ਦੁੱਖਾਂ-ਸੁੱਖਾਂ ਦਾ ਹੈ ਮੇਲ ਜ਼ਿੰਦਗੀ।
ਅਜਬ ਲੇਖਾਂ ਦਾ ਹੈ ਖ਼ੇਲ੍ਹ ਜ਼ਿੰਦਗੀ।
ਕਿਸੇ ਨੂੰ ਚਾੜ੍ਹ ਬਿਠਾਵੇ ਤਖ਼ਤ’ ਤੇ,
ਕਿਸੇ ਦੀ ਬਣਾ ਦਵੇ ਰੇਲ ਜ਼ਿੰਦਗੀ।
ਇੱਕ ਬਿਨ ਖ਼ੇਚਲੋਂ ਛੂਹ ਲਵੇ ਟੀਸੀ,
ਖਾ ਖਾ ਧੱਕੇ ਵੀ ਇੱਕ ਫੇਲ੍ਹ ਜ਼ਿੰਦਗੀ।
ਇਕਨਾ ਲਈ ਇਹ ਪੇ੍ਮ ਕਹਾਣੀ,
ਇਕਨਾ ਲਈ ਇਹ ਜੇਲ੍ਹ ਜ਼ਿੰਦਗੀ।
ਕਈਆਂ ਲਈ ਪਗ-ਪਗ ਚੁਣੌਤੀ,
ਕਈਆਂ ਲਈ ਹੈ ਵਿਹਲ ਜ਼ਿੰਦਗੀ।
ਜ਼ਾਬਰ ਲਈ ਰੰਗਰਲ਼ੀਆਂ ਜੀਵਨ,
ਬੇਬਸ ਲਈ ਹੈ ਚੁੜੇਲ ਜ਼ਿੰਦਗੀ।
ਕਦੇ ਭੱਜਦਿਆਂ ਭੱਜਦਿਆਂ ਖੜ੍ਹ ਜਾਵੇ,
ਜਿਓਂ ਪਟੜੀਓਂ ਉੱਤਰੀ ਰੇਲ ਜ਼ਿੰਦਗੀ।
ਉੱਡ ਪੁੱਡ ਜਾਣੀ, ਜੀਅ ਲਓ ਰੱਜ ਕੇ,
ਜਿਓਂ ਫੁੱਲ ‘ ਤੇ ਪਈ ਤੇ੍ਲ ਜ਼ਿੰਦਗੀ।
ਸਮਝ ਸਕੀ ‘ਗੁਰਮੇਲ’ ਨਾ ਇਸਨੂੰ,
ਬਣ ਬੈਠੀ ਜਿਓਂ ਰਖ਼ੇਲ ਇਹ ਜ਼ਿੰਦਗੀ।
ਗੁਰਮੇਲ ਕੌਰ ਸੰਘਾ(ਥਿੰਦ),ਲੰਡਨ