ਅਸ਼ੋਕ ਵਰਮਾ
ਬਠਿੰਡਾ, 16 ਅਗਸਤ। ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਦਿਨ ਅਤੇ ਦੇਸ਼ ਦਾ ਅਜ਼ਾਦੀ ਦਿਵਸ ਮੌਕੇ ਜ਼ਿਲਾ ਬਠਿੰਡਾ ’ਚ ਡੇਰਾ ਪ੍ਰੇਮੀਆਂ ਨੇ 31873 ਪੌਦੇ ਲਾਏ । ਸੇਵਾਦਾਰਾਂ ਵੱਲੋਂ ਇਨਾਂ ਪੌਦਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਲਈ ਗਈ ਹੈ।
ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪੂਜਨੀਕ ਗੁਰੂ ਜੀ ਦੇ ਜਨਮ ਦਿਹਾੜੇ ਅਤੇ ਅਜਾਦੀ ਦਿਵਸ ਮੌਕੇ ਹਰ ਸਾਲ ਪੌਦੇ ਲਾਉਂਦੀ ਹੈ। ਇਸ ਵਾਰ ਵੀ ਸਾਧ ਸੰਗਤ ਨੇ ਕੋਰੋਨਾ ਮਹਾਂਮਾਰੀ ਦੇ ਬਾਵਜ਼ੂਦ ਸਿਹਤ ਸਬੰਧੀ ਸਾਵਧਾਨੀਆਂ ਨੂੰ ਧਿਆਨ ’ਚ ਰੱਖਦਿਆਂ ਕਿਸੇ ਇੱਕ ਥਾਂ ’ਤੇ ਵੱਡਾ ਇਕੱਠ ਕਰਨ ਦੀ ਥਾਂ ਆਪੋ-ਆਪਣੇ ਖੇਤਾਂ, ਘਰਾਂ ਜਾਂ ਹੋਰ ਸਾਂਝੀਆਂ ਥਾਵਾਂ ਆਦਿ ’ਚ ਪੌਦੇ ਲਾਏ। ਬਠਿੰਡਾ ਸ਼ਹਿਰ ’ਚ ਪੌਦੇ ਲਾਉਣ ਦੀ ਸ਼ੁਰੂਆਤ ਸਰਕਾਰੀ ਪੌਲੀਟੈਕਨਿਕ ਕਾਲਜ਼ ’ਚੋਂ ਕੀਤੀ ਗਈ ਜਿੱਥੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਤੇ 45 ਮੈਂਬਰ ਗੁਰਦੇਵ ਸਿੰਘ ਸਮੇਤ ਹੋਰ ਜਿੰਮੇਵਾਰ ਸੇਵਾਦਾਰਾਂ ਨੇ ਪਹਿਲਾ ਪੌਦਾ ਲਾਇਆ। ਇਸ ਮੌਕੇ ਜਗਜੀਤ ਸਿੰਘ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਸਾਧ ਸੰਗਤ ਵੱਲੋਂ ਜ਼ਿਲੇ ਭਰ ’ਚ ਇਹ ਪੌਦੇ ਆਪਣੇ ਘਰਾਂ, ਖੇਤਾਂ, ਸਾਂਝੀਆਂ ਥਾਵਾਂ ਅਤੇ ਨਾਮ ਚਰਚਾ ਘਰਾਂ ਆਦਿ ’ਚ ਲਗਾਏ ਹਨ। ਇਸ ਤੋਂ ਇਲਾਵਾ ਬਲਾਕ ਬਠਿੰਡਾ ਅਤੇ ਰਾਮਪੁਰਾ ਦੀ ਸਾਧ ਸੰਗਤ ਵੱਲੋਂ 12 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਲਈ ਰਾਸ਼ਨ ਦਿੱਤਾ ਗਿਆ ਅਤੇ ਬੇਸਹਾਰਾ ਪਸ਼ੂਆਂ ਨੂੰ 10 ਟਰਾਲੀਆਂ ਹਰਾ ਵੀ ਪਾਇਆ ਗਿਆ।