ਅਸ਼ੋਕ ਵਰਮਾ
ਬਠਿੰਡਾ, 25 ਅਗਸਤ । ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਮਾਈਕਰੋ ਫਾਈਨਾਸ ਕੰਪਨੀਆਂ ਵੱਲੋਂ ਵਸੂਲੇ ਜਾਂਦੇ ਵਿਆਜ ਰਾਹੀਂ ਕੀਤੀ ਜਾਂਦੀ ਕਥਿਤ ਲੁੱਟ ,ਔਰਤਾਂ ਤੋਂ ਧੋਖੇ ਨਾਲ ਖਾਲੀ ਚੈਕ ਤੇ ਪ੍ਰੋਨੋਟ ਲੈਣ ਵਾਲਿਆਂ ਖਿਲਾਫ ਕੇਸ ਦਰਜ਼ ਕਰਨ,ਮਜਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਬਿਨਾਂ ਜਾਮਨੀ ਲੰਬੀ ਮਿਆਦ ਦੇ ਕਰਜ਼ੇ ਲੈਣ, ਬਿਜਲੀ ਬਿੱਲਾਂ ਦੀ ਮਾਫੀ ਪੁੱਟੇ ਮੀਟਰ ਚਾਲੂ ਕਰਨ, ਮਨਰੇਗਾ ਦੇ ਬਕਾਏ ਲੈਣ, ਕੱਟੇ ਹੋਏ ਨੀਲੇ ਕਾਰਡ ਚਾਲੂ ਕਰਵਾਉਣ ਅਤੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਰਾਹੀਂ ਜਮੀਨਾਂ ਦੀ ਵੰਡ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਵਿੱਚ ਕਰਵਾਉਣ ਆਦਿ ਮੰਗਾਂ ਨੂੰ ਲੈਕੇ ਅੱਜ ਖੇਤ ਮਜਦੂਰਾਂ ਨੇ ਧਰਨਾ ਦੇਣ ਉਪਰੰਤ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਵੱਲ ਰੋਸ ਮਾਰਚ ਕੀਤਾ। ਮਾਰਚ ਦੌਰਾਨ ਮਜਦੂਰਾਂ ਨੇ ਖੇਤ ਮਜਦੂਰਾਂ ਦੇ ਕਰਜ਼ੇ ਮਾਫ਼ ਕਰੋ, ਖੇਤ ਮਜਦੂਰ ਇਹ ਮੰਗ ਕਰਦੇ- ਬਿਨਾਂ ਜਾਮਨੀ ਸਸਤੇ ਕਰਜੇ, ਜਿਨਾਂ ਦਾ ਖੇਤੀ ਵਗੇ ਪਸੀਨਾਂ ਉਨਾਂ ਦੇ ਨਾਂ ਹੋਣ ਜਮੀਨਾਂ ਅਤੇ ਰੋਟੀ ਰੋਜੀ ਤੇ ਸਤਿਕਾਰ ਕਿਰਤੀ ਕਾਮਿਆਂ ਦਾ ਅਧਿਕਾਰ ਆਦਿ ਨਾਅਰੇ ਲਾਏ।
ਇਸ ਮੌਕੇ ਪੁਲਿਸ ਨੇ ਬੈਰੀਕੇਡ ਲਾਕੇ ਮੁਜਾਹਰਾਕਾਰੀਆਂ ਨੂੰ ਰੋਕ ਲਿਆ ਤਾਂ ਭੜਕੇ ਮਜਦੂਰਾਂ ਨੇ ਰੋਹ ਭਰੀ ਨਾਅਰੇਬਾਜ਼ੀ ਕੀਤੀ । ਇਸ ਮੌਕੇ ਤਹਿਸੀਲਦਾਰ ਬਠਿੰਡਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ,ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ, ਮਨਦੀਪ ਸਿੰਘ ਸਿਬੀਆਂ ਆਦਿ ਆਗੂਆਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਫਾਈਨਾਸ਼ ਕੰਪਨੀਆਂ ਦੀਆਂ ਗਲ ਵੱਢਵੀਆਂ ਵਿਆਜ ਦਰਾਂ ਨੇ ਮਜਦੂਰਾਂ ਨੂੰ ਕੰਗਾਲ ਕਰ ਦਿੱਤਾ ਹੈ । ਸਰਕਾਰੀ ਸਹਿ ’ਤੇ ਕੰਪਨੀਆਂ ਔਰਤਾਂ ਨੂੰ ਘਰੇਲੂ ਸਮਾਨ ਜਬਤ ਕਰਨ ਅਤੇ ਕੇਸ ਦਰਜ ਕਰਵਾਉਣ ਦੀਆਂ ਸ਼ਰੇਆਮ ਧਮਕੀਆਂ ਦੇਕੇ ਕਿਸ਼ਤਾਂ ਭਰਨ ਲਈ ਮਜਬੂਰ ਕਰ ਰਹੀਆਂ ਹਨ ਪਰ ਇਨਾਂ ਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ।
ਉਨਾਂ ਕਿਹਾ ਕਿ ਕੰਪਨੀਆਂ ਨੇ ਔਰਤਾਂ ਕੋਲੋਂ ਧੋਖੇ ਨਾਲ ਸ਼ਨਾਖਤ ਕਰਨ ਦੇ ਨਾਂ ’ਤੇ ਖਾਲੀ ਚੈਂਕ/ਪ੍ਰੋਨੋਟ ਲੈਕੇ ਆਪਣੇ ਕੋਲ ਲੈ ਰੱਖੇ ਹਨ, ਜਿਨਾਂ ਦੇ ਆਧਾਰ ’ਤੇ ਹੁਣ ਕੰਪਨੀਆਂ ਔਰਤਾਂ ਖਿਲਾਫ ਕੇਸ ਦਰਜ ਕਰਵਾਉਣ ਦਾ ਚੱਕਰ ਚਲਾ ਰਹੀਆਂ ਹਨ। ਮਜਦੂਰ ਆਗੂਆਂ ਨੇ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਕਿ ਮੋਦੀ ਤੇ ਕੈਪਟਨ ਹਕੂਮਤਾਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੀ ਮਾਲਾ-ਮਾਲ ਕਰਨ ਲਈ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਨਾਂ ਨੇ ਖੇਤ ਮਜਦੂਰਾਂ ਨੂੰ ਕਰਜ਼ੇ,ਬੇਰੁਜਗਾਰੀ,ਗਰੀਬੀ, ਮਹਿੰਗਾਈ ਦੇ ਪੁੜਾਂ ਵਿੱਚ ਪਿਸਣ ਲਈ ਮਜਬੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਲੋਕਾਂ ਸਿਰ ਪਈਆਂ ਮੁਸੀਬਤਾਂ ਨੂੰ ਹੱਲ ਕਰਨ ਦੀ ਥਾਂ ਕੈਪਟਨ ਸਰਕਾਰ ਕਰੋਨਾ ਦੇ ਬਹਾਨੇ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕਾਂ ’ਤੇ ਪਾਬੰਦੀਆਂ ਮੜ ਰਹੀ ਹੈ।
ਇਸ ਧਰਨੇ ਨੂੰ ਭਰਾਤਰੀ ਜੱਥੇਬੰਦੀ ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ, ਲਹਿਹਾ ਮੁਹੱਬਤ ਥਰਮਲ ਦੇ ਆਗੂ ਗੁਰਸੇਵਕ ਸਿੰਘ,ਡੀ.ਟੀ.ਐਫ ਦੇ ਆਗੂ ਰੇਸ਼ਮ ਸਿੰਘ ਤੇ ਨੌਜਵਾਨ ਭਾਰਤ ਸਭਾ (ਲਲਕਾਰ) ਦੇ ਆਗੂ ਮਨਵੀਰ ਸਿੰਘ ਬੀਹਲਾ ਆਦਿ ਆਗੂਆਂ ਨੇ ਸੰਬੋਧਨ ਦੌਰਾਲ ਖੇਤ ਮਜਦੂਰਾਂ ਨਾਲ ਇੱਕਮੁੱਠਤਾ ਜਾਹਰ ਕਰਦਿਆਂ ਉਨਾਂ ਦਾ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ । ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜਦੂਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਖੇਤ ਮਜਦੂਰ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਕਾਕਾ ਸਿੰਘ ਜੀਦਾ, ਹੰਸਾ ਸਿੰਘ ਕੋਠੇ ਨੱਥਾ ਸਿੰਘ, ਬੋਗੜ ਸਿੰਘ ਮਹਿਮਾਂ ਸਰਜਾ, ਬਲਵਿੰਦਰ ਸਿੰਘ ਕਾਲਾ ਤੇ ਗੁਰਪ੍ਰੀਤ ਸਿੰਘ ਲਹਿਰਾ ਮਹੁਬੱਤ, ਰਮਜਾਨ ਮੁਹੰਮਦ ਕੋਟੜਾ ਆਦਿ ਮਜਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ