6.9 C
United Kingdom
Saturday, March 7, 2026

More

    ਵੱਡਾ ਵੀਰ ਅਮਿਤੋਜ ਯਾਦ ਆਇਆ- ਗੁਰਭਜਨ ਗਿੱਲ

    ਅਮਿਤੋਜ ਦੀ ਇਕਲੌਤੀ ਕਾਵਿ ਪੁਸਤਕ ਖ਼ਾਲੀ ਤਰਕਸ਼ ਅਨੇਕ ਵਾਰ ਪੜ੍ਹੀ ਹੈ। ਪਰਿਵਾਰ ਤੇ ਉਸ ਦੇ ਰਣਧੀਰ ਕਾਲਿਜ ਚ ਸਹਿਪਾਠੀ ਤੇ ਮਿੱਤਰ ਡਾ: ਸੁਰਜੀਤ ਪਾਤਰ ਨੇ 1999 ਚ ਇਹ ਕਿਤਾਬ ਛਾਪ ਕੇ ਉਸ ਦੇ ਜੀਂਦੇ ਜੀਅ ਖ਼ਜ਼ਾਨਾ ਸੰਭਾਲ ਲਿਆ।
    2006 ਚ ਪਿਆਰੇ ਵੀਰ ਡਾ: ਜਨਮੀਤ ਨੇ ਇਸ ਦਾ ਪੁਨਰ ਪ੍ਰਕਾਸ਼ ਚੇਤਨਾ ਪ੍ਰਕਾਸ਼ਨ ਤੋਂ ਕਰਵਾਇਆ। ਇਸ ਸੰਸਕਰਣ ਦੀ ਸਿਫ਼ਤ ਇਹ ਹੈ ਕਿ ਇਸ ਚ ਜਨਮੀਤ ਤੋਂ ਇਲਾਵਾ ਅਮਿਤੋਜ ਦੀ ਪਤਨੀ ਅੰਮ੍ਰਿਤਪਾਲ ਕੌਰ, ਪ੍ਰੋ: ਸੁਰਜੀਤ ਮਾਨ ਤੇ ਡਾ: ਉਮਿੰਦਰ ਜੌਹਲ ਦੇ ਜਾਨਦਾਰ ਲੇਖ , ਯਾਦਾਂ, ਰੇਖਾ ਚਿਤਰ ਤੇ ਮੁਲਾਂਕਣ ਸ਼ਾਮਿਲ ਹੈ।
    ਇਹ ਉਕਾਈ ਅੱਖਰਦੀ ਹੈ ਕਿ ਇਸ ਚ ਪਹਿਲੇ ਸੰਸਕਰਨ ਚ ਛਪੀ ਸੁਰਜੀਤ ਪਾਤਰ ਜੀ ਦੀ ਲਿਖੀ ਭੂਮਿਕਾ ਗੈਰਹਾਜ਼ਰ ਹੈ। ਜੇ ਸ਼ਾਮਿਲ ਹੋ ਜਾਂਦੀ ਤਾਂ ਇਹ ਦਸਤਾਵੇਜ਼ ਵਰਗੀ ਕਿਤਾਬ ਸੰਪੂਰਨ ਹੋ ਜਾਂਦੀ।
    ਚੰਡੀਗੜ੍ਹੋਂ ਹੁਣ ਕੈਨੇਡਾ ਜਾ ਵੱਸੇ ਵੀਰ ਕੰਵਲਜੀਤ ਨੇ ਅਮਿਤੋਜ ਬਾਰੇ ਵੱਖ ਵੱਖ ਵਿਦਵਾਨਾਂ ਦੇ ਲਿਖੇ ਲੇਖ ਸੰਪਾਦਿਤ ਕਰਕੇ ਤਿੰਨ ਕੁ ਸਾਲ ਪਹਿਲਾਂ ਪੁਸਤਕ ਛਾਪੀ ਸੀ। ਪੜ੍ਹਨ ਯੋਗ ਹੈ।

    ਡਾ: ਜਨਮੀਤ ਨੇ ਇਸ ਕਿਤਾਬ ਚ ਦੱਸਿਆ ਕਿ ਅਮਿਤੋਜ ਨੇ ਅਮੀਬਾ ਨਾਮ ਹੇਠ ਇੱਕ ਹੋਰ ਲੰਮੀ ਕਵਿਤਾ ਵੀ ਲਿਖੀ ਸੀ। ਉਸ ਉਹ ਵੀ ਛਾਪਣ ਦਾ ਇਕਰਾਰ ਕੀਤਾ ਹੈ। ਤੁਸੀਂ ਵੀ ਖ਼ਾਲੀ ਤਰਕਸ਼ ਤੇ ਕੰਵਲਜੀਤ ਦੀ ਸੰਪਾਦਿਤ ਪੁਸਤਕ ਜ਼ਰੂਰ ਪੜ੍ਹਿਉ। ਅੰਦਾਜ਼ ਨਾਲ ਸਰਸ਼ਾਰ ਹੋਇਉ।
    ਅਮਿਤੋਜ ਦਾ ਪੱਕਾ ਨਾਮ ਕ੍ਰਿਸ਼ਨ ਕੁਮਾਰ ਸੀ ਤੇ ਪਹਿਲਾ ਤਖੱਲਸ ਕੰਵਲ। ਚੰਡੀਗੜ੍ਹ ਜਾ ਕੇ ਅਮਿਤੋਜ ਹੋ ਗਿਆ। ਅਣਮਿਣਵਾਂ ਚਾਨਣ। ਅਮਿਤ ਓਜ =ਅਮਿਤੋਜ। ਡਾ: ਵਿਸ਼ਵ ਨਾਥ ਤਿਵਾੜੀ ਨਾਲ ਪੀ ਐੱਚ ਡੀ ਕਰਕੇ ਕੁਝ ਸਮਾਂ ਯੂਨੀਵਰਸਿਟੀ ਚ ਪੜ੍ਹਾਉਂਦਾ ਵੀ ਰਿਹਾ। ਡਾ: ਦੀਪਕ ਮਨਮੋਹਨ, ਭੂਸ਼ਨ, ਸ਼ੌਕੀਨ ਸਿੰਘ, ਸੱਤਯਪਾਲ ਗੌਤਮ , ਅਮਰੀਕ ਗਿੱਲ, ਜਨਮੀਤ ਦਾ ਸੰਗੀ ਰਿਹਾ। ਲਾਡਲਾ ਕਵੀ ਸੀ ਡਾ: ਤਿਵਾੜੀ ਦਾ। ਪੁੱਜ ਕੇ ਸ਼ੌਕੀਨ।
    ਗਾਰਸ਼ੀਆ ਲੋਰਕਾ ਦੇ ਨਾਟਕ ਕਾਕੇਸ਼ੀਅਨ ਚਾਕ ਸਰਕਲ ਨੂੰ ਉਸ ਪੰਜਾਬੀ ਚ ਅਨੁਵਾਦਿਆ। ਮਿੱਟੀ ਨਾ ਹੋਵੇ ਮਤਰੇਈ ਨਾਮ ਹੇਠ। ਅਸ਼ਵਨੀ ਚੈਟਲੇ ਨੇ ਇਸ ਦੇ ਲੁਧਿਆਣਾ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਚ ਕਈ ਸ਼ੋਅ ਕੀਤੇ। ਇਸ ਚ ਬਹੁਤ ਜਾਨਦਾਰ ਗੀਤ ਵੀ ਅਮਿਤੋਜ ਵੀਰ ਨੇ ਹੀ ਲਿਖੇ ਸਨ। ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਉਤਸ਼ਾਹੀ ਪ੍ਰਧਾਨ ਕੇਵਲ ਧਾਲੀਵਾਲ ਨੂੰ ਇਹ ਟੈਕਸਟ ਪ੍ਰਾਪਤ ਕਰਕੇ ਪ੍ਰਕਾਸ਼ਿਤ ਕਰਨੀ ਚਾਹੀਦੀ ਹੈ।
    ਹਰਜੀਤ ਸਿੰਘ ਨੇ ਉਸ ਦੀ ਨਾਟਕੀ ਪ੍ਰਤਿਭਾ ਨੂੰ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਚ ਬਹੁਤ ਸਾਰਥਕ ਢੰਗ ਨਾਲ ਵਰਤਿਆ।
    ਅਮਿਤੋਜ ਮੇਰੇ ਤੋਂ ਪੰਜ ਕੁ ਕਿਲੋਮੀਟਰ ਹਟਵੇਂ ਪਿੰਡ ਮੁਰੀਦ ਕੇ (ਨੇੜੇ ਗੌਰਮਿੰਟ ਕਾਲਿਜ ਕਾਲਾ ਅਫਗਾਨਾ) ਦਾ ਜੱਦੀ ਵਾਸੀ ਸੀ ਪਰ ਨਾਨਕੀਂ ਢੇਰੀ ਤੇ ਵੱਸਣ ਕਾਰਨਉਨ੍ਹਾਂ ਦਾ ਟੱਬਰ ਅਖਾੜਾ (ਨੇੜੇ ਭੁਲੱਥ) ਕਪੂਰਥਲਾ ਆ ਵੱਸਿਆ। ਜਦ ਵੀ ਮਿਲਦਾ ਇਹੀ ਪੁੱਛਦਾ! ਵਤਨਾਂ ਦਾ ਹਾਲ ਸੁਣਾ।
    ਅਸੀਂ ਦੋਵੇਂ ਬੇਵਤਨੇ ਹੋ ਗਏ ਸਾਂ ਪਰ ਵਤਨ ਸਾਡੇ ਵਿੱਚ ਹਾਜ਼ਰ ਸੀ। ਮਹਿਕ ਵਾਂਗ ਅੱਜ ਵੀ ਜਿਉਂਦਾ ਹੈ।
    ਅੱਜ ਸਵੇਰੇ ਸਵੇਰੇ ਮੇਰੇ ਭਤੀਜੇ ਮਨਜੋਤ ਸਿੰਘ ਨੇ ਕੈਨੇਡਾ ਤੋਂ ਇਹ ਕਵਿਤਾ ਮੈਨੂੰ ਘੱਲੀ ਤਾਂ ਮੈਨੂੰ ਲੱਗਿਆ ਕਿ ਉਸ ਚ ਵੀ ਪਿੰਡ ਜਿਉਂਦਾ ਹੈ। ਸਾਡੇ ਚੋਂ ਪਿੰਡ ਨਾ ਮਰਨ, ਇਹੀ ਅਰਦਾਸ ਕਰਿਓ।
    ਅਮਿਤੋਜ ਦੀ ਧੀ ਲੋਰੀ ਤੇ ਪੁੱਤਰ ਆਗੋਸ਼ ਨੂੰ ਇਸ ਕਵਿਤਾ ਬਹਾਨੇ ਰੱਜਵਾਂ ਪਿਆਰ। ਮੈਂ ਭਾਵੇਂ ਬੱਚਿਆਂ ਨੂੰ ਕਦੇ ਨਹੀਂ ਮਿਲਿਆ ਪਰ ਸਾਡੇ ਵੱਡੇ ਵੀਰ ਦਾ ਅੰਸ ਬੰਸ ਹਨ।
    ਗੁਰਭਜਨ ਗਿੱਲ

    ਅਮਿਤੋਜ ਦੀ ਕਵਿਤਾ ਪੇਸ਼ ਹੈ।
    ਮੇਰੇ ਪਿੰਡ ਦਾ ਸੂਰਜ

    ਮੇਰੇ ਪਿੰਡ ਸੂਰਜ
    ਕੁਝ ਹੋਰ ਤਰ੍ਹਾਂ ਡੁੱਬਦਾ ਹੈ
    ਤੁਹਾਡੇ ਸ਼ਹਿਰ ਵਾਂਗ ਨਹੀਂ
    ਕਿ ਬਾਲਕੋਨੀ ਤੋਂ ਕੜੱਚ ਦੇਣੀ
    ਸੜਕ ‘ਤੇ ਜਾ ਡਿੱਗੇ
    ਤੇ ਇਕ-ਦਮ, ਦਮ ਤੋੜ ਜਾਏ
    ਮੇਰੇ ਪਿੰਡ ਸੂਰਜ
    ਕੁਝ ਹੋਰ ਤਰ੍ਹਾਂ ਡੁੱਬਦਾ ਹੈ

    ਹਾਲਾਂਕਿ ਉਹ ਜਾਣਦਾ ਹੈ
    ਕਿ ਭਲ਼ਕੇ ਉਸ ਫੇਰ ਪਰਤ ਆਉਣਾ ਹੈ
    ਪਰ ਜਾਣ ਲੱਗਿਆਂ
    ਉਹ ਡੈਂਬਰੇ ਹੋਏ ਬਾਲ ਵਾਂਗ
    ਬੜੀ ਅੜੀ ਕਰਦਾ ਹੈ
    ਰਾਤ ਭਰ ਦੇ ਵਿਛੋੜੇ ਨੂੰ
    ਬੜਾ ਦਿਲ ‘ਤੇ ਲਾਉਂਦਾ ਹੈ
    ਕਦੇ ਉਹ ਸੁਨਹਿਰੀ ਭੂੰਡੀ ਵਾਂਗ
    ਸਣ ਦੇ ਫੁੱਲਾਂ ‘ਤੇ ਖੇਡਦਾ ਹੈ
    ਕਦੇ ਉਹ ਜੰਗਲ਼ੀ ਬਿੱਲੇ ਵਾਂਗ
    ਮੋਢੇ ਕਮਾਦ ਵਿਚ ਲੁਕਦਾ ਹੈ
    ਕਦੇ ਉਹ ਟੁੱਟੀ ਪਤੰਗ ਵਾਂਗ
    ਕਬਰਾਂ ਦੀਆਂ ਕਿੱਕਰਾਂ ਵਿਚ ਫ਼ਸਦਾ ਹੈ
    ਕਦੇ ਉਹ ਔਂਤਰੀ ਕਰਤਾਰੀ ਦੇ
    ਦੀਵੇ ਵਾਂਗ
    ਖ਼ਾਨਗਾਹ ‘ਤੇ ਬਲ਼ਦਾ ਹੈ
    ਦੱਸਿਐ ਨਾ,
    ਜਾਣ ਲੱਗਿਆਂ ਬੜੀ ਅੜੀ ਕਰਦਾ ਹੈ

    ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ
    ਲੋਟਨ ਕਬੂਤਰ ਵਾਂਗ
    ਇਕ ਬਾਜ਼ੀ ਲਾਉਂਦਾ ਹੈ
    ਫਿਰ ਪਹਿਲਣ ਲਵੇਰੀਆਂ ਨਾਲ਼
    ਢਾਬ ਵਿਚ ਇਕ ਤਾਰੀ ਲਾਉਂਦਾ ਹੈ
    ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ
    ਘਰੋ-ਘਰੀ ਪਹੁੰਚਾਉਂਦਾ ਹੈ
    ਰਹਿਰਾਸ ਸੁਣਦਾ ਤੇ,
    ਡੰਡਾਉਤ ਕਰਦਾ ਹੈ,
    ਪੀਰ-ਫ਼ਕੀਰ ਧਿਆਉਂਦਾ ਹੈ
    ਦੱਸਿਐ ਨਾ,
    ਰਾਤ ਭਰ ਦੇ ਵਿਛੋੜੇ ਨੂੰ
    ਬੜਾ ਦਿਲ ‘ਤੇ ਲਾਉਂਦਾ ਹੈ

    ਤੁਹਾਡੇ ਸ਼ਹਿਰ ਵਾਂਗ ਨਹੀਂ
    ਕਿ ਬਾਲਕੋਨੀ ਤੋਂ
    ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ
    ਤੇ ਇਕ-ਦਮ, ਦਮ ਤੋੜ ਜਾਏ
    ਮੇਰੇ ਪਿੰਡ ਸੂਰਜ
    ਕੁਝ ਹੋਰ ਤਰ੍ਹਾਂ ਡੁੱਬਦਾ ਹੈ
    ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!