?ਕੋਰੋਨਾ ਵਾਇਰਸ ਦੇ ਫੈਲਾਅ ਨਾਲ ਪੈਦਾ ਹੋ ਰਹੇ ਹਾਨੀਕਾਰਕ ਹਾਲਤ ਨੂੰ ਸੀਮਤ ਰੱਖਣ ਲਈ ਪ੍ਰਸ਼ਾਸਨ ਨੇ ਮਹਿਲ ਕਲਾਂ ਕਸਬੇ ਨੂੰ ਕੰਟੇਨਮੈਂਟ ਜ਼ੋਨ ਕੀਤਾ।
ਬਰਨਾਲਾ (ਰਾਜਿੰਦਰ ਵਰਮਾ)
ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ‘ਚ ਕੋਵਿਡ 19 ਦਾ ਖਤਰਾ ਹੋਰ ਵੀ ਵਧ ਗਿਆ ਹੈ। ਮਹਿਲਕਲਾਂ ਵਿੱਚ ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਲਈ ਜਿਲ੍ਹਾ ਪ੍ਰਸ਼ਾਸਨ ਨੇ ਮਜ਼ਬੂਰੀ ਵਸ ਪੂਰੇ ਮਹਿਲ ਕਲਾਂ ਕਸਬੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ। ਹੁਣ ਇਸ ਇਲਾਕੇ ਦੇ ਲੋਕਾਂ ਦਾ ਕਿਸੇ ਵੀ ਹਾਲਤ ‘ਚ ਘਰਾਂ ਜਾਂ ਇਲਾਕੇ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ, ਗੈਸ ਸਿਲੰਡਰ, ਸਬਜ਼ੀਆਂ ਤੇ ਫਲ, ਦੁੱਧ ਦੀ ਸਪਲਾਈ ਤੇ ਐਮਰਜੈਂਸੀ ਹਾਲਤ ‘ਚ ਟੈਸਟ ਤੇ ਦਵਾਈਆਂ ਆਦਿ ਪਹੁੰਚਾਉਣ ਦੀ ਜ਼ਿੰਮੇਵਾਰੀ ਹੁਣ ਪ੍ਰਸ਼ਾਸਨ ਨੇ ਲੈ ਲਈ ਹੈ।
ਹਰ ਘਰ ਦੇ ਮੈਂਬਰ ਦਾ ਹੋਵੇਗਾ ਮੈਡੀਕਲ ਚੈੱਕਅੱਪ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੋਰ-ਟੂ-ਡੋਰ ਜਾ ਕੇ ਹਰ ਘਰ ਦੇ ਮੈਂਬਰ ਦਾ ਮੈਡੀਕਲ ਚੈਕਅੱਪ ਕਰਨਗੀਆਂ ਤੇ ਚੈੱਕ ਕੀਤੇ ਵਿਅਕਤੀਆਂ ਦੀ ਰਿਕਾਰਡ ਸੂਚੀ ਉਨ੍ਹਾਂ ਦੇ ਦਫ਼ਤਰ ਨੂੰ ਭੇਜਣਗੀਆਂ। ਇਲਾਕੇ ‘ਚ ਮੈਡੀਕਲ ਐਮਰਜੈਂਸੀ ਲਈ, ਇਕ ਐਂਬੂਲੈਂਸ 24 ਘੰਟੇ ਹਾਜ਼ਰ ਰੱਖੀ ਜਾਵੇਗੀ। ਇਸ ਪੂਰੇ ਇਲਾਕੇ ਦੀ ਕਮਾਨ ਐੱਸਡੀਐੱਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੂੰ ਸੰਭਾਲੀ ਗਈ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਸਾਂਭਣ ਦੀ ਜ਼ਿੰਮੇਵਾਰੀ ਐਸਪੀ ਐਂਟੀਨਾਰਕੋਟਿਕ ਰੁਪਿੰਦਰ ਭਾਰਦਵਾਜ ਤੇ ਮਹਿਲ ਕਲਾਂ ਡੀਐਸਪੀ ਪਰਮਿੰਦਰ ਸਿੰਘ ਦੀ ਹੋਵੇਗੀ।