ਰਜਨੀ ਵਾਲੀਆ, ਕਪੂਰਥਲਾ
ਅੱਖ ਫਿਰਦੀ ਏ ਫੇਰ ਵਰ੍ਹਨ ਨੂੰ,
ਪਿਆਰ ਤੇਰੇ ਦੀ ਕਿਸ਼ਤ ਭਰਨ ਨੂੰ |
ਜੱਗ ਵਿੱਚ ਅੱਜ-ਕੱਲ੍ਹ ਰਹਿ ਗਏ ਟਾਂਵੇ,
ਸੌ ਟਕਾ ਇਤਬਾਰ ਕਰਨ ਨੂੰ |
ਕਈ ਤਾਂ ਜਾਨ ਲੁਟਾਉਣ ਨੂੰ ਫਿਰਦੇ,
ਮਿਲਦੇ ਕਈਆਂ ਤੋਂ ਦੁੱਖ ਜਰਨ ਨੂੰ |
ਮੈਨੂੰ ਪਤਾ ਏ ਕੀ ਕਾਰਨ ਨੇਂ ਉਹਦੇ,
ਮੈਂ ਡਰਦੀ ਰਹਾਂ ਲੈ ਕੇ ਉਹਦੇ ਡਰਨ ਨੂੰ |
ਸੋਹਣੀ ਨੇ ਤਾਰੀ ਕੀ ਲਾਈ ਸੀ ਲੋਕੋ,
ਸੀ ਮਿਲਿਆ ਝਨਾ ਨੂੰ ਘੜਾ ਖਰਨ ਨੂੰ |
ਜਿਉਣ ਦੇ ਸੁਪਨੇ ਤਾਂ ਸਾਰੇ ਈ ਲੈਂਦੇ,
ਕੀਹਦਾ ਜੀਅ ਕਰਦਾ ਏ ਆ ਕੇ ਮਰਨ ਨੂੰ |
ਦੁੱਖਾਂ ਦੀਆਂ ਕੰਧਾਂ ਚ ਸਿਰ ਵੱਜਦੇ ਨੇਂ,
ਕੀਹਦਾ ਜੀਅ ਕਰਦਾ ਏ ਹੌਕੇ ਭਰਨ ਨੂੰ |
ਡੁੱਬਣ ਤੋਂ ਪਹਿਲਾਂ ਹੀ ਤੈਰਿਆ ਜਾਵੇ,
ਕੀਹਦਾ ਜੀਅ ਨਈ ਕਰਦਾ ਤਰਨ ਨੂੰ |
ਰਜਨੀ ਜਿੱਤਣ ਤੋਂ ਪਹਿਲਾਂ ਦਾ ਸੁਪਨਾ ਸੀ,
ਚਿਤ ਕਰਦਾ ਸੀ ਇੱਕ ਵਾਰ ਹਰਨ ਨੂੰ |