ਅਸ਼ੋਕ ਵਰਮਾ
ਬਠਿੰਡਾ,11ਸਤੰਬਰ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਵਿੱਚ ਲਾਏ ਮੋਰਚੇ ਦੌਰਾਨ ਪਿਛਲੇ ਦਿਨਾਂ ਦੌਰਾਨ ਹੋਈਆਂ ਮੀਟਿੰਗਾਂ ਬੇ-ਸਿੱਟਾ ਰਹਿਣ ਤੋਂ ਬਾਅਦ ਅੱਜ ਧਰਨੇ ਦੇ ਦਸਵੇਂ ਦਿਨ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਤਿੰਨਾਂ ਗੇਟਾਂ ਤੇ ਧਾਵਾ ਬੋਲਿਆ ਅਤੇ ਅਫਸਰ ਤੇ ਸਰਕਾਰੀ ਮੁਲਾਜਮ ਬੰਦੀ ਬਣਾ ਲਏ। ਰੌਚਕ ਤੱਥ ਹੈ ਕਿ ਇਸ ਤੋਂ ਪਹਿਲਾਂ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰਦਿਆਂ ਇਸ ਗੁਪਤ ਐਕਸ਼ਨ ਦੀ ਰੂਪ ਰੇਖਾ ਉਲੀਕੀ ਸੀ ਜਿਸ ਦੀ ਸੂਹ ਲਗਾਉਣ ’ਚ ਖੁਫੀਆ ਏਜੰਸੀਆਂ ਪੂਰੀ ਤਰਾਂ ਨਾਕਾਮ ਰਹੀਆਂ। ਅੱਜ ਇੱਕ ਵਜੇ ਦੇ ਕਰੀਬ ਸਰਕਾਰੀ ਵਤੀਰੇ ਤੋਂ ਭੜਕੇ ਕਿਸਾਨਾਂ ਨੇ ਸਕੱਤਰੇਤ ਦੇ ਤਿੰਨਾਂ ਗੇਟਾਂ ਤੇ ਕਬਜਾ ਕਰ ਲਿਆ ਅਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਅੰਦਰ ਨਾਂ ਜਾਣ ਦਿੱਤਾ।
ਪਤਾ ਲੱਗਿਆ ਹੈ ਕਿ ਇਸ ਦੌਰਾਨ ਕਈ ਕਰਮਚਾਰੀ ਕੰਧਾਂ ਟੱਪ ਕੇ ਅੰਦਰ ਦਾਖਲ ਵੀ ਹੋਏ ਪਰ ਜਿਆਦਾਤਰ ਮੁਲਜਮਾਂ ਨੂੰ ਅੰਦਰ ਹੀ ਰਹਿਣਾ ਪਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁੂਬਾ ਜਰਨਲ ਸਕੱਤਰ ,ਆਗੂ ਬਲਦੇਵ ਸਿੰਘ ਸਦੋਹਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਭੀਖ ਮੰਗਣ ਲਈ ਨਹੀਂ ਸਗੋਂ ਆਪਣੀਆਂ ਬਣਦੀਆਂ ਜਾਇਜ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੜਕਾਂ ’ਤੇ ਉੱਤਰੇ ਹਾਂ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸਾਨ ਜਗਸੀਰ ਸਿੰਘ ਦੇ ਲੜਕੇ ਨੂੰ ਸਰਕਾਰੀ ਨੌਕਰੀ ਅਤੇ ਮੰਡੀ ਕਲਾਂ ਨਗਰ ਪੰਚਾਇਤ ਨੂੰ ਮੁੜ ਤੋਂ ਪੰਚਾਇਤ ਦਾ ਦਰਜਾ ਦੇਣ ਦਾ ਪੱਕਾ ਵਾਅਦਾ ਕੀਤਾ ਗਿਆ ਸੀ ਪਰ ਅਫਸਰਾਂ ਨੇ ਸਮਝੌਤੇ ਤੋਂ ਪਿੱਛੇ ਹਟਕੇ ਕਿਸਾਨਾਂ ਦੇ ਜਖਮਾਂ ’ਤੇ ਲੂਣ ਛਿੜਕਿਆ ਹੈ ।
ਆਗੂਆਂ ਨੇ ਆਖਿਆ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਇਸ ਲਈ ਅਸੀਂ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਸਕੱਤਰੇਤ ਦਾ ਘਿਰਾਓ ਕੀਤਾ ਹੈ। ਕਿਸਾਨ ਅਗੂਆਂ ਨੇ ਕਿਸਾਨ ਜਗਸੀਰ ਸਿੰਘ ਦੇ ਲੜਕੇ ਨੂੰ ਸਰਕਾਰੀ ਨੌਕਰੀ, ਮੰਡੀ ਕਲਾਂ ਦੀ ਨਗਰ ਪੰਚਾਇਤ ਨੂੰ ਰੱਦ ਕਰਕੇ ਗਰਾਮ ਪੰਚਾਇਤ ਬਣਾਉਣ, ਪਰਾਲੀ ਸਬੰਧੀ ਪਾਏ ਕੇਸ,ਜੁਰਮਾਨੇ ,ਰੈਡ ਐਟਰੀਆਂ ਰੱਦ ਕਰਨ ਆਦਿ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਤੱਕ ਮੋਰਚਾ ਜਾਰੀ ਰਹੇਗਾ। ਇਸ ਮੌਕੇ ਅਰਜਨ ਸਿੰਘ ਫੂਲ, ਅਗਰੇਜ ਸਿੰਘ , ਕੁਲਵੰਤ ਸਿੰਘ ਨਹਿਆਂ ਵਾਲਾ ਸੁਖਦੇਵ ਸਿੰਘ ਫੂਲ, ਕਰਮ ਸਿੰਘ ਰਾਮਪੁਰਾ, ਮਹਿਮਾ ਸਿੰਘ ਤਲਵੰਡੀ ਸਾਬੋ, ਪਰਵਿੰਦਰ ਸਿੰਘ ਗਹਿਰੀ, ਰਣਜੀਤ ਸਿੰਘ ਜੀਦਾ, ਗੁਰਮੇਲ ਸਿੰਘ ਲਹਿਰਾ, ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ ਅਤੇ ਬਲਰਾਜ ਸਿੰਘ ਮੰਡੀ ਕਲਾਂ ਆਗੂ ਸ਼ਾਮਲ ਸਨ।