13.1 C
United Kingdom
Sunday, June 7, 2026

More

    ਮਾਨਸਾ ਜਿਲ੍ਹੇ ਦੇ ਕਿਸਾਨਾਂ ਵੱਲੋਂ 81 ਪਿੰਡਾਂ ’ਚ ਲੀਡਰ ਰੋਕਣ ਲਈ ਨਾਕਾਬੰਦੀ

    ਅਸ਼ੋਕ ਵਰਮਾ
    ਮਾਨਸਾ,25 ਅਗਸਤ। ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਤੇ ਬਿਜਲੀ ਬਿੱਲ ਦੇ ਵਿਰੋਧ ਵਿੱਚ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਅਕਾਲੀ ਭਾਜਪਾ ਆਗੂਆਂ ਨੂੰ ਵੜਨ ਤੋਂ ਰੋਕਣ ਲਈ ਕੀਤੀ ਨਾਕਾਬੰਦੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਿਲਾ ਮਾਨਸਾ ਦੇ 81 ਪਿੰਡਾਂ ਵਿੱਚ ਨਾਕਾਬੰਦੀ ਕੀਤੀ ਗਈ । ਰਾਜ ਪੱਧਰ ਤੇ ਚਲ ਰਹੇ ਇਸ ਸੰਘਰਸ਼ ਵਿੱਚ ਲਗਭਗ 4000 ਕਿਸਾਨਾਂ, 300 ਔਰਤਾਂ ਅਤੇ  400 ਖੇਤ ਮਜ਼ਦੂਰਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ । ਬਹੁਤ ਸਾਰੇ ਪਿੰਡਾਂ ਵਿੱਚੋਂ ਨਾਕੇ ਲਾਉਣ ਤੋਂ ਪਹਿਲਾਂ ਪਿੰਡਾਂ ਵਿੱਚ ਮੁਜਾਹਰੇ ਕਰਨ, ਅਰਥੀ ਫੂਕਣ ,ਢੋਲ ਮਾਰਚ ਕਰਨ ਅਤੇ ਸੱਥ ਰੈਲੀਆਂ ਕਰਨ ਦੀ  ਸੂਚਨਾ ਵੀ ਮਿਲੀ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਨੇ ਭੈਣੀ ਬਾਘਾ ਵਿਖੇ ਹੋਈ ਨਾਕਾ ਰੈਲੀ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰਦ ਕੀਤਾ ਜਾਵੇ, ਬਿਜਲੀ ਬਿੱਲ 2020 ਵਾਪਸ ਲਿਆ ਜਾਵੇ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਟੈਕਸ ਘਟਾ ਕੇ ਖੇਤੀ ਖੇਤਰ ਨੂੰ ਅੱਧੀ ਕੀਮਤ ਤੇ ਡੀਜ਼ਲ ਦਿੱਤਾ ਜਾਵੇ ।                                   ਬਲਾਕਾਂ ਵਿੱਚ ਨਾਕਾਬੰਦੀ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਬਲਾਕ ਪ੍ਰਧਾਨਾਂ ਮੇਜਰ ਸਿੰਘ ਭੀਖੀ,  ਜੁਗਿੰਦਰ ਦਿਆਲਪੁਰਾ,ਮਲਕੀਤ ਸਿੰਘ ਝੁਨੀਰ, ਜੱਗਾ ਸਿੰਘ ਸਰਦੂਲਗੜ ਅਤੇ ਜਗਦੇਵ ਸਿੰਘ ਭੈਣੀ ਬਾਘਾ ਨੇ ਐਲਾਨ ਕੀਤਾ ਕਿ ਅਕਾਲੀ ਭਾਜਪਾ ਦੇ ਆਗੂਆਂ ਨੂੰ 29 ਅਗਸਤ ਤੱਕ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਜੇ ਕੋਈ ਲੀਡਰ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਪਿੰਡ ਨਾਕੇ ਤੇ ਉਸਦਾ ਘਿਰਾਓ ਕਰਕੇ ਵਾਪਸ ਭੇਜਿਆ ਜਾਵੇਗਾ ਅਤੇ ਉਸ ਲੀਡਰ ਨੂੰ ਮੌਕੇ ਤੇ ਹਾਜਰ ਲੋਕਾਂ ਦੇ ਸਵਾਲਾਂ ਦੇ ਜਬਾਬ ਵੀ ਦੇਣੇ ਪੈਣਗੇ । ਜਿਲਾ ਆਗੂਆਂ ਉੱਤਮ ਸਿੰਘ, ਮਿੰਦਰ ਰੁਮਾਣਾ ਤੇ ਦਰਸ਼ਨ ਸਿੰਘ ਢਿੱਲੋਂ ਨੇ ਇਲਾਕੇ ਦੀ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੰਗ ਕੀਤੀ ਕਿ ਉਹ ਇਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਾਉਣ,ਫਸਲਾਂ ਦੇ ਨਿਸਚਤ ਭਾਅ ਯਕੀਨੀ ਕਰਨ ਅਤੇ ਖੇਤੀ ਮੋਟਰਾਂ ਦੀ ਸਬਸਿਡੀ ਖਤਮ ਕਰਨ ਵਾਲਾ ਪ੍ਰਸਤਾਵਿਤ ਬਿਜਲੀ ਬਿੱਲ 2020 ਪਾਰਲੀਮੈਂਟ ਵਿੱਚ ਪੇਸ਼ ਕਰਨ ਤੋਂ ਰੋਕਣ । ਉਨਾਂ ਮੰਗ ਕੀਤੀ ਕਿ ਬੀਬੀ ਬਾਦਲ ਕਿਸਾਨਾਂ ਨਾਲ਼ ਸਪਸ਼ਟ ਰੂਪ ਵਿੱਚ ਖੜੇ ਤੇ ਕੇਂਦਰ ਵਲੋਂ ਕੀਤੇ ਜਾ ਰਹੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੋਕੇੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!