17.7 C
United Kingdom
Wednesday, June 24, 2026

More

    ਕਿਹੜਾ ਨਵਾਂ ਕੋਰੋਨਾ ਆਇਆ

    – ਰਾਜਿੰਦਰ ਪਰਦੇਸੀ

    ਸੁਣ ਲੈ ਭਾਈ ਸੁਣ ਲੈ ਮਾਈ
    ਐਵੇਂ ਕਾਹਨੂੰ ਚਿੱਤ ਡੁਲਾਇਆ
    ਸਦੀਆਂ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਧਰਮ ਇੱਥੇ ਖੂੰਖਾਰ ਕੋਰੋਨਾ
    ਮਜ਼ਹਬੀ ਕਾਰੋਬਾਰ ਕੋਰੋਨਾ
    ਪਾਲ੍ਹਾਂ ਬੰਨ, ਜਾਤਾਂ ਪਾਤਾਂ ਦਾ
    ਜ਼ਹਿਰ ਸਦਾ ਇਸ ਨੇ ਵਰਤਾਇਆ
    ਸਦੀਆਂ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕਰੋਨਾ ਆਇਆ…

    ਰੋਜ਼ੀ ਲਈ ਪਰਵਾਸ ਕੋਰੋਨਾ
    ਪੂਜਾ, ਅੰਧ ਵਿਸ਼ਵਾਸ਼ ਕੋਰੋਨਾ
    ਧੋਖੇਬਾਜ਼ੀ, ਵਲਛਲ ਵਲਛਲ
    ਕਦ ਕਦ ਨਹੀਂ ਕੋਰੋਨਾ ਛਾਇਆ
    ਸਦੀਆਂ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਨਕਲੀ ਦੁੱਧ ਤੇ ਦਹੀਂ ਕੋਰੋਨਾ
    ਕਿੱਥੇ ਕਿੱਥੇ ਹੈ ਨਹੀਂ ਕੋਰੋਨਾ
    ਪਹਿਲਾਂ ਵੀ ਇਹ ਜਾਨ ਦਾ ਖੌਅ ਸੀ
    ਹੁਣ ਵੀ ਸਿਰ ਤੇ ਮੌਤ ਦਾ ਸਾਇਆ
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਬੈਂਕਾਂ ਦੇ ਵਿਚ ਦਰਜ਼ ਕੋਰੋਨਾ
    ਕਿਰਸਾਨੀ ਸਿਰ ਕਰਜ਼ ਕੋਰੋਨਾ
    ਜ਼ਹਿਰਾਂ ਪੀਵਣ, ਰੁੱਖੀਂ ਲਟਕਣ
    ਇਹ ਕੋਰੋਨਾ ਕੀ ਬਾਹਰ ਦਾ ਜਾਇਆ ?
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਡੇਰਾਵਾਦ ਦਾ ਰਾਜ ਕੋਰੋਨਾ
    ਘਾਤਕ ਬੇ-ਆਵਾਜ਼ ਕੋਰੋਨਾ
    ਸਰਕਾਰਾਂ ਪ੍ਰਫੁੱਲਤ ਕੀਤਾ
    ਨੰਗਾ,ਗੰਦਾ,ਨਾਚ ਨਚਾਇਆ
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਰਾਜਨੀਤੀ ਵਿਚਕਾਰ ਕੋਰੋਨਾ
    ਦੋ-ਧਾਰੀ ਤਲਵਾਰ ਕੋਰੋਨਾ
    ਅਕਲਾਂ,ਸੋਚਾਂ,ਨੂੰ ਵੱਢ ਟੁੱਕ ਕੇ
    ਮੁਲਕ ਨੂੰ ਮੌਤ ਦੇ ਮੂੰਹ ਵਿਚ ਪਾਇਆ
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਹੱਥ ਧੁਆ ਧੁਆ ਕੇ ਮੱਤ ਮਾਰੀ
    ਸਭ ਦੇ ਮੂੰਹ ਤੇ ਛਿੱਕਲ਼ੀ ਚਾੜ੍ਹੀ
    ਅੰਦਰੀਂ ਤਾੜੇ ਭੁੱਖੇ ਭਾਣੇ
    ਸਬਰ ਗਿਆ ਐਦਾਂ ਆਜ਼ਮਾਇਆ
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਦਿਨ ਨੂੰ ਕੋਰੋਨਾ ਰਾਤ ਕੋਰੋਨਾ
    ਬਣ ਗਈ ਇੱਕ ਜਮਾਤ ਕੋਰੋਨਾ
    ‘ਪਰਦੇਸੀ’ ਮਜ਼ਦੂਰਾਂ ਨੂੰ ਇਸ
    ਭੁੱਖਿਆ ਰੇਲਾਂ ਹੇਠ ਮਰਾਇਆ
    ਮੁੱਦਤ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਸੁਣ ਲੈ ਭਾਈ ਸੁਣ ਲੈ ਮਾਈ
    ਐਵੇਂ ਕਾਹਨੂੰ ਚਿੱਤ ਡੁਲਾਇਆ
    ਸਦੀਆਂ ਤੋਂ ਇਸ ਦੀ ਸਰਦਾਰੀ
    ਕਿਹੜਾ ਨਵਾਂ ਕੋਰੋਨਾ ਆਇਆ…

    ਈ ਮੇਲ- rajinder.pardesi7@gmail.com
    ਫੋਨ- +91 9780213351

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!