ਅਸ਼ੋਕ ਵਰਮਾ
ਚੰਡੀਗੜ, 25 ਅਗਸਤ । ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜਨ ਲਈ ਬਜ਼ਿਦ ਕੇਂਦਰ ਸਰਕਾਰ ਦੇ ਭਾਜਪਾ ਅਕਾਲੀ ਮੰਤਰੀ,ਐਮ ਪੀ, ਐਮਐਲਏ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਹਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਤੇ ਅੱਜ ਪੰਜ ਰੋਜਾ ਨਾਕਾਬੰਦੀ ਧਰਨੇ ਪਿੰਡ ਪਿੰਡ ਸ਼ੁਰੂ ਕੀਤੇ ਗਏ। ਧਰਨਿਆਂ ਦੀ ਔਨਲਾਈਨ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ ਰਾਹੀਂ ਦੱਸਿਆ ਗਿਆ ਹੈ ਕਿ ਕਰੋਨਾ ਸਾਵਧਾਨੀਆਂ ਵਰਤਦਿਆਂ 13 ਜਿਲਿਆਂ ਦੇ 500 ਤੋਂ ਵੱਧ ਪਿੰਡਾਂ ਦੇ ਧਰਨਿਆਂ ਵਿੱਚ ਹਜਾਰਾਂ ਕਿਸਾਨ ਮਜਦੂਰ ਪਰਵਾਰਾਂ ਸਮੇਤ ਸ਼ਾਮਲ ਹੋਏ। ਧਰਨਾਕਾਰੀਆਂ ਵੱਲੋਂ ਪਿੰਡਾਂ ਦੇ ਮੁੱਖ ਰਸਤਿਆਂ ਤੇ ਬੈਨਰ ਲਟਕਾਏ ਹੋਏ ਹਨ ਕਿ ਭਾਜਪਾ ਅਕਾਲੀ ਮੰਤਰੀ,ਐਮ ਪੀ ਅਤੇ ਐਮਐਲਏ ਦਾ ਪਿੰਡ ਵਿੱਚ ਦਾਖਲਾ ਮਨਾਂ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਗੰਢੂਆਂ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ ਵੱਖ ਆਗੂ ਸ਼ਾਮਲ ਸਨ। ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਲਾਉਂਦੇ ਬੁਲਾਰੇ ਮੰਗ ਕਰ ਰਹੇ ਸਨ ਕਿ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ। ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਰੱਦ ਕਰੋ। ਡੀਜਲ ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰੋ, ਟੈਕਸ ਖਤਮ ਕਰੋ ਤੇ ਖੇਤੀ ਲਈ ਡੀਜਲ ਅੱਧ ਮੁੱਲ ‘ਤੇ ਦਿਓ। ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਉੱਤੇ ਅਤੇ ਬੁੱਧੀਜੀਵੀਆਂ ਸਮਾਜਿਕ ਕਾਰਕੁਨਾਂ ਦੇ ਲਿਖਣ ਬੋਲਣ ‘ਤੇ ਪਾਬੰਦੀਆਂ ਖਤਮ ਕਰੋ ਅਤੇ ਦਰਜ ਕੀਤੇ ਕੇਸ ਰੱਦ ਕਰੋ। ਕਿਸਾਨ ਮਾਰੂ ਸਿਫਾਰਸਾਂ ਕਰ ਰਹੀ ਮੌਂਟੇਕ ਆਹਲੂਵਾਲੀਆ ਕਮੇਟੀ ਨੂੰ ਭੰਗ ਕਰੋ।
ਬੁਲਾਰਿਆਂ ਨੇ ਇਹਨਾਂ ਮੰਗਾਂ ਉੱਤੇ ਵੀ ਬਰਾਬਰ ਜੋਰ ਦਿੱਤਾ ਕਿ ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕੀਤੇ ਜਾਣ। ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜਦੂਰ ਪੱਖੀ ਬਣਾਇਆ ਜਾਵੇ। ਸਵੈ ਰੁਜਗਾਰ ਦੀ ਆੜ ਹੇਠ ਔਰਤਾਂ ਦੀ ਅੰਨੀ ਸੂਦਖੋਰੀ ਲੁੱਟ ਕਰ ਰਹੀਆਂ ਫਾਈਨੈਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕੀਤੇ ਜਾਣ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ2 ਫਾਰਮੂਲੇ ਮੁਤਾਬਕ ਮਿਥੇ ਜਾਣ ਤੇ ਪੂਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੀ ਜਾਵੇ। ਬਠਿੰਡਾ ਸਰਕਾਰੀ ਥਰਮਲ ਬੰਦ ਕਰਨ ਤੇ ਢਾਹੁਣ ਦਾ ਫੈਸਲਾ ਰੱਦ ਕੀਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਨਾਕਾਬੰਦੀ ਧਰਨੇ 29 ਅਗਸਤ ਤੱਕ ਹਰ ਰੋਜ ਲਾਏ ਜਾਣਗੇ। ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ।