ਤਰਕਸ਼ੀਲਾਂ ਨੇ ਬਚਾਓ ਲਈ ਕੀਤੀ ਮੈਡੀਕਲ ਸੁਵਿਧਾਵਾਂ ਦੀ ਮੰਗ
ਬਰਨਾਲਾ (ਰਾਜਿੰਦਰ ਵਰਮਾ)

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੱਦਕ ਮੁੱਖੀ ਰਾਜਿੰਦਰ ਭਦੌੜ ਨੇ ਕਿਹਾ ਹੈ ਕਿ ਹਕੀਕਤ ਨਾਲੋਂ ਜਿਆਦਾ ਰੋਲਾ ਪਾ ਕੇ ਲੋਕਾਂ ਨੂੰ ਦਹਿਸ਼ਤਜ਼ਦਾ ਕੀਤਾ ਗਿਆ ਹੈ ਜਿਸ ਪਿੱਛੇ ਹੋਰਨਾਂ ਮੁਲਕਾਂ ਦੀਆਂ ਹਕੂਮਤਾਂ ਵਾਂਗ ਭਾਰਤ ਦੀ ਭਾਜਪਾ ਹਕੂਮਤ ਦੇ ਵੀ ਆਪਣੇ ਸਿਆਸੀ ਅਤੇ ਭਗਵੇਂ ਮੁਫ਼ਾਦ ਕੰਮ ਕਰਦੇ ਹਨ।ਤਰਕਸ਼ੀਲ ਆਗੂ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਿਮਾਰੀ ਇਲਾਜਯੋਗ ਹੈ ਜਿਸ ਨੂੰ ਪਰਹੇਜ਼, ਸਾਵਧਾਨੀਆਂ ਤੇ ਡਾਕਟਰੀ ਸਹਾਇਤਾ ਨਾਲ਼ ਕਾਬੂ ਕੀਤਾ ਜਾ ਸਕਦਾ ਹੈ ਪਰੰਤੂ ਮੀਡੀਆ ਰਾਹੀਂ ਮਰੀਜ਼ਾਂ, ਡਾਕਟਰਾਂ, ਵਾਰਸਾਂ ਅਤੇ ਸਮਾਜ ਨੂੰ ਇਸ ਕਦਰ ਦਹਿਸ਼ਤਜ਼ਦਾ ਕਰ ਦਿੱਤਾ ਗਿਆ ਹੈ ਕਿ ਲੋਕ ਮਾਨਵੀ ਕਦਰਾਂ ਤੋਂ ਕਿਨਾਰਾ ਕਰਨ ਲੱਗੇ ਹਨ। ਕਰੋਨਾ ਹੁਣ ਦਾ ਮਤਲਬ ਮੌਤ ਦਾ ਫਾਰਮੂਲਾ ਪੂਰੇ ਸਮਾਜ ਦੀ ਮਾਨਸਿਕਤਾ ਅੰਦਰ ਪੂਰੀ ਤਰਾਂ ਫਿੱਟ ਕਰ ਦਿੱਤਾ ਗਿਆ ਹੈ ਜਦਕਿ ਸੰਸਾਰ ਭਰ ਵਿੱਚ ਲੱਖਾਂ ਮਰੀਜ਼ ਠੀਕ ਹੋਕੇ ਆਪਣੇ ਕੰਮਾਂ ਤੇ ਵਾਪਸ ਜਾ ਚੁੱਕੇ ਹਨ। ਮਰੀਜ਼, ਹਸਪਤਾਲ਼ਾਂ ਵਿੱਚ ਇਲਾਜ ਲਈ ਨਹੀਂ ਬਲਕਿ ਮਾਰਨ ਲਈ ਲਿਜਾਏ ਜਾ ਰਹੇ ਜਾਪਦੇ ਹਨ ਉੱਥੇ ਢੁੱਕਵਾਂ ਵਾਤਵਾਰਣ, ਸਫਾਈ, ਉਚਿਤ ਤੇ ਹਮਦਰਦੀ-ਪੂਰਨ ਵਰਤਾਓ, ਪਰਿਵਾਰਕ ਤੇ ਸਮਾਜਿਕ ਸਰੋਕਾਰ ਅਤੇ ਢੁੱਕਵੀਂ ਦਵਾਈ ਸਭ ਦੀ ਅਣਹੋਂਦ ਹੈ ਜਿਸ ਦੇ ਚੱਲਦਿਆਂ ਕਰੋਨਾ ਦੇ ਨਾਲ਼-ਨਾਲ਼ ਮਾਨਸਿਕ ਪੀੜਾ ਅਤੇ ਪਹਿਲਾਂ ਹੀ ਚੱਲ ਰਹੀਆਂ ਹੋਰ ਮਰਜ਼ਾਂ ਨਾਲ਼ ਲੋਕਾਂ ਦੀਆਂ ਮੌਤਾਂ ਨੂੰ ਵੀ ਕਰੋਨਾ ਦੇ ਖਾਤੇ ਪਾਇਆ ਜਾ ਰਿਹਾ ਹੈ। ਕਰੋਨਾ ਵਾਇਰਸ ਦੇ ਸ਼ਿਕਾਰ ਹੋਰਨਾਂ ਮਰੀਜ਼ਾਂ ਸਮੇਤ ‘ਪਦਮ ਸ੍ਰੀ ਅਵਾਰਡ’ ਜੇਤੂ ਪ੍ਰਸਿੱਧ ਹਜ਼ੂਰੀ ਰਾਗੀ ਸ੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ ਉਪਰੰਤ ਹੋਏ ਖੁਲਾਸੇ ਇਸ ਸਚਾਈ ਨੂੰ ਹੋਰ ਵੀ ਉਜਾਗਰ ਕਰਦੇ ਹਨ।ਵਾਰਸਾਂ ਅਤੇ ਸਮਾਜ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦੁਰਕਾਰਨ ਦਾ ਵਰਤਾਰਾ ਚਿੰਤਾਜਨਕ ਹੈ।ਵਾਇਰਸ ਫੈਲਣ ਦੇ ਡਰ ਦਾ ਬਹਾਨਾ ਬਣਾ ਕੇ ਅਨੇਕਾਂ ਪਿੰਡਾਂ ਦੀਆਂ ਸ਼ਮਸ਼ਾਨ-ਭੂਮੀਆਂ ਨੂੰ ਜ਼ਿੰਦਰੇ ਜੜ ਕੇ ਇਨਸਾਨੀ ਕਦਰਾਂ ਦੇ ਗਲ਼-ਗੂਠਾ ਦਿੱਤਾ ਜਾ ਰਿਹਾ ਹੈ।ਅਗਨੀ ਭੇਂਟ ਕਰਨ ਨਾਲ਼ ਵਾਇਰਸ ਫੈਲਣ ਦਾ ਕੋਈ ਨਵਾਂ ਪੜਾਅ ਪੈਦਾ ਨਹੀਂ ਹੁੰਦਾ ਸਗੋਂ ਉਚੇਰੇ ਤਾਪਮਾਨ ਵਿੱਚ ਵਾਇਰਸ ਦਾ ਖਾਤਮਾ ਹੁੰਦਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੀੜਤ ਪਰਿਵਾਰਾਂ ਨੂੰ ਮ੍ਰਿਤਕਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਹਰ ਤਰਾਂ ਨਾਲ਼ ਸਹਿਯੋਗ ਦੇਣ ਅਤੇ ਡਰ ਦੇ ਮਾਹੌਲ ਵਿੱਚ ਰਹਿ ਰਹੇ ਲੋਕਾਂ ਨੂੰ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਾਗਰੂਕ ਕਰਨ ਦਾ ਐਲਾਨ ਕੀਤਾ ਹੈ। ਜਾਰੀ ਬਿਆਨ ਵਿੱਚ ਉਨ੍ਹਾਂ ਰਮਾਇਣ ਅਤੇ ਮਹਾਂਭਾਰਤ ਜਿਹੇ ਗੈਰ-ਵਿਗਿਆਨਕ ਸੀਰੀਅਲ ਚਲਾਉਣ ਅਤੇ ਫਿਰਕੂ ਕਿਸਮ ਦੀਆਂ ਬਹਿਸਾਂ ਚਲਾਉਣ ਦੀ ਵੀ ਜ਼ੋਰਦਾਰ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਇਹ ਸਮਾਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਡਰ-ਭੈਅ ਤੋੜ ਕੇ ਲੋਕਾਂ ਅੰਦਰ ਹੋਸਲੇ ਨਾਲ ਜੀਣ ਦਾ ਦਮ ਭਰਨ, ਪਰਹੇਜ਼ ਰੱਖਣ, ਭਾਈਚਾਰਾ ਬਣਾਈ ਰੱਖਣ ਅਤੇ ਉਸਾਰੂ ਤੇ ਸਿਹਤਮੰਦ ਮਨੋਰੰਜਨ ਮੁਹੱਈਆ ਕਰਨ ਉੱਪਰ ਲਗਾਇਆ ਜਾਵੇ।ਖਤਰੇ ਭਰੀਆਂ ਹਾਲਤਾਂ ਵਿੱਚ ਕੰਮ ਕਰ ਰਹੇ ਸਿਹਤ ਕਾਮਿਆਂ ਅਤੇ ਹੋਰ ਕਰਮਚਾਰੀਆਂ ਲਈ ਸੁਰੱਖਿਆ ਸਮੱਗਰੀ ਅਤੇ ਲੋੜਵੰਦਾਂ ਲਈ ਜੀਵਨ-ਲੋੜਾਂ ਮੁਹੱਈਆ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।