ਪੀਵਾਰ ਵੱਲੋਂ ਪੁਲਿਸ ਦੀ ਕਹਾਣੀ ਰੱਦ
ਅਸ਼ੋਕ ਵਰਮਾ
ਬਠਿੰਡਾ,8 ਸਤੰਬਰ। ਸ਼ਨੀਵਾਰ ਦੇਰ ਸ਼ਾਮ ਹੋਏ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸੰਧੂ ਦੇ ਕਤਲ ਨੂੰ ਲੈਕੇ ਮਾਪਿਆਂ ਨੇ ਪੁਲਿਸ ਦੀ ਥਿਊਰੀ ਨੂੰ ਕਟਹਿਰੇ ’ਚ ਖੜਾ ਕੀਤਾ ਹੈ। ਹਾਲਾਂਕਿ ਐਐਸਪੀ ਨੇ ਪੱਤਰਕਾਰਾਂ ਵੱਲੋਂ ਕਤਲ ਸਬੰਧੀ ਪੁੱਛੇ ਸਵਾਲਾਂ ਦੌਰਾਨ ਜਤਾਏ ਖਦਸ਼ਿਆਂ ਨੂੰ ਰੱਦ ਕਰਦਿਆਂ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਸਹੀ ਮੁਲਜਮ ਨੂੰ ਗਿ੍ਰਫਤਾਰ ਕੀਤਾ ਹੈ ਪਰ ਸੁਖਨਪ੍ਰੀਤ ਸੰਧੂ ਦੇ ਮਾਪਿਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸੀਆਈਏ ਸਟਾਫ 2 ਦੀ ਜਾਂਚ ਨੂੰ ਸਿਰੇ ਤੋਂ ਰੱਦ ਕਰਦਿਆਂ ਸੀਆਈਏ ਸਟਾਫ ਵਨ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਦਿੱਤੀ ਹੈ। ਮਿ੍ਰਤਕ ਦੇ ਪਿਤਾ ਗੁਰਵਿੰਦਰ ਸਿੰਘ ਸੰਧੂੂ ਨੇ ਆਖਿਆ ਕਿ ਜੇਕਰ ਪ੍ਰੀਵਾਰ ਨੂੰ ਨਿਆਂ ਨਾਂ ਮਿਲਿਆ ਅਤੇ ਪੁਲਿਸ ਨੇ ਸਹੀ ਕਾਤਲ ਨਾਂ ਫੜੇ ਤਾਂ ਉਹ ਪ੍ਰੀਵਾਰ ਸਮੇਤ ਆਤਮਹੱਤਿਆ ਕਰ ਲੈਣਗੇ।
ਉਨਾਂ ਕਿਹਾ ਕਿ ਪੁਲਿਸ ਪੂਰੀ ਤਰਾਂ ਗੁਮਰਾਹਕੁੰਨ ਤੱਥ ਪੇਸ਼ ਕਰ ਰਹੀ ਹੈ ਜਦੋਂਕਿ ਸੁਖਨਪ੍ਰੀਤ ਸੰਧੂ ਦਾ ਕਤਲ ਸੁਪਾਰੀ ਦੇਕੇ ਕਰਵਾਇਆ ਹੈ। ਉਨਾਂ ਆਖਿਆ ਕਿ ਇਹ ਕਤਲ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਿਸੇ ਪੇਸ਼ੇਵਰ ਅਪਰਾਧੀ ਵੱਲੋਂ ਕੀਤਾ ਗਿਆ ਹੈ। ਉਨਾਂ ਆਖਿਆ ਕਿ ਪੁਲਿਸ ਮਾਮਲੇ ਨੂੰ ਪੈਸਿਆਂ ਦੇ ਲੈਣ ਦੇਣ ਨਾਲ ਜੋੜ ਕੇ ਅਸਲ ਕਾਤਲਾਂ ਨੂੰ ਬਚਾ ਰਹੀ ਹੈ। ਗੁਰਵਿੰਦਰ ਸੰਧੂ ਨੇ ਕਿਹਾ ਕਿ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਦੀ ਜਿਹੜੀ ਕਹਾਣੀ ਘੜੀ ਹੈ, ਉਹ ਪੂਰੀ ਤਰਾਂ ਬੇਬੁਨਿਆਦ ਅਤੇ ਤੱਥਹੀਣ ਹੈ, ਕਿਉਂਕਿ ਸੁਖਨਪ੍ਰੀਤ ਸੰਧੂ ਤਾਂ ਖੁਦ ਫਾਇਨਾਂਸ ਦਾ ਕੰਮ ਕਰਦਾ ਸੀ, ਜਿਸ ਕਰਕੇ ਉਸ ਨੁੰ ਕਿਸੇ ਕੋਲੋਂ ਕਰਜ਼ਾ ਲੈਣ ਦੀ ਜ਼ਰੂਰਤ ਨਹੀਂ ਸੀ। ਉਨਾਂ ਆਖਿਆ ਕਿ ਸੁਖਨਪ੍ਰਰੀਤ ਦਾ ਕੈਨੇਡਾ ਨਿਵਾਸੀ ਲੜਕੀ ਨਾਲ ਵਿਆਹ ਹੋਣ ਵਾਲਾ ਸੀ ਜਿਸ ਲਈ ਪ੍ਰੀਵਾਰ ਵੱਲੋਂ ਤਿਆਰੀਆਂ ਕਰ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ।
ਮਿ੍ਰਤਕ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਸਰੀਰਕ ਪੱਖੋਂ ਕਾਫੀ ਤਾਕਤਵਰ ਸੀ ਜਿਸ ਦੇ ਚੱਲਦਿਆਂ ਇੱਕ ਬੰਦੇ ਵੱਲੋਂ ਉਸ ਨੂੰ ਕਾਬੂ ਸੰਭਵ ਹੀ ਨਹੀਂ ਹੈ। ਉਨਾਂ ਆਖਿਆ ਕਿ ਸੁਖਨਪ੍ਰੀਤ ਤਾਂ ਇਕੱਲਾ ਚਾਰ ਜਣਿਆਂ ਤੇ ਭਾਰੀ ਪੈਣ ਦੀ ਸਮਰੱਥਾ ਰੱਖਦਾ ਸੀ ਫਿਰ ਪੁਲਿਸ ਕਿਸ ਤਰਾਂ ਦਾਅਵਾ ਕਰ ਰਹੀ ਹੈ ਕਿ ਇੱਕ ਬੰਦੇ ਨੇ ਉਸ ਨੂੰ ਅੱਖ ਦੇ ਫੋਰੇ ’ਚ ਰਿਵਾਲਵਰ ਖੋਹ ਕੇ ਜਾਨੋ ਮਾਰ ਦਿੱਤਾ। ਉਨਾਂ ਆਖਿਆ ਕਿ ਪੁਲਿਸ ਨੇ ਸਹ ਢੰਗ ਨਾਲ ਜਾਂਚ ਕਰਨ ਦੀ ਥਾਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ ਜੇਕਰ ਪੁਲਿਸ ਨੇ ਨਿਰਪੱਖ ਜਾਂਚ ਨਾਂ ਕੀਤੀ ਤਾਂ ਉਹ ਮਾਮਲਾ ਅਦਾਲਤ ਲਿਜਾਣਗੇ। ਇਸ ਮੌਕੇ ਸੁਖਨਪ੍ਰੀਤ ਸੰਧੂ ਦੀ ਪੁਲਿਸ ਦੀ ਕਹਾਣੀ ਨੂੰ ਤੱਥਹੀਣ ਕਰਾਰ ਦਿੰਦਿਆਂ ਆਪਣੇ ਭਰਾ ਦੇ ਕਾਤਲਾਂ ਨੂੰ ਫੜਨ ਤੇ ਇਨਸਾਫ ਦੇਣ ਦੀ ਮੰਗ ਦੁਰਹਾਈ।
ਗੌਰਤਲਬ ਹੈ ਕਿ ਬਠਿੰਡਾ ’ਚ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਨਪ੍ਰੀਤ ਸਿੰਘ ਸੰਧੂ ਨੂੰ ਸ਼ਨੀਵਾਰ ਦੇਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਦੀ ਲਾਸ਼ ਠੰਢੀ ਸੜਕ ਤੇ ਸਥਿਤ ਸ਼ਿਵ ਮੰਦਰ ਨੂੰ ਜਾਂਦੀ ਸੜਕ ਤੋਂ ਮਿਲੀ ਸੀ ਪੁਲਿਸ ਮੁਤਾਬਕ 23 ਸਾਲ ਦੇ ਸੁਖਨਪ੍ਰੀਤ ਸਿੰਘ ਸੰਧੂ ਦੀ ਹੱਤਿਆ ਉਸੇ ਦੇ ਲਾਇਸੰਸੀ ਰਿਵਾਲਵਰ ਨਾਲ ਹੀ ਕੀਤੀ ਗਈ ਹੈ। ਪੁਲਿਸ ਅਨੁਸਾਰ ਉਹ ਆਪਣੇ ਘਰ ਤੋਂ ਕਿਸੇ ਜਾਣ-ਪਛਾਣ ਵਾਲੇ ਨੂੰ 40 ਹਜਾਰ ਦੇਣ ਲਈ ਗਿਆ ਸੀ। ਵਾਰਦਾਤ ਵਾਲੀ ਥਾਂ ਤੇ ਸੁਖਨਪ੍ਰੀਤ ‘ਤੇ ਸਕੂਟੀ ਸਮੇਤ ਡਿੱਗਿਆ ਪਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੰਜੇ ਠਾਕੁਰ ਨਾਂ ਦੇ ਫਾਇਨਾਸਰ ਨਾਲ ਉਸਦਾ ਪੈ ਪੈਸਿਆਂ ਪਿੱਛੇ ਝਗੜਾ ਹੋਇਆ ਜਿਸ ਕਰਕੇ ਠਾਕੁਰ ਨੇ ਸੁਖਨਪ੍ਰੀਤ ਦਾ ਕਤਲ ਕਰ ਦਿੱਤਾ ਹੈ।