ਅਨੰਦ ਕਾਰਜ਼ ਜ਼ਿੰਦਗੀ ਦਾ ਇੱਕ ਅਹਿਮ ਤੇ ਪਵਿੱਤਰ ਕਾਰਜਾਂ ਵਿੱਚੋਂ ਇੱਕ ਸੱਚਾ ਸੁੱਚਾ ਅਨੰਦ ਕਾਰਜ ਹੁੰਦਾ ਹੈ,ਜਿਸ ਦਾ ਭਾਵ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੋ ਇਨਸਾਨੀ ਰਿਸ਼ਤਿਆਂ ਦਾ ਮੇਲ ਹੋਣਾ ,ਦੋ ਰੂਹਾਂ ਦਾ ਇੱਕ ਹੋਣਾ,ਅਸਲੀਅਤ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਾਂ ਅਨੁਸਾਰ ਸ਼ੁਰੂ ਕੀਤੀ ਜਾਂਦੀ ਹੈ,ਪਰ ਜ਼ੇਕਰ ਵੇਖਿਆ ਜਾਵੇ ਤਾਂ ਸਮੇਂ ਦੀ ਰਫ਼ਤਾਰ ਨੇ ਅਨੰਦ ਕਾਰਜ ਦਾ ਵੀ ਮਹੱਤਵ ਬਦਲਕੇ ਰੱਖ ਦਿੱਤਾ ਹੈ,ਅਸੀਂ ਐਡਵਾਂਸ ਹੋਣ ਦੇ ਚੱਕਰਾਂ ਵਿੱਚ ਆਪਣੇ ਰੀਤੀ ਰਿਵਾਜਾਂ ਨੂੰ ਕਿੱਲੇ ਟੰਗ ਦਿੱਤਾ ਹੈ, ਪਰ ਸਾਡੇ ਗੁਰੂਆਂ ਵੱਲੋ ਬਖਸ਼ੀ ਇਸ ਮਹਾਨ ਤੇ ਪਵਿੱਤਰ ਰੀਤ ਨੂੰ ਭਾਵ ਅਨੰਦ ਕਾਰਜਾਂ ਦੀ ਇਸ ਰਸਮ ਨੂੰ ਅੱਜ ਦੇ ਸਮਾਜ ਨੇ ਬਦਲਕੇ ਹੀ ਰੱਖ ਦਿੱਤਾ ਹੈ।
ਅਸਲ ਜ਼ਿੰਦਗੀ ਵਿੱਚ ਅਨੰਦ ਕਾਰਜਾਂ ਦਾ ਹੋਣ ਅੱਜ ਇੱਕ ਬਣਾਉਟੀ ਰੂਪ ਧਾਰਦੇ ਨਜ਼ਰ ਆ ਰਹੇ ਹਨ,ਬਣਾਉਟੀ ਅਨੰਦ ਕਾਰਜਾਂ ਤੋਂ ਭਾਵ ਹੈ, ਨਿੱਤ ਹੀ ਬਣਨ ਵਾਲੀਆਂ ਪੰਜਾਬੀ ਜਾਂ ਹਿੰਦੀ ਫ਼ਿਲਮਾਂ,ਟੀ.ਵੀ.ਸੀਰੀਅਲਾਂ ਵਿੱਚ ਅਨੰਦ ਕਾਰਜਾਂ ਦਾ ਹੋਣਾ,ਆਮ ਹੀ ਵਿਖਾਇਆ ਜਾਂਦਾ ਹੈ, ਇਹਨਾਂ ਵਿਆਹਾਂ ਦਾ ਹੋਣਾ ਅਨੰਦ ਕਾਰਜਾਂ ਦੇ ਇਸ ਬਣਾਉਟੀਪਣ ਦੀ ਇੱਕ ਅਹਿਮ ਨਿਸ਼ਾਨੀ ਦਰਸਾਉਂਦੀ ਹੈ।
ਇਸ ਪੁੱਠੀ ਚੱਲੀ ਰੀਤ ਉੱਤੇ ਨਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਿਆਨ ਦਿੱਤਾ ਤੇ ਨਾ ਕਿਸੇ ਨੇ ਇਸ ਅਹਿਮ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਸਮਾਜਿਕ ਲੋਕਾਂ ਦੀ ਸੋਚ ਵਿੱਚ ਤੇ ਨਿਗਾਰ ਆਇਆ ਸੀ,ਨਾਲ ਹੀ ਇਹਨਾਂ ਲੋਕਾਂ ਨੇ ਅਨੰਦ ਕਾਰਜਾਂ ਦੇ ਅਰਥ ਬਦਲਕੇ ਰੱਖ ਦਿੱਤੇ।
ਜੇਕਰ ਕੋਈ ਕਸਰ ਬਾਕੀ ਰਹਿੰਦੀ ਸੀ ਉਹ ਵੀ ਬਾਹਰ ਜਾਣ ਵਾਲਿਆਂ ਨੇ ਪੂਰੀ ਕਰ ਦਿੱਤੀ ਜਿਵੇਂ ਝੂਠੇ ਅਨੰਦ ਕਾਰਜ ਕਰਵਾਕੇ ਬਾਹਰ ਨੂੰ ਜਾਣਾ, ਭਾਵ ਝੂਠਾ ਵਿਆਹ ਕਰਵਾਉਣਾ ,ਕਈਆਂ ਨੇ ਤਾਂ ਇਨਸਾਨੀਅਤ ਤੇ ਇਨਸਾਨੀ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਕੇ ਰੱਖ ਦਿੱਤਾ,ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ ,ਚਾਚੇ, ਤਾਏ, ਮਾਮੇ ,ਫੁਫੜ, ਆਪਣੀਆਂ ਕੁੜੀਆਂ ਦੀ ਉਮਰ ਦੀਆਂ ਕੁੜੀਆਂ ਨਾਲ ਆਨੰਦ ਕਾਰਜ ਕਰਵਾਕੇ ,ਪਤੀ ਪਤਨੀ ਬਣਕੇ ਬਾਹਰ ਜਾਣ ਦੇ ਢੰਗ ਤਰੀਕੇ ਅਪਣਾਉਂਦੇ ਹਨ।ਜੋ ਕਿ ਸਾਡੇ ਸਮਾਜ ਤੇ ਸਮਾਜਿਕ ਰਿਸ਼ਤਿਆਂ ਨੂੰ ਗਿਰਾਵਟ ਦੇ ਵੱਲ ਲਿਜਾ ਰਹੇ ਹਨ।
ਹੁਣ ਬਹੁਤ ਸਾਰੇ ਗੁਰੂ ਘਰਾਂ ਵਿੱਚ ਅਨੰਦ ਕਾਰਜਾਂ ਨੂੰ ਇੱਕ ਵਪਾਰਿਕ ਤੌਰ ਤੇ ਹੀ ਵਰਤਿਆ ਜਾਂਦਾ ਹੈ,ਇਸ ਪਵਿੱਤਰ ਰੀਤ ਆਨੰਦ ਕਾਰਜਾਂ ਦਾ ਜਿਵੇਂ ਮਹੱਤਵ ਹੀ ਇੱਕ ਵਪਾਰਕ ਸੋਚ ਬਣਕੇ ਰਹਿ ਗਈ ਹੈ,ਨਿੱਤ ਹੋਣ ਵਾਲੇ ਇਹਨਾਂ ਫਰਜ਼ੀ ਆਨੰਦ ਕਾਰਜਾਂ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰਾਂ ਨੂੰ ਆਪਣੀ ਬਣਦੀ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ, ਤਾਂ ਜੋ ਇਹਨਾਂ ਆਨੰਦ ਕਾਰਜਾਂ ਦੀ ਪਵਿੱਤਰਤਾ ਤੇ ਰੀਤ ਨੂੰ ਸੱਚਾ ਸੁੱਚਾ ਰੱਖਿਆ ਜਾਵੇ, ਨਿੱਤ ਫਰਜ਼ੀ ਹੋਣ ਵਾਲੇ ਵਿਆਹਾਂ ਸ਼ਾਦੀਆਂ ਨੂੰ ਨੱਥ ਪਾਈ ਜਾਵੇ, ਤਾਂ ਜੋ ਅਸੀਂ ਇਸ ਪਵਿੱਤਰ ਰੀਤ ਦਾ ਉਹ ਹੀ ਮਾਣ ਸਤਿਕਾਰ ਉੱਚਾ ਰੱਖ ਸਕੀਏ।
ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 9855036444