ਰਜਨੀ ਵਾਲੀਆ, ਕਪੂਰਥਲਾ
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਜੇ ਨਾ ਉਸਦੀ ਰਹਿਮਤ ਹੋਵੇ,
ਮਿਲਦੀ ਕਦੇ ਵੀ ਢੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਯਸੂ,ਰਾਮ, ਰਹੀਮ,ਨਾਨਕ ਨੇ ਮਿਲਕੇ,
ਇਹ ਇੱਕ ਰੀਤ ਚਲਾਈ ਏ |
ਖਾਣ ਨੂੰ ਰਿਜਕ ਦੇਣਾਂ ਸਭਨਾ ਨੂੰ,
ਇਹਨਾਂ ਦੀ ਵਡਿਆਈ ਏ |
ਉਹਨਾਂ ਆਪਣੀ ਮਾਲਾ ਅੰਦਰ,
ਕਦੇ ਜਾਤ-ਪਾਤ ਪਰੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਉਹ ਕੁੱਲੀਆਂ ਤੋਂ ਢਾਰੇ ਕਰ ਦਏ,
ਢਾਰਿਓਂ ਕਰ ਦਏ ਕੁੱਲੀ |
ਰੱਜੇ ਨੂੰ ਉਹ ਭੁੱਖਾ ਕਰ ਦਏ,
ਤੇ ਦੇਵੇ ਲੋੜਵੰਦ ਨੂੰ ਜੁੱਲੀ |
ਉਸਦੀ ਕੋਈ ਨਾ ਭਾਸ਼ਾ ਜਾਣੇਂ,
ਉਹ ਕਰਦਾ ਕਦੇ ਅਰਜੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਹੱਕ ਦੀ ਖਾਵਣ ਵਾਲਾ ਭੁੱਖਾ,
ਰਹਿ ਕੇ ਵੀ ਕਰੇ ਗੁਜਾਰਾ |
ਉਸਦੀ ਰਹਿਮਤ ਨੂੰ ਹੀ ਲੋੜੇ,
ਸਦਾ ਮੰਗਦਾ ਰਹੇ ਇਸ਼ਾਰਾ |
ਉਹ ਨੰਗੇ ਪਿੰਡੇ ਕਰੇ ਗੁਜਾਰਾ,
ਕਦੇ ਲਵੇ ਨਾ ਕਿਸੇ ਦੀ ਲੋਈ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਉਹ ਮਿਹਨਤ ਮੰਗਦਾ ਬੰਦੇ ਦੀ,
ਕਦੇ ਮੰਗਦਾ ਨਾ ਵਡਿਆਈ |
ਸੰਜੋਗ ਮਿਲਾਵੇ ਉਹ ਸਭਨਾ ਦੇ,
ਪਾਵੇ ਨਾ ਕਦੇ ਜੁਦਾਈ |
ਜਿਸ ਸਿਰ ਉੱਤੇ ਹੱਥ ਧਰ ਦੇਵੇ,
ਓ ਅੱਖ ਕਦੇ ਵੀ ਚੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਖਾਲੀ ਮੱਟੀਆਂ ਭਰ ਦੇਂਦਾ ਏ,
ਜਦ ਉਹ ਭਰਨ ਤੇ ਆ ਜਾਂਦਾ ਏ |
ਉਹ ਏਨਾਂ ਗਹਿਰਾ ਸਮੁੰਦਰੋਂ ਡੂੰਘਾ,
ਕਣ-ਕਣ ਥੀਂ ਸਮਾ ਜਾਂਦਾ ਏ |
ਜਿਸ ਨੂੰ ਨਾਮ ਮਣੀ ਮਿਲ ਜਾਵੇ,
ਉਸ ਹੱਥੋਂ ਕਦੇ ਖੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |
ਜੋ ਮਿਹਨਤ ਦੀ ਕਰਕੇ ਖਾਂਦੇ,
ਜਾਂਦਾ ਉਹਨਾਂ ਤੋਂ ਬਲਿਹਾਰੇ |
ਉਹਨਾ ਵਿਹੜੇ ਬਰਕਤ-ਬਰਕਤ,
ਭਰ-ਭਰ ਝੋਲੀ ਦਏ ਤਾਰੇ |
ਰਜਨੀ ਮੰਜਿਲ ਵੱਲ ਵਧਦੀ ਜਾਵੇ,
ਉਹ ਤਾਂ ਕਦੇ ਖਲੋਈ ਨਾ |
ਦਾਣਾ ਪਾਣੀ ਖਿੱਚ ਲਿਆਉਂਦਾ,
ਬੰਦੇ ਦਾ ਵੱਸ ਕੋਈ ਨਾ |