ਅਸ਼ੋਕ ਵਰਮਾ
ਬਠਿੰੰਡਾ,1 ਸਤੰਬਰ। ਗੋਨਿਆਣਾ ਰੋਡ ਤੇ ਇੰਪਰੂਵਮੈਂਟ ਟਰੱਸਟ ਦੇ ਨਜ਼ਦੀਕ ਲੰਘੀ 21 ਅਗਸਤ ਨੂੰ ਸਕੌਡਾ ਕਾਰ ’ਤੇ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤੇ ਗਏ ਨੌਜਵਾਨ ਲਲਿਤ ਕੁਮਾਰ ਉਰਫ ਲੱਕੀ ਪੁੱਤਰ ਮੇਹਰ ਚੰਦ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਮਾਮਲੇ ’ਚ ਪੁਲਿਸ ਨੇ ਗਿ੍ਰਫਤਾਰ ਚਾਰਾਂ ਮੁਲਜਮਾਂ ਦਾ ਦੋ ਸਤੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਸੀਆਈਏ ਸਟਾਫ 2 ਦੇ ਇੰਚਾਰਜ ਐਸ ਆਈ ਤਰਜਿੰਦਰ ਸਿੰਘ ਇੰਚਾਰਜ ਅਤੇ ਐਸ ਆਈ ਕਰਮਜੀਤ ਸਿੰਘ ਥਾਣਾ ਸਿਵਲ ਲਾਇਨ ਬਠਿੰਡਾ ਦੀ ਟੀਮ ਨੇ ਇਸ ਕਤਲ ਨੂੰ ਲੈਕੇ ਮੁਲਤਾਨੀਆ ਰਿੰਗ ਰੋਡ ਚੌਂਕ ਨੇੜੇ ਲਾਏ ਨਾਕੇ ਦੌਰਾਨ ਮੁਲਜ਼ਮ ਅਰੁਣ ਕੁਮਾਰ ਉਰਫ ਰਾਹੁਲ ਪੁੱਤਰ ਰਾਧੇ ਸ਼ਾਮ ਵਾਸੀ ਪ੍ਰਤਾਪ ਨਗਰ ਬਠਿੰਡਾ, ਹੀਤੇਸ਼ ਸਿੰਗਲਾ ਉਰਫ ਸੱਫੂ ਪੁੱਤਰ ਰਾਜਿੰਦਰ ਸਿੰਗਲਾ ਵਾਸੀ ਪਰਸਰਾਮ ਨਗਰ ਬਠਿੰਡਾ, ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਆਵਾ ਬਸਤੀ ਬਠਿੰਡਾ, ਸਾਹਿਲ ਸ਼ਰਮਾ ਉਰਫ ਕਿ੍ਰਸ਼ਨ ਪੁੱਤਰ ਦੇਸ ਰਾਜ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਸੀ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਇੱਕ ਰਾਇਫਲ 12 ਬੋਰ ਦੋਨਾਲੀ ਅਤੇ ਇੱਕ ਗੱਡੀ ਸਕਾਰਪਿਓ ਬਿਨਾ ਨੰਬਰ ਵਾਲੀ ਬਰਾਮਦ ਕਰਵਾ ਲਈ ਹੈ। ਹਾਲਾਂਕਿ ਇਸ ਕਤਲ ਪਿੱਛੇ ਰੰਜਿਸ਼ ਦਾ ਕਾਰਨ ਕੁੱਝ ਸਮਾਂ ਪਹਿਲਾਂ ਦੋਵਾਂ ਧਿਰਾਂ ’ਚ ਹੋਏ ਟਕਰਾਅ ਨੂੰ ਮੰਨਿਆ ਜਾ ਰਿਹਾ ਹੈ ਫਿਰ ਵੀ ਪੁਲਿਸ ਗਿ੍ਰਫਤਾਰ ਮੁਲਜਮਾਂ ਤੋਂ ਡੂੰਘਾਈ ਨਾਲ ਪੁੱਛਪੜਤਾਲ ਕਰ ਰਹੀ ਹੈ ਕਿਉਂਕਿ ਇਸ ਕੇਸ ’ਚ ਕੁੱਝ ਅਣਪਛਾਤੇ ਹਮਲਾਵਰ ਵੀ ਸ਼ਾਮਲ ਹਨ ਜਿੰਨਾਂ ਬਾਰੇ ਵੀ ਪਤਾ ਲਾਇਆ ਜਾਣਾ ਹੈ। ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਹੁਣ 2 ਸਤੰਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਉਨਾਂ ਦੱਸਿਆ ਕਿ ਮੁਢਲੇ ਤੌਰ ਤੇ ਕਤਲ ਦਾ ਕਾਰਨ ਆਪਸੀ ਝਗੜਾ ਹੀ ਸਾਹਮਣੇ ਆਇਆ ਹੈ ਫਿਰ ਵੀ ਉਹ ਪੁੱਛਗਿੱਛ ਕਰ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਅਗਸਤ ਦੌਰਾਨ ਨਗਰ ਸੁਧਾਰ ਟਰੱਸਟ ਕੋਲ ਕੁੱਝ ਨੌਜਵਾਨਾ ਨੇ ਅਚਾਨਕ ਫਿਲਮੀ ਸਟਾਈਲ ’ਚ ਸਕੌਡਾ ਸਵਾਰਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਕਰੀਬ ਇੱਕ ਦਰਜਨ ਗੋਲੀਆਂ ਚਲਾਈਆਂ ਅਤੇ ਕਾਰ ਦੀ ਭੰਨਤੋੜ ਕੀਤੀ ਸੀ। ਇਸ ਮੌਕੇ ਸਕੌਡਾ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਵਿਚੋਂ ਲਲਿਤ ਕੁਮਾਰ ਦੇ ਸਿਰ ਵਿਚ ਗੋਲੀ ਲੱਗੀ ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਮਿ੍ਰਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਮੁਲਜਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿੰਨਾਂ ਨੂੰ ਹੁਣ ਕਾਬੂ ਕੀਤਾ ਗਿਆ ਹੈ। ਲਲਿਤ ਕੁਮਾਰ ਫਾਇਨਾਂਸ ਦਾ ਕੰਮ ਕਰਦਾ ਹੈ ਜਦੋਂਕਿ ਕਥਿਤ ਹਮਲਾਵਰ ਫਾਇਨਾਂਸ ਕੰਪਨੀ ਦੇ ਏਜੰਟ ਦੱਸੇ ਜਾ ਰਹੇ ਹਨ ਜਿੰਨਾਂ ਵਿਚਕਾਰ ਝਗੜਾ ਹੋਇਆ ਸੀ ਜੋ ਕਤਲ ਦਾ ਕਾਰਨ ਬਣਿਆ ਹੈ।