ਅੰਮ੍ਰਿਤਸਰ,(ਰਾਜਿੰਦਰ ਰਿਖੀ)
ਕਰੋਨਾ ਵਾਇਰਸ ਦਾ ਕੋਈ ਵੀ ਮਰੀਜ ਸਾਡੇ ਪਿੰਡ, ਮੁਹੱਲੇ ਜਾਂ ਗਲੀ ਵਿੱਚ ਨਾ ਆ ਜਾਵੇ ਇਸ ਕਾਰਨ ਹਰ ਪਿੰਡ ਕਸਬੇ ਏਥੋਂ ਤੱਕ ਕਿ ਗਲੀ- ਗਲੀ ਵਿੱਚ ਨਾਕੇ ਲੱਗ ਰਹੇ ਹਨ। ਇਹਨਾਂ ਲਗਾਏ ਜਾ ਰਹੇ ਨਾਕਿਆਂ ਕਾਰਨ ਕਰੋਨਾ ਦੇ ਬਚਾਅ ਦਾ ਫਾਇਦਾ ਤਾਂ ਹੋਣਾ ਹੀ ਹੈ ਪਰ ਇਸਦਾ ਨੁਕਸਾਨ ਵੀ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਜਿਸ ਵਿੱਚ ਪਾਰਟੀਬਾਜੀ ਅਤੇ ਪੁਰਾਣੀ ਰੰਜਿਸ਼ ਵੀ ਸਾਹਮਣੇ ਆ ਰਹੀ ਹੈ। ਬਹੁਤ ਥਾਵਾਂ ‘ਤੇ ਨਾਕਾ ਪਿੰਡ ਦੇ ਮੋਹਤਬਰਾਂ ਵਲੋਂ ਲਗਾਇਆ ਗਿਆ ਹੈ, ਜਿਸ ਵਿੱਚ ਸਹੀ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ,ਨਾਕੇ ‘ਤੇ ਸਹੀ ਦੂਰੀ ਵਿੱਚ ਵਲੰਟੀਅਰ ਖੜੇ ਹੁੰਦੇ ਹਨ, ਰਾਹਗੀਰਾਂ ਨਾਲ ਸਹੀ ਤਰੀਕੇ ਨਾਲ ਗੱਲ ਕਰਕੇ ਉਸ ਨੂੰ ਲੰਘਾਉਣਾ ਹੈ ਜਾਂ ਉਥੇ ਖੜੇ ਹੀ ਉਸਦੇ ਕੰਮ ਦਾ ਹੱਲ ਕਰਵਾ ਦੇਣਾ ਹੈ, ਪਰ ਕਈ ਥਾਵਾਂ ‘ਤੇ ਦੇਖਿਆ ਗਿਆ ਹੈ ਕਿ ਲੱਗਭੱਗ ਸਾਰੇ ਹੀ ਨੌਜਵਾਨ ਵਿਹਲੇ ਹੋਣ ਕਾਰਨ ਆਪਣਾ ਸਮਾਂ ਬਤੀਤ ਕਰਨ ਲਈ ਆਪਣੇ ਮੁਹੱਲੇ ਵਿੱਚ ਨਾਕਾ ਲਗਾ ਕੇ ਬੈਠ ਜਾਂਦੇ ਹਨ। ਕਰਫ਼ਿਊ ਲੱਗਾ ਹੋਣ ਕਾਰਨ ਪਹਿਲਾਂ ਉਹ ਜਦੋਂ ਗਲੀਆਂ ਵਿੱਚ ਟੋਲੀਆਂ ਬਣਾ ਕੇ ਬੈਠਦੇ ਸਨ ਤਾਂ ਪੁਲਿਸ ਦੀ ਗੱਡੀ ਦਾ ਹਾਰਨ ਸੁਣ ਕੇ ਸਭ ਨੂੰ ਆਪੋ-ਆਪਣੇ ਘਰਾਂ ਨੂੰ ਦੌੜਣਾ ਪੈਂਦਾ ਸੀ, ਇਸ ਲਈ ਇਹ ਸਕੀਮ ਉਹਨਾਂ ਲਈ ਫਿੱਟ ਬੈਠ ਗਈ ਕਿ ਗਲੀ ਦੇ ਸ਼ੂਰੂ ਵਿੱਚ ਰੱਸੀ ਬੰਨ ਦਿੰਦੇ ਹਾਂ ਤੇ ਉਥੇ ਬੈਠਿਆਂ ਨੂੰ ਪੁਲਿਸ ਨੇ ਕੁਝ ਨਹੀਂ ਕਹਿਣਾ। ਕਹਿਣ ਦਾ ਭਾਵ ਕਿ ਅਸੀਂ ਵੀ ਸਭ ਲੋਕਾਂ ਵਾਂਗ ਨਾਕਾ ਲਗਾਇਆ ਹੈ ਤਾਂ ਜੋ ਸਾਡੀ ਗਲੀ ਵਿੱਚ ਕਰੋਨਾ ਪੀੜਤ ਪੈਰ ਨਾ ਰੱਖ ਸਕੇ। ਇਹ ਨਾਕੇ ਉਹਨਾਂ ਦੇ ਘਰੋਂ ਬਾਹਰ ਬੈਠਣ ਦਾ ਲਾਇਸੰਸ ਬਣ ਗਏ ਹਨ। ਜਿਸ ਥਾਂ ਨਾਕਾ ਲਗਾਇਆ ਜਾਂਦਾ ਹੈ ਉਥੇ 10-15 ਨੌਜਵਾਨ ਟੋਲੀਆਂ ਵਿੱਚ ਬੈਠ ਕੇ ਆਪਣਾ ਮਨੋਰੰਜਨ ਕਰ ਰਹੇ ਹਨ।ਕੋਈ ਤਾਸ਼ ਦੀ ਬਾਜੀ ਲਗਾ ਰਿਹਾ ਹੈ ਤੇ ਕਈ ਮੋਬਾਇਲਾਂ ਵਿੱਚ ਫੋਟੋਆਂ ਖਿੱਚ ਰਹੇ ਹਨ।ਇਹ ਲੋਕ ਆਪਸੀ ਦੂਰੀ ਵੀ ਨਹੀਂ ਬਣਾ ਕੇ ਬੈਠਦੇ। ਇਸੇ ਦੂਰੀ ਨੂੰ ਬਨਾਉਣ ਲਈ ਸਰਕਾਰ ਨੇ ਕਰਫ਼ਿਊ ਲਗਾਇਆ ਹੈ ਤਾਂ ਜੋ ਲੋਕਾਂ ਦੀ ਇੱਕ ਦੂਸਰੇ ਤੋ ਦੂਰੀ ਬਣੀ ਰਹੇ। ਇਸ ਦੌਰਾਨ ਜੇ ਕੋਈ ਰਾਹਗੀਰ ਆ ਜਾਂਦਾ ਹੈ ਤਾਂ ਜੇਕਰ ਉਹ ਕਿਸੇ ਦਾ ਸੱਜਣ ਹੋਵੇ ਤਾਂ ਉਸ ਨੂੰ ਲੰਘਣ ਦਿੱਤਾ ਜਾਂਦਾ ਹੈ, ਪਰ ਜੇਕਰ ਦੂਸਰੀ ਪਾਰਟੀ ਦਾ ਹੋਵੇ ਤਾਂ ਬੇਫਿਜ਼ੂਲ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ।ਇੱਕ ਪਿੰਡ ਦਾ ਵਿਅਕਤੀ ਜਦੋਂ ਕਿਸੇ ਜਰੂਰੀ ਕੰਮ ਲਈ ਦੂਸਰੇ ਪਿੰਡ ਜਾਂਦਾ ਹੈ ਉਸ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਉਥੇ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਪਿੰਡ ਵਾਲਿਆਂ ਨੇ ਸਾਨੂੰ ਰੋਕਿਆ ਸੀ,ਇਸ ਲਈ ਅਸੀਂ ਵੀ ਨਹੀ ਲੰਘਣ ਦੇਣਾ, ਪਰ ਸੋਚਣ ਵਾਲੀ ਗੱਲ ਹੈ ਕਿ ਇਸ ਵਿੱਚ ਉਸ ਵਿਅਕਤੀ ਦਾ ਕੀ ਕਸੂਰ ਹੁੰਦਾ ਹੈ ਜੋ ਘਰੋਂ ਕਿਸੇ ਬਹੁਤ ਜਰੂਰੀ ਕੰਮ ਲਈ ਨਿਕਲਿਆ ਹੋਵੇ।ਅਸਲ ਵਿੱਚ ਨਾਕੇ ‘ਤੇ ਖੜੇ ਨੌਜਵਾਨਾਂ ਨੂੰ ਕਰਫਿਊ ਵਿੱਚ ਬਾਹਰ ਫਿਰਨ ਦਾ ਲਾਇਸੰਸ ਮਿਲਿਆ ਹੋਇਆ ਹੈ। ਉਹ ਰੋਜਾਨਾ ਘਰ ਰਹਿ ਕੇ ਅੱਕ ਚੁੱਕੇ ਸਨ ਪਰ ਨਾਕੇ ਉਪਰ ਖੜੇ ਨੌਜਵਾਨ ਕਿਸੇ ਦੀ ਮਜਬੂਰੀ ਨੂੰ ਨਾ ਸਮਝਦੇ ਹੋਏ ਰਾਹਗੀਰਾਂ ਨੂੰ ਰੋਕ ਆਪਣੇ ਆਪ ਨੂੰ ਆਪਣੇ ਏਰੀਏ ਦਾ ਸਮਾਜਸੇਵਕ ਸਮਝ ਰਹੇ ਹਨ। ਇਹ ਲੋਕ ਆਮ ਬੰਦੇ ਲਈ ਵੱਡੀ ਮੁਸ਼ਕਿਲ ਬਣੇ ਹੋਏ ਹਨ ਕਿਉਂਕਿ ਆਮ ਇਨਸਾਨ ਤਾਂ ਵਾਇਰਸ ਤੋ ਡਰਦਾ ਘਰੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦਾ, ਪਰ ਘਰਾਂ ਦੇ ਜਰੂਰੀ ਸਮਾਨ ਦੀ ਪੂਰਤੀ ਲਈ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣ ਲਈ ਘਰੋਂ ਬਾਹਰ ਆਉਦਾ ਹੈ।
ਜੇਕਰ ਇਹ ਨੌਜਵਾਨ ਸੱਚ ਵਿੱਚ ਆਪਣੇ ਏਰੀਏ ਨੂੰ ਕਰੋਨਾ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਉਹਨਾ ਨੂੰ ਚਾਹੀਦਾ ਹੈ ਜੇ ਇਹ ਘਰੋਂ ਨਹੀ ਨਿਕਲਣਗੇ ਤਾਂ ਆਪੇ ਹੀ ਘਰ, ਗਲੀ, ਮੁਹੱਲੇ ਤੇ ਪਿੰਡ ਦਾ ਬਚਾਅ ਹੋ ਜਾਵੇਗਾ। ਪੁਲਿਸ ਪ੍ਰਸ਼ਾਸ਼ਨ ਨੂੰ ਵੀ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ।