11.3 C
United Kingdom
Sunday, May 19, 2024

More

    ਕਬੂਤਰ ਵਰਗੀ ਕੁੜੀ (ਕਹਾਣੀ)

    ਦਸੰਬਰ ਦਾ ਮਹੀਨਾ ਸੀ । ਠੰਡ ਦਾ ਪੂਰਾ ਜ਼ੋਰ ਸੀ। ਆਥਣ ਦੇ ਚਾਰ ਕੁ ਵਜੇ ਪੱਛੋਂ ਵਾਲ਼ੇ ਪਾਸਿਓਂ ਕਾਲ਼ੀ ਬੱਦਲ਼ੀ ਚੜ੍ਹ ਕੇ ਆ ਗਈ ।ਨਾਲ਼ ਹੀ ਤੇਜ਼ ਹਨੇਰੀ ਵੱਗਣ ਲੱਗੀ । ਮੀਂਹ ਸਾਉਣ ਦੇ ਮਹੀਨੇ ਵਾਂਗੂ ਵਰ੍ਹਨ ਲੱਗਿਆ । ਕਾਕਾ ਮੱਝਾਂ ਵਿਹੜੇ ਵਿੱਚੋਂ ਖੋਲ੍ਹ ਕੇ ਬਰਾਂਡੇ ਵਿੱਚ ਬੰਨ੍ਹਣ ਲੱਗਿਆ ਮੀਂਹ ਨਾਲ਼ ਪੂਰਾ ਭਿੱਜ ਗਿਆ ਸੀ । ਉਸਦੀ ਉਮਰ ਉਸ ਸਮੇਂ ਪੰਦਰਾਂ ਕੁ ਸਾਲ ਦੀ ਸੀ । ਉਸਨੇ ਗਿੱਲੇ ਕੱਪੜੇ ਬਦਲੇ ਤੇ ਚਾਹ ਪੀਣ ਲੱਗਿਆ । ਇਨੇ ਨੂੰ ਉਸਨੇ ਟਾਕੀ ਵਿੱਚੋਂ ਦੇਖਿਆ ਕੇ ਗੋਲਾ ਕਬੂਤਰ ਮੀਂਹ ਅਤੇ ਤੇਜ਼ ਹਨੇਰੀ ਦਾ ਭੰਨਿਆਂ ਹੋਇਆ ਚੁਬਾਰੇ ਨਾਲ਼ ਟਕਰਾ ਕੇ ਬੀਹੀ ਵਿੱਚ ਡਿੱਗ ਪਿਆ ਸੀ ।ਉੱਡਣ ਦੀ ਉਸ ਵਿੱਚ ਹਿੰਮਤ ਬਾਕੀ ਨਹੀਂ ਬਚੀ ਸੀ । ਉਹ ਕਿਸੇ ਵੀ ਵਖਤ ਬਿੱਲੀ ਦਾ ਸ਼ਿਕਾਰ ਬਣ ਸਕਦਾ ਸੀ । ਕਾਕੇ ਨੇ ਕਬੂਤਰ ਨੂੰ ਦੇਖਦੇ ਹੀ ਚਾਹ ਦਾ ਕੱਪ ਵਿਚਾਲ਼ੇ ਛੱਡ ਕੇ ਬੀਹੀ ਚੋਂ ਕਬੂਤਰ ਚੱਕ ਲਿਆਂਦਾ । ਭਾਂਵੇ ਉਸਦੇ ਕੱਪੜੇ ਥੋੜੇ ਜਿਹੇ ਦੁਬਾਰੇ ਭਿੱਜ ਗਏ ਸਨ । ਉਸਨੇ ਕਬੂਤਰ ਨੂੰ ਚੁੱਲ੍ਹੇ ਕੋਲ਼ ਲਿਜਾ ਕੇ ਹੌਲ਼ੀ – ਹੌਲ਼ੀ ਸੁਕਾਇਆ । ਠੰਡ ਅਤੇ ਮੀਂਹ ਦਾ ਭੰਨਿਆਂ ਕਬੂਤਰ ਵੀ ਥੋੜਾ ਸੁਰਤ ਸਿਰ ਹੋ ਗਿਆ ਸੀ ।ਕਾਕਾ ਹੁਣ ਕਬੂਤਰ ਨੂੰ ਲੈ ਕੇ ਰਜਾਈ ਵਿੱਚ ਬੈਠ ਗਿਆ ਸੀ ।
    ਥੋੜੇ ਚਿਰ ਬਾਅਦ ਕਾਕੇ ਦਾ ਚਾਚਾ ਜੀਤਾ ਦਰਵਾਜ਼ੇ ਤੋਂ ਘਰ ਆ ਗਿਆ । ਉਸਨੇ ਦਾਰੂ ਦੀ ਘੁੱਟ ਲਾਈ ਹੋਈ ਸੀ । ਕਾਕੇ ਦੀ ਮਾਂ ਚੁੱਲ੍ਹੇ ਤੇ ਰਾਤ ਦੀ ਰੋਟੀ ਬਣਾ ਰਹੀ ਸੀ । ਉਸਨੇ ਜੀਤੇ ਨੂੰ ਦੱਸਿਆ ਬਈ ਕਾਕੇ ਨੇ ਮੀਂਹ ਚੋਂ ਗੋਲਾ ਕਬੂਤਰ ਫੜਿਆ ਤੇ ਹੁਣ ਉਹ ਉਸਨੂੰ ਅੰਦਰ ਰਜਾਈ ‘ ਚ ਲਈ ਬੈਠਾ ।ਗੋਲੇ ਕਬੂਤਰ ਦਾ ਨਾਂ ਸੁਣ ਕੇ ਜੀਤੇ ਦੇ ਮੂੰਹ ਵਿੱਚ ਪਾਣੀ ਆ ਗਿਆ । ਉਹ ਸਿੱਧਾ ਕਾਕੇ ਕੋਲ਼ ਗਿਆ ਤੇ ਬੋਲਿਆ , “ ਕਾਕਿਆ ਨਜ਼ਾਰਾ ਆ ਗਿਆ ਅੱਜ ਤਾਂ , ਠੰਡ ਬਹੁਤ ਆ , ਗੋਲੇ ਗਰਮ ਵੀ ਬਹੁਤ ਹੁੰਦੇ ਨੇ । ਕੱਢ ਰਜਾਈ ਚੋਂ ਬਣਾਈਏ ਮੀਟ ਇਹਦਾ ।” ਕਾਕੇ ਨੇ ਕਬੂਤਰ ਹੋਰ ਘੁੱਟ ਕੇ ਫੜ ਲਿਆ । “ ਨਹੀਂ ਚਾਚਾ ਮੈਂ ਤਾਂ ਮਸਾਂ ਮੀਂਹ ਚੋਂ ਬਚਾ ਕੇ ਲਿਆਂਦਾ । ਮੈਂ ਨੀ ਦੇਣਾ ਤੈਨੂੰ ।”
    “ ਤੂੰ ਇਹਦਾ ਅਚਾਰ ਪਾਉਣਾ , ਤੂੰ ਨਹੀਂ ਖਾਣਾ ਨਾ ਖਾਂਈ । “ਜੀਤੇ ਨੇ ਰਜਾਈ ਖਿੱਚਤੀ । “ ਲਿਆ ਇਹਦੀ ਗਰਦਨ ਮਰੋੜਾਂ । “ ਕਾਕਾ ਕਬੂਤਰ ਨੂੰ ਲੈ ਕੇ ਅਪਦੀ ਮਾਂ ਕੋਲ਼ ਭੱਜ ਗਿਆ । ਉਸਦੀ ਮਾਂ ਨੇ ਜੀਤੇ ਨੂੰ ਰੋਕਿਆ ।
    ਕਾਕੇ ਨੇ ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਕਬੂਤਰ ਨੂੰ ਦੁੱਧ ਕੜ੍ਹਨੀ ਵਿੱਚ ਰੱਖ ਕੇ ਛੋਟੀ ਜਿਹੀ ਜਿੰਦੀ ਉਸਨੂੰ ਲਾ ਦਿੱਤੀ ਸੀ । ਕਾਕੇ ਨੂੰ ਆਪਣੇ ਚਾਚੇ ਤੇ ਅਜੇ ਵੀ ਯਕੀਨ ਨਹੀਂ ਸੀ । ਉਸਨੇ ਰਾਤ ਨੂੰ ਵੀ ਕਬੂਤਰ ਆਪਣੇ ਕਮਰੇ ਵਿੱਚ ਹੀ ਰੱਖਿਆ ।
    ਸਵੇਰੇ ਐਤਵਾਰ ਦਾ ਦਿਨ ਸੀ । ਮੀਂਹ ਤੋਂ ਬਾਅਦ ਬਹੁਤ ਸੋਹਣੀ ਧੁੱਪ ਨਿਕਲ਼ ਆਈ ਸੀ । ਕਾਕੇ ਨੇ ਦਸ ਕੁ ਵਜੇ ਸਵੇਰੇ ਦੁੱਧ ਕੜ੍ਹਨੀ ਸਮੇਤ ਕਬੂਤਰ ਵਿਹੜੇ ਵਿੱਚ ਲਿਆ ਕੇ ਰੱਖ ਦਿੱਤਾ ।ਉਸਨੂੰ ਚੰਗੀ ਤਰ੍ਹਾਂ ਦੇਖਿਆ । ਉਸਨੂੰ ਕੁੱਝ ਰੋਟੀ ਦੀਆਂ ਬੁਰਕੀਆਂ ਪਾਈਆਂ ਤੇ ਆਪ ਵੀ ਰੋਟੀ ਖਾਧੀ ।ਜੀਤਾ ਖੇਤ ਪੱਠੇ ਲੈਣ ਚਲਾ ਗਿਆ ਸੀ । ਹੁਣ ਕਾਕਾ ਕਬੂਤਰ ਛੱਡਣ ਲੱਗਿਆ ਸੀ । ਉਸਨੂੰ ਲੱਗਿਆ ਸੀ ਕਿ ਜਦੋਂ ਮੈਂ ਕਬੂਤਰ ਛੱਡਾਂਗਾ ਤਾਂ ਕਬੂਤਰ ਲੰਬੀ ਉਡਾਰੀ ਮਾਰ ਕੇ ਦੂਰ ਕਿਤੇ ਚਲਾ ਜਾਵੇਗਾ । ਪਰ ਨਹੀਂ , ਜਦੋਂ ਕਾਕੇ ਨੇ ਦੋਨਾਂ ਹੱਥਾਂ ਵਿੱਚ ਕਬੂਤਰ ਨੂੰ ਫੜਕੇ ਛੱਡਿਆ ਤਾਂ ਕਬੂਤਰ ਉੱਡ ਕੇ ਕੋਠੇ ਦੇ ਬਨੇਰੇ ਤੇ ਬੈਠ ਗਿਆ । ਕਾਕਾ ਕਬੂਤਰ ਵੱਲ ਅਤੇ ਕਬੂਤਰ ਕਾਕੇ ਵਾਲ ਵੇਖ ਰਿਹਾ ਸੀ । ਪਤਾ ਨਹੀਂ ਬੇਜ਼ਬਾਨ ਜਾਨਵਰ ਕਾਕੇ ਨੂੰ ਕਿਨ੍ਹੀਆਂ ਕੁ ਅਸੀਸਾਂ ਦੇ ਰਿਹਾ ਸੀ । ਪੰਜ ਕੁ ਮਿੰਟ ਪਿੱਛੋਂ ਕਬੂਤਰ ਦੂਰ ਕਿਤੇ ਉਡਾਰੀ ਮਾਰ ਗਿਆ ਸੀ । ਤੇ ਕਾਕੇ ਨੂੰ ਕਬੂਤਰ ਬਿੱਲੀ ਅਤੇ ਜੀਤੇ ਚਾਚੇ ਤੋਂ ਬਚਾਉਣ ਦੀ ਆਪਣੀ ਸੋਚ ਦੀ ਉਡਾਰੀ ਕਬੂਤਰ ਦੀ ਉਡਾਰੀ ਤੋਂ ਵੀ ਉੱਚੀ ਜਾਪੀ ਸੀ ।
    ਫੇਰ ਚੌਵੀ ਕੁ ਸਾਲ ਦੀ ਉੱਮਰ ਵਿੱਚ ਕਾਕਾ ਕਨੇਡਾ ਵਾਲ਼ੀ ਕੁੜੀ ਨਾਲ਼ ਵਿਆਹ ਕਰਵਾ ਕੇ ਕਨੇਡਾ ਦੇ ਸ਼ਹਿਰ ਸਰੀ ਵਿੱਚ ਚਲਾ ਗਿਆ । ਉਸਦੇ ਪਹਿਲਾਂ ਇੱਕ ਮੁੰਡਾ ਹੋ ਗਿਆ ਤੇ ਫੇਰ ਇੱਕ ਕੁੜੀ ਹੋ ਗਈ । ਕਾਕਾ ਦਿਨੇ ਕੰਮ ਕਰਦਾ ਤੇ ਉਸਦੀ ਘਰਵਾਲ਼ੀ ਰਾਤ ਨੂੰ ਸਕਿਉਰਟੀ ਕਰਨ ਜਾਂਦੀ । ਬਾਰਾਂ ਘੰਟੇ ਦੀ ਰਾਤ ਦੀ ਸ਼ਿਫ਼ਟ ਸੀ ਸਕਿਉਰਟੀ ਦੀ । ਉਹ ਆਥਣੇ ਛੇ ਵਜੇ ਘਰੋਂ ਜਾਂਦੀ ਤੇ ਸਵੇਰੇ ਸੱਤ ਵਜੇ ਵਾਪਿਸ ਆਂਉਦੀ । ਕਾਕੇ ਦਾ ਪੇਂਡੂ ਜਮਾਤੀ ਪਾਲੀ ਕਈ ਵਾਰੀ ਰਾਤ ਨੂੰ ਕਾਕੇ ਕੋਲ਼ ਆ ਜਾਂਦਾ ਤੇ ਉਹ ਪੈੱਗ ਲਾਂਉਦੇ ਪਿੰਡ ਦੀਆਂ ਗੱਲਾਂ ਦੇਰ ਰਾਤ ਤੱਕ ਕਰਦੇ ਰਹਿੰਦੇ । ਕਈ ਵਾਰੀ ਪਾਲੀ ਕਾਕੇ ਦੀ ਬੇਸਮੈਂਟ ਵਿੱਚ ਸੋਫ਼ੇ ਤੇ ਹੀ ਸੌ ਜਾਂਦਾ ਤੇ ਸਵੇਰੇ ਆਪਣੇ ਘਰ ਜਾਂਦਾ । ਕਾਕੇ ਕੋਲ਼ ਇੱਕ ਬੈੱਡਰੂਮ ਵਾਲ਼ੀ ਬੇਸਮੈਂਟ ਸੀ । ਇੱਕੋ ਕਮਰੇ ਵਿੱਚ ਡਬਲ ਬੈੱਡ ਦੇ ਨਾਲ਼ ਜੋੜ ਕੇ ਸਿੰਗਲ ਬੈੱਡ ਲਾਇਆ ਹੋਇਆ ਸੀ । ਨਿਆਣੇ ਡਬਲ ਬੈੱਡ ਤੇ ਸੌ ਜਾਂਦੇ ਤੇ ਕਾਕਾ ਸਿੰਗਲ ਬੈੱਡ ਤੇ ਸੌ ਜਾਂਦਾ ।ਲਿੰਵਿਗ ਰੂਮ ਦੀ ਵਿੰਡੋ ਸੜਕ ਵਾਲ਼ੇ ਪਾਸੇ ਖੁਲਦੀ ਸੀ । ਸੜਕ ਉੱਤੇ ਸਾਹਮਣੇ ਹੀ ਬੱਸ ਸਟਾਪ ਸੀ ।
    ਫੇਰ ਇੱਕ ਵਾਰੀ ਨਵੰਬਰ ਦੇ ਮਹੀਨੇ ਰਾਤ ਦੇ ਅੱਠ ਕੁ ਵਜੇ ਦਾ ਸਮਾਂ ਸੀ । ਹਨੇਰਾ ਹੋ ਚੁੱਕਿਆ ਸੀ । ਠੰਡ ਬਹੁਤ ਹੋ ਗਈ ਸੀ । ਜ਼ੋਰਦਾਰ ਮੀਂਹ ਪੈ ਰਿਹਾ ਸੀ । ਕਾਕੇ ਦੀ ਘਰਵਾਲ਼ੀ ਕੰਮ ਤੇ ਚਲੀ ਗਈ ਸੀ । ਨਿਆਣੇ ਦੋਨੋ ਸੌ ਗਏ ਸਨ । ਕਾਕੇ ਨੇ ਵਿੰਡੋ ਵਿੱਚੋਂ ਬਾਹਰ ਦੇਖਿਆ ਤਾਂ ਸਟ੍ਰੀਟ ਲਾਈਟ ਦੇ ਚਾਨਣ ਵਿੱਚ ਉਸਨੂੰ ਬੱਸ ਸਟਾਪ ਤੇ ਇੱਕ ਕੁੜੀ ਦਿਖਾਈ ਦਿੱਤੀ । ਉਸ ਕੁੜੀ ਕੋਲ਼ ਇੱਕ ਵੱਡਾ ਬੱਤੀ ਇੰਚ ਵਾਲ਼ਾ ਅਟੈਚੀ ਸੀ ਤੇ ਇੱਕ ਹੈਂਡਬੈਗ ਸੀ । ਜਿਵੇਂ ਹੁਣੇ ਏਅਰਪੋਰਟ ਤੋਂ ਆਈ ਹੋਵੇ । ਕੁੜੀ ਨਵੀਂ ਆਈ ਸਟੂਡੈਟ ਲੱਗਦੀ ਸੀ ।ਕੁੜੀ ਹੁਣ ਭਾਵੇਂ ਬੱਸ ਸਟਾਪ ਦੀ ਛੱਤ ਹੇਠਾਂ ਖੜ੍ਹੀ ਸੀ, ਪਰ ਉਹ ਮੀਂਹ ਨਾਲ਼ ਪੂਰੀ ਭਿੱਜੀ ਹੋਈ ਸੀ । ਦੇਖਣ ਨੂੰ ਲੰਬੀ- ਲੰਜੀ ਕੁੜੀ ਫਿਲਮਾਂ ਦੀ ਹੀਰੋਇਨ ਦਿਲਜੀਤ ਕੌਰ ਵਰਗੀ ਲੱਗਦੀ ਸੀ ।ਠੰਡ ਬਹੁਤ ਸੀ ਤੇ ਰਾਤ ਨੂੰ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ ।
    ਕਾਕੇ ਨੇ ਸੋਚਿਆ ਕੇ ਇਹ ਬੱਸ ਦੀ ਉਡੀਕ ਕਰਦੀ ਹੋਣੀ ਆਂ । ਇੱਕ ਬੱਸ ਆ ਕੇ ਰੁਕੀ ਤੇ ਉਹ ਨਾ ਚੜ੍ਹੀ । ਕੋਈ ਉਸਨੂੰ ਲੈਣ ਵੀ ਨਾ ਆਇਆ । ਇੱਕ ਕਾਲ਼ੀ ਗੱਡੀ ਵਿੱਚ ਬੈਠੇ ਸ਼ਲਾਰੂ ਦੋ ਵਾਰੀ ਕੁੜੀ ਦੇ ਮੂਹਰੇ ਚੀਂ ਗੇੜਾ ਕੱਢ ਗਏ ਸਨ ।
    “ ਅੱਖਾਂ ਬਿੱਲੀਆਂ ਤੇ ਗੱਲ੍ਹਾਂ ਗੋਲ਼- ਮੋਲ਼ ਨੀ – – –
    ਵਾਲ਼ਾ ਚਮਕੀਲੇ ਦਾ ਗੀਤ ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਰਪੀਟ ਤੇ ਗੱਡੀ ਵਿੱਚ ਲਾਇਆ ਹੋਇਆ ਸੀ ।
    ਕਾਕੇ ਨੂੰ ਉਹ ਕਾਲ਼ੀ ਗੱਡੀ ਵਾਲ਼ੇ ਮੁੰਡੇ ਬਿੱਲੀ ਵਰਗੇ ਜਾਪੇ ਜੋ ਕਦੇ ਵੀ ਮੀਂਹ ਵਿੱਚ ਭਿੱਜੇ ਕਬੂਤਰ ਤੇ ਝਪਟ ਸਕਦੀ ਸੀ । ਇੱਕ ਘੰਟਾ ਬੀਤ ਗਿਆ ਤੇ ਕੁੜੀ ਬੱਸ ਸਟਾਪ ਤੇ ਬੈਠੀ ਰਹੀ । ਕਾਕੇ ਨੇ ਕਮਰੇ ਵਿੱਚ ਜਾ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਨੀਂਦ ਨਾ ਆਈ ।
    ਫੇਰ ਕਾਕਾ ਗਾਰਬੇਜ ਵਾਲ਼ਾ ਬਿੰਨ ਰੱਖਣ ਦੇ ਬਹਾਨੇ ਬਾਹਰ ਸੜਕ ਵਾਲ਼ੇ ਪਾਸੇ ਗਿਆ । “ ਵੀਰੇ ਗੱਲ ਸੁਣਿਓ “ ਕੁੜੀ ਨੇ ਕਾਕੇ ਨੂੰ ਹਾਕ ਮਾਰੀ ।ਕਾਕਾ ਪਹਿਲਾਂ ਹੀ ਬੁਝਾਰਤ ਬਣੀ ਕੁੜੀ ਬਾਰੇ ਜਾਨਣਾ ਚਾਹੁੰਦਾ ਸੀ । ਉਹ ਸੜਕ ਪਾਰ ਕਰਕੇ ਕੁੜੀ ਕੋਲ਼ ਚਲਾ ਗਿਆ । “ ਹਾਂ ਜੀ ਦੱਸੋ ? “ “ ਵੀਰੇ ਕੋਈ ਕਮਰਾ ਮਿਲ਼ਜੂ ਕਿਰਾਏ ਤੇ ? “ ਕੁੜੀ ਦੇ ਕੀਤੇ ਸਵਾਲ ਨੇ ਕਾਕੇ ਨੂੰ ਹੈਰਾਨ ਕਰ ਦਿੱਤਾ । “ ਹੁਣ – – – ਏਸ ਵੇਲ਼ੇ – – – ਕਮਰਾ – – – “ ਕਾਕੇ ਨੂੰ ਕੋਈ ਢੰਗ ਦਾ ਜਵਾਬ ਨਹੀਂ ਸੀ ਆਉੜ ਰਿਹਾ । ਕੁੜੀ ਫੇਰ ਬੋਲੀ , “ ਵੀਰੇ ਮੇਰੀਆਂ ਸਹੇਲੀਆਂ ਨੇ ਲੜ ਕੇ ਮੈਨੂੰ ਕਮਰੇ ਚੋਂ ਬਾਹਰ ਕੱਢਤਾ । ਹੁਣ ਮੈਂ ਰਾਤ ਨੂੰ ਕਿੱਥੇ ਜਾਂਵਾ – – – ? “ ਕਾਕਾ ਉੱਥੇ ਖੜਾ ਉਹਨਾਂ ਵੈਰਨਾਂ ਬਾਰੇ ਸੋਚ ਰਿਹਾ ਸੀ , ਕੁੜੀ ਜਿਨ੍ਹਾਂ ਨੂੰ ਅਜੇ ਵੀ ਆਪਣੀਆਂ ਸਹੇਲੀਆਂ ਕਹਿ ਰਹੀ ਸੀ । “ ਨਾ ਜੀ ਨਾ ਏਸ ਵੇਲ਼ੇ ਕਮਰਾ ਨੀ ਮਿਲਣਾ ।ਤੁਸੀਂ ਕੱਲ੍ਹ ਨੂੰ ਗੁਰਦੁਆਰੇ ਜਾ ਕੇ ਦੇਖ ਲਿਉ , ਉੱਥੇ ਲੋਕੀ ਬੇਸਮੈਂਟ ਕਿਰਾਏ ਤੇ ਦੇਣ ਦੀਆਂ ਲਿਸਟਾਂ ਲਾਂਉਦੇ ਨੇ । “ ਕਾਕਾ ਗੱਲ ਮੁਕਾ ਕੇ ਦੁਬਾਰਾ ਸੜਕ ਪਾਰ ਕਰਕੇ ਆਪਣੇ ਕਮਰੇ ਵੱਲ ਨੂੰ ਤੁਰ ਪਿਆ । ਮੁੜੇ ਜਾਂਦੇ ਕਾਕੇ ਨੂੰ ਬੀਹੀ ਚੋਂ ਚੱਕਿਆ ਗੋਲਾ ਕਬੂਤਰ ਚੇਤੇ ਆ ਗਿਆ । ਉਹ ਫੇਰ ਵਾਪਿਸ ਕੁੜੀ ਕੋਲ਼ ਗਿਆ । “ ਤੁਸੀਂ ਮੇਰੇ ਕੋਲ਼ ਪੈ ਜਾਉ, ਸਵੇਰੇ ਲੱਭ ਲਿਉ ਕਮਰਾ “ ਕਾਕੇ ਨੇ ਜੱਕਦੇ ਜਿਹੇ ਨੇ ਕਿਹਾ । “ ਚਲੋ ਠੀਕ ਆ “ ਠੰਡ ਦੀ ਭੰਨੀ ਕੁੜੀ ਝੱਟ ਕਾਕੇ ਦੇ ਨਾਲ਼ ਤੁਰ ਪਈ । “ ਵੀਰੇ ਘਰੇ ਹੋਰ ਕੌਣ ਆਂ ਤੁਹਾਡੇ ? “ ਕੁੜੀ ਪਹਿਲਾਂ ਪੁੱਛਣਾ ਜਿਵੇਂ ਭੁੱਲ ਗਈ ਸੀ । “ ਮੈਂ ਆਂ , ਤੇ ਬੱਚੇ ਆ , ਘਰਵਾਲ਼ੀ ਕੰਮ ਤੇ ਗਈ ਆ । “ ਕਾਕਾ ਤੁਰਿਆ ਜਾਂਦਾ ਬੋਲਿਆ । “ ਕੋਈ ਨਾ ਭੈਣੇ , ਤੂੰ ਪ੍ਰਵਾਹ ਨਾ ਕਰ – – – ਬਥੇਰਾ ਥਾਂ ਹੈਗਾ ਪੈਣ ਨੂੰ ।” ਭੈਣ ਸ਼ਬਦ ਕਾਕੇ ਨੇ ਘੋਟ ਕੇ ਕਿਹਾ ਤਾਂ ਕਿ ਕੁੜੀ ਦੇ ਮਨ ਨੂੰ ਚੰਗੀ ਤਰ੍ਹਾਂ ਤਸੱਲੀ ਹੋ ਜਾਵੇ ।ਕੁੜੀ ਨੇ ਅੰਦਰ ਆ ਕੇ ਗਿੱਲੇ ਕੱਪੜੇ ਬਦਲੇ ਤੇ ਕਾਕੇ ਨੇ ਬੱਚਦੀਆਂ ਦੋ ਰੋਟੀਆਂ ਕੁੜੀ ਨੂੰ ਪਲੇਟ ਵਿੱਚ ਪਾ ਕੇ ਫੜਾ ਦਿੱਤੀਆਂ । ਠੰਡ ਨਾਲ਼ ਕੰਬਦੀ ਕੁੜੀ ਕਮਰੇ ਦੀ ਹੀਟ ਨਾਲ਼ ਜਾਣੀ ਸੁਰਤ ਸਿਰ ਹੋ ਗਈ ਸੀ ।ਕੁੜੀ ਰੂਮ ਵਿੱਚ ਨਿਆਣਿਆਂ ਕੋਲ਼ ਸਿੰਗਲ ਬੈੱਡ ਤੇ ਪੈ ਗਈ ਤੇ ਕਾਕਾ ਲਿਵਿੰਗ ਰੂਮ ਵਿੱਚ ਸੋਫ਼ੇ ਤੇ ਪੈ ਗਿਆ ।
    ਕਾਕੇ ਨੂੰ ਅਜੇ ਨੀਂਦ ਆਉਣ ਹੀ ਲੱਗੀ ਸੀ ਕਿ ਜਦ ਨੂੰ ਪਾਲੀ ਦਾ ਫ਼ੋਨ ਆ ਗਿਆ । “ ਉਏ ਕਾਕਿਆ ਕੀ ਕਰਦਾਂ ਬਾਈ ਤੂੰ , ਸੌ ਤਾਂਨੀ ਗਿਆ ਮੂੰਗੀ ਦੀ ਦਾਲ਼ ਖਾਕੇ ?” ਪਾਲੀ ਦਾਰੂ ਨਾਲ਼ ਟੈਟ ਹੋਇਆ ਕਈ ਵਾਰੀ ਕਾਕੇ ਨੂੰ ਇਸ ਤਰ੍ਹਾਂ ਮਖੌਲ ਕਰਦਾ ਸੀ ।ਅਗਲੇ ਦਿਨ ਐਤਵਾਰ ਦੀ ਛੁੱਟੀ ਸੀ । ਕਾਕੇ ਨੇ ਹੌਲ਼ੀ- ਹੌਲ਼ੀ ਬੋਲ ਕੇ ਪਾਲੀ ਨੂੰ ਅੱਜ ਵਾਲ਼ੀ ਸਾਰੀ ਕਹਾਣੀ ਦੱਸੀ । ਉਹ ਡਰਦਾ ਵੀ ਸੀ ਬਈ ਨਾਲ਼ਦੇ ਕਮਰੇ ‘ਚ ਪਈ ਕੁੜੀ ਕਿੱਤੇ ਸੁਣ ਨਾ ਲਵੇ । “ ਉਏ !! ਸਾਲ਼ਿਆ ਕੁੜੀ ਪਈ ਆ ਤੇਰੇ ਕੋਲ਼ – – – ਮੈਂ ਆਉਨਾ ਹੁਣੇ ਈ- – – “ “ ਨਹੀਂ ਪਾਲੀ ਤੂੰ ਨਾ ਆਈਂ , ਮੈਂ ਡੋਰ ਨੀ ਖੋਲ੍ਹਣਾ ਜੇ ਤੂੰ ਆਂਇਆ , ਲੱਖ ਲਾਹਣਤ ਆ ਤੇਰੇ ਤੇ – – – “ ਕਾਕੇ ਨੇ ਫ਼ੋਨ ਕੱਟਕੇ ਨਾਈਟ ਮੋਡ ਤੇ ਲਾ ਦਿੱਤਾ ਤਾਂ ਕਿ ਪਾਲੀ ਦੁਬਾਰੇ ਡਿਸਟਰਬ ਨਾ ਕਰੇ ।ਕਾਕੇ ਨੂੰ ਪਾਲੀ ਆਪਣੇ ਜੀਤੇ ਚਾਚੇ ਵਰਗਾ ਲੱਗਿਆ ਜੋ ਉਸ ਵੱਲੋਂ ਬਚਾਏ ਕਬੂਤਰ ਦਾ ਮੀਟ ਬਣਾਉਣ ਨੂੰ ਫਿਰਦਾ ਸੀ । ਪਾਲੀ ਨੇ ਦੋ ਕੁ ਵਾਰ ਕਾਕੇ ਨੂੰ ਫ਼ੋਨ ਕੀਤਾ ਪਰ ਕਾਕੇ ਨੇ ਫ਼ੋਨ ਨਾ ਚੁੱਕਿਆ ।
    ਸਵੇਰ ਹੋਈ ਤਾਂ ਕਾਕੇ ਦੀ ਘਰਵਾਲ਼ੀ ਆਈ । ਕਾਕੇ ਨੇ ਸਾਰੀ ਗੱਲ ਉਸਨੂੰ ਦੱਸੀ । ਇਨ੍ਹੇ ਨੂੰ ਉਹ ਕੁੜੀ ਵੀ ਉੱਠ ਗਈ ਸੀ । ਤਿੰਨਾਂ ਨੇ ਸਵੇਰ ਦੀ ਚਾਹ ਪੀਤੀ । ਘਰਵਾਲ਼ੀ ਨੇ ਰਾਤ ਦੇ ਗੁੱਨੇ ਪਏ ਆਟੇ ਦੇ ਮੇਥਿਆਂ ਵਾਲ਼ੇ ਪਰੌਠੇ ਬਣਾ ਦਿੱਤੇ । ਦਹੀਂ ਨਾਲ਼ ਕੁੜੀ ਨੇ ਪਰੌਠੇ ਖਾਧੇ , ਤਿਆਰ ਹੋਈ ਤੇ ਆਪਣੇ ਜ਼ਿੰਦਗੀ ਦੇ ਨਵੇਂ ਸਫਰ ਲਈ ਸਤਿ ਸ੍ਰੀ ਅਕਾਲ ਬੁਲਾ ਕੇ ਨਿਕਲ਼ ਪਈ ।ਕੁੜੀ ਹੁਣ ਬੱਸ ਸਟਾਪ ਤੇ ਖੜੀ ਸੱਚੀਂ – ਮੁੱਚੀ ਬੱਸ ਨੂੰ ਉਡੀਕ ਰਹੀ ਸੀ ।ਬੱਸ ਸਟਾਪ ਤੇ ਖੜੀ ਕਾਕੇ ਵੱਲ ਵੇਖ ਰਹੀ ਕੁੜੀ , ਕਾਕੇ ਨੂੰ ਇੰਝ ਜਾਪ ਰਹੀ ਸੀ ਜਿਵੇਂ ਬਨੇਰੇ ਤੇ ਬੈਠਾ ਗੋਲਾ ਕਬੂਤਰ ਉਸ ਵੱਲ ਵੇਖਕੇ ਅਸੀਸਾਂ ਦੇ ਰਿਹਾ ਹੋਵੇ ।
    ਹਰਦੀਪ ਸਿੰਘ ਗਰੇਵਾਲ਼ ‘ ਥਰੀਕੇ ‘
    +1-778-712-2019

    PUNJ DARYA

    Leave a Reply

    Latest Posts

    error: Content is protected !!