ਕਮਾਂਡੋ ਫੋਰਸ ਨੇ ਗੁਰਦੁਆਰੇ ਨੂੰ ਘੇਰਾ ਪਾ ਕੇ 7 ਨਿਹੰਗ ਫੜੇ
ਪਟਿਆਲਾ ( ਪੰਜ ਦਰਿਆ ਬਿਓਰੋ )
ਪਟਿਆਲਾ ਸ਼ਹਿਰ ਦੀ ਵੱਡੀ ਸਬਜ਼ੀ ਮੰਡੀ ਦੇ ਬਾਹਰ ਪੁਲਸ ‘ਤੇ ਹਮਲਾ ਕਰਕੇ ਇੱਕ ਥਾਣੇਦਾਰ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਨੂੰ ਪੁਲਸ ਨੇ ਘੇਰਾ ਪਾ ਕੇ ਗੁਰਦੁਆਰਾ ਖਿਚੜੀ ਸਾਹਿਬ ਤੋਂ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਦੁਵੱਲੀ ਗੋਲੀਬਾਰੀ ਹੋਣ ਅਤੇ ਇੱਕ ਨਿਹੰਗ ਦੇ ਗੋਲੀ ਵੱਜਣ ਦੀ ਵੀ ਖਬਰ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਗੱਡੀ ਵਿੱਚ ਸਵਾਰ ਕੁਝ ਨਿਹੰਗਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਤਾਂ ਪੁਲਸ ਨੇ ਜਦੋਂ ਉਹਨਾਂ ਨੂੰ ਰੋਕਣ ਲੱਗੀ ਤਾਂ ਅੱਗੋਂ ਨਿਹੰਗਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ ਅਤੇ ਹਮਲਾਵਰ ਹੋਏ ਨਿਹੰਗਾਂ ਨੇ ਇਕ ਏ.ਐਸ.ਆਈ ਦੀ ਗੁੱਟ ਕੱਟ ਦਿੱਤਾ, ਜਦੋਂਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਜਿਸ ਥਾਣੇਦਾਰ ਗੁੱਟ ਕੱਟਿਆ ਗਿਆ ਹੈ, ਉਸਨੂੰ ਪੀ.ਜੀ.ਆਈ ਚੰਡੀਗੜ ਭੇਜਿਆ ਹੈ। ਦੂਸਰੇ ਪਾਸੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਅਨੁਸਾਰ ਹਮਲਾਵਰ ਨਿਹੰਗਾਂ ਨੂੰ ਫੜਨ ਲਈ ਪੁਲਸ ਵੱਲੋਂ ਬਲਬੇੜਾ ਖੇਤਰ ਦੇ ਉਸ ਗੁਰਦੁਆਰਾ ਖਿਚੜੀ ਸਾਹਿਬ ਨੂੰ ਘੇਰਾ ਪਾਕੇ ਉਥੇ ਲੁੱਕੇ ਹਮਲਾਵਰ ਨਿਹੰਗਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਨੇ ਅੱਗੋਂ ਪੁਲਸ ‘ਤੇ ਗੋਲੀ ਚਲਾ ਦਿੱਤੀ। ਇਸ ਉਪਰੰਤ ਹੋਈ ਝੜਪ ਤੋਂ ਬਾਅਦ ਪੁਲਸ ਨੇ ਗੁਰਦੁਆਰਾ ਖਿਚੜੀ ਸਾਹਿਬ ਵਿੱਚੋਂ ਹਮਲਾਵਰਾਂ ਸਮੇਤ 7 ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਏਡੀਜੀਪੀ ਰਾਕੇਸ਼ ਚੰਦਰ ਦੀ ਅਗਵਾਈ ਵਿੱਚ ਕਮਾਂਡੋ ਫੋਰਸ ਦੇ ਪਹੁੰਚਣ ਦੀ ਖਬਰ ਹੈ।