕੋਈ।
ਮਾਂ ਦੀ ਗੋਦ ,ਤੱਤੀ ਪੌਣ ਦਾ ਬੁੱਲਾ,ਵੀ ਬਰਫ਼ ਲੱਗਦਾ,
ਮਾਂ ਮੈਨੂੰ ਸੰਸਾਰ ਦਾ ਸਭ ਤੋਂ……।
ਹਰ ਇੱਕ ਸ਼ਾਹ ਨਾਲ ਲੋੜਦੀ ,ਧੀ ਪੁੱਤ ਲਈ ਮੰਨਤ,
ਅੱਤ ਕਥਨੀ ਨਾ ਕਹਿਣ ‘ਚ ,ਮਾਂ ਦੇ ਕਦਮਾਂ’ਚ ਜੰਨਤ।
ਮਾਂ ਦੇ ਕੇ ,ਰੱਬ ਖੁਦ ,ਨਾਲ ਕਰਾਇਆ ਤਆਰਫ ਲੱਗਦਾ,
ਮਾਂ ਮੈਨੂੰ ਸੰਸਾਰ ਦਾ ਸਭ ਤੋਂ………।
ਪੈਰ ਪੈਰ ਕੁਰਬਾਨ ਹੋਣ ਦੀ ,ਇੱਕੋ ਇੱਕ ਉਦਾਹਰਣ,
ਲਾਡ ਪਿਆਰ,ਅਸ਼ੀਸ, ਮਮਤਾ,ਦਾ ਅਮੁੱਕ ਭੰਡਾਰਿਣ।
ਜੋ ਪੁੱਤ ਮਾਂ ਦੁਰਕਾਰੇ ਲਲਤੋਂ , ਉਹ ਕਮਜਰਫ ਲੱਗਦਾ,
ਮਾਂ ਮੈਨੂੰ ਸੰਸਾਰ ਦਾ ਸਭ ਤੋਂ…………।