ਮਾਮਲਾ ਤਸ਼ੱਦਦ ਕਾਰਨ ‘ਬ੍ਰੇਨ ਹੈਮਰੇਜ’ ਹੋਣ ਦਾ
ਅਸ਼ੋਕ ਵਰਮਾ
ਮਾਨਸਾ ,5ਸਤੰਬਰ। ਮਾਨਸਾ ਦੇ ਐਕਸਾਈਜ ਸਟਾਫ ਵੱਲੋਂ ਕਥਿਤ ਤਸੀਹੇ ਦੇਣ ਕਾਰਨ ਮਾਨਸਾ ਦੇ ਇਕ ਵਿਅਕਤੀ ਨੂੰ ‘ਬ੍ਰੇਨ ਹੈਮਰੇਜ’ ਦੇ ਨਾਲ ਨਾਲ ਅਧਰੰਗ ਹੋਣ ਕਾਰਨ ਤਾ ਉਮਰ ਨਿਕਾਰਾ ਹੋਣ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਪੰਜਾਬ ਸਮੇਤ 4ਜਣਿਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਨੇ ਮਾਮਲੇ ਦੀ ਗੰਭੀਰਤਾ ਨੰ ਦੇਖਦਿਆਂ ਮਾਨਸਾ ਦੇ ਐਸ.ਐਸ.ਪੀ. ਨੂੰ ਖੁਦ ਜਾਂਚ ਕਰਕੇ ਸਟੇਟਸ ਰਿਪੋਰਟ ਦਾਖਲ ਕਰਨ ਲਈ ਵੀ ਆਖਿਆ ਹੈ। ਹਾਈਕੋਰਟ ਨੇ ਇਹ ਕਾਰਵਾਈ ਇਸ ਸਬੰਧੀ ਦਾਇਰ ਇੱਕ ਰਿੱਟ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੀਤੀ ਹੈ।
ਮਾਨਸਾ ਨਿਵਾਸੀ ਕਾਂਤਾ ਰਾਣੀ ਨੇ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ ਐਕਸਾਈਜ ਵਿਭਾਗ ਦੀ ਟੀਮ ਨੇ 18 ਜੂਨ 2020 ਨੂੰ ਮਾਨਸਾ ਐਕਸਾਈਜ ਵਿਭਾਗ ਦੇ ਅਿਿਧਕਾਰੀਆ ਅਤੇ ਪੰਜਾਬ ਪੁਲਿਸ ਦੇ ਏਐਸਆਈ ਅਤੇ ਇੱਕ ਸ਼ਰਾਬ ਕਾਰੋਬਾਰੀ ਦੇ ਨਾਲ ਉਸ ਦੇ ਪਤੀ ਪਵਨ ਕੁਮਾਰ ਨੂੰ ਕਥਿਤ ਤੌਰ ਤੇ ਘਰੋਂ ਚੁੱਕ ਕੇ ਦਫਤਰ ਲੈ ਗਏ ਅਤੇ ਉਸ ਤੇ ਬੁਰੀ ਤਰਾਂ ਤਸ਼ੱਦਦ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਕਾਰਨ ਪਵਨ ਕੁਮਾਰ ਦੀ ਹਾਲਤ ਕਾਫੀ ਵਿਗੜ ਗਈ ਅਤੇ ਉਸ ਨੂੰ ‘ਬ੍ਰੇਨ ਹੈਮਰੇਜ’ ਹੋਣ ਦੇ ਚੱਲਦਿਆਂ ਅਧਰੰਗ ਹੋ ਗਿਆ। ਕਾਂਤਾ ਰਾਣੀ ਦਾ ਕਹਿਣਾ ਹੈ ਕਿ ਪਵਨ ਕੁਮਾਰ ਮੱਝਾਂ ਨੂੰ ਪਾਲ ਕੇ ਦੁੱਧ ਵੇਚਣ ਰਾਹੀਂੇ ਘਰ ਦਾ ਗੁਜਾਰਾ ਚਲਾਉਦਾ ਸੀ, ਉਸ ਦੇ ਮੰਜੇ ਤੇ ਪੈਣ ਨਾਲ ਉਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਬਚਿਆ ਅਤੇ ਮਰੀਜ਼ ਜ਼ਿੰਦਗੀ-ਮੌਤ ਦੀ ਲੜਾਈ ਵੀ ਲੜ ਰਿਹਾ ਹੈ।
ਕਾਂਤਾ ਰਾਣੀ ਨੇ ਪਟੀਸ਼ਨ ਵਿੱਚ ਦੱਸਿਆ ਕਿ ਉਸ ਨੇ ਘਟਨਾ ਸੰਬੰਧੀ ਥਾਣਾ ਸਿਟੀ-2 ਵਿੱਚ ਸ਼ਕਾਇਤ ਦਿੱਤੀ ਸੀ ਅਤੇ ਕੋਈ ਕਾਰਵਾਈ ਨਾਂ ਹੁੰਦਿਆਂ ਦੇਖ ਮਾਨਸਾ ਦੇ ਐਸਅਸਪੀ ਨੂੰ ਸ਼ਕਾਇਤ ਦੇ ਕੇ ਸੰਬੰਧਿਤ ਅਧਿਕਾਰੀਆਂ ਤੇ ਕਾਰਵਾਈ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਸੀ। ਉਨਾਂ ਦੱਸਿਆ ਕਿ ਜਦੋਂ ਕੋਈ ਰਾਹ ਨਾਂ ਬਚਿਆ ਤਾਂ ਥੱਕ-ਹਾਰ ਅਤੇ ਮਜਬੂਰ ਹੋ ਕੇ ਉਸ ਨੂੰ ਐਡਵੋਕੇਟ ਐਚ ਸੀ ਅਰੋੜਾ ਰਾਹੀਂ ਹਾਈਕੋਰਟ ਦਾ ਦਰਵਾਜਾ ਖਟਖਟਾਉਣਾ ਪਿਆ ਹੈ। ਉਨਾਂ ਦੱਸਿਆ ਕਿ ਹੁਣ ਅਦਾਲਤ ਨੇ ਪੰਜਾਬ ਸਰਕਾਰ, ਡੀ.ਜੀ.ਪੀ, ਐਸ.ਐਸ.ਪੀ., ਅਤੇ ਮੁੱਖ ਥਾਣਾ ਅਫਸਰ ਮਾਨਸਾ ਨੂੰ 18 ਸਤੰਬਰਬਰ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅਦਾਲਤੀ ਹੁਕਮਾਂ ਮੁਤਾਬਕ ਕਾਰਵਾਈ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਜੋ ਵੀ ਨੋਟਿਸ ਆਏਗਾ ਉਸ ਦਾ ਜਵਾਬ ਦੇ ਦਿੱਤਾ ਜਾਏਗਾ ਅਤੇ ਅਦਾਲਤੀ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ।