ਰਜਨੀ ਵਾਲੀਆ, ਕਪੂਰਥਲਾ
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਵੱਡੀ ਤੇਰੇ ਨਾਲੋਂ ਕੋਈ ਨਹੀ ਖੁਦਾਈ |
ਮਹਿਤਾ ਕਾਲੂ ਜੀ ਤੇਰੇ ਬਾਪ ਕਹਾਏ,
ਉਹਨਾਂ ਤੈਨੂੰ ਸੀ ਬੜੇ ਸਬਕ ਸਿਖਾਏ,
ਬਾਬਾ ਤਿ੍ਪਤਾ ਦੇਵੀ ਤੇਰੀ ਮਾਂ ਕਹਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਤੂੰ ਭੈਣ ਨਾਨਕੀ ਦਾ ਛੋਟਾ ਵੀਰਾ,
ਚੰਨ ਅੰਬਰਾਂ ਦਾ ਤੇ ਕੀਮਤੀ ਹੀਰਾ,
ਜੱਗ ਤੇ ਜਿੰਨੇ ਬੜੀ ਖੇਡ ਰਚਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਜਦ ਤੈਨੂੰ ਸੀ ਸਕੂਲੇ ਪਾਇਆ,
ਤੂੰ ਪਾਂਧੇ ਨੂੰ ਸੀ ਆਪ ਪੜਾਇਆ,
ਉਸ ਨੂੰ ਦਿੱਤੀ ਸੀ ਤੂੰ ਰੁਸ਼ਨਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਮੇਰੇ ਧੰਨ ਨਾਨਕ ਤੇਰੀ ਬਾਣੀਂ ਤਾਰੇ,
ਬਾਬਰ ਵਰਗਿਆਂ ਨੂੰ ਵੀ ਫਟਕਾਰੇ,
ਜਦ ਮੱਚੀ ਸੀ ਜੱਗ ਤੇ ਹਾਲ ਦੁਹਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਤੂੰ ਕੀਤੀਆਂ ਫਸਲਾਂ ਹਰੀਆਂ-ਭਰੀਆਂ,
ਨਾਗਾਂ ਨੇ ਸਿਰ ਤੇਰੇ ਛਾਵਾਂ ਕਰੀਆਂ,
ਤੂੰ ਵੀ ਤਾਂ ਸਭ ਦੀ ਬਣੇਂ ਦਵਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਤੈਨੂੰ ਵੀਹ ਦਿੱਤੇ ਸਨ ਜਾ ਸੌਦਾ ਕਰਿਆ,
ਏ ਨਹੀ ਕਿਹਾ ਸੀ ਭੁੱਖੇ ਢਿੱਡ ਭਰਿਆ,
ਤੂੰ ਕੀਤਾ ਸੀ ਇਹ ਕਰਮ ਇਲਾਹੀ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਜੋ ਤੈਨੂੰ ਖੋਜੇ ਉਹ ਖੁਦ ਖੋ ਜਾਏ,
ਤੇਰਾ ਨਾ ਲੈ ਕੇ ਤੇਰਾ ਹੋ ਜਾਏ,
ਕੋਈ ਮਾਪ ਸਕੇ ਨਾ ਤੇਰੀ ਗਹਿਰਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਕੁੱਲ ਆਲਮ ਤੇ ਸਭ ਤੇਰੇ ਪਸਾਰੇ,
ਵਹਿੰਦੇ ਪਾਣੀ ਤੇਰੇ ਤੇ ਤੇਰੇ ਕਿਨਾਰੇ,
ਕਿਸੇ ਨੇ ਵੀ ਤੇਰੀ ਸਾਰ ਨਾ ਪਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਤੂੰ ਰੱਬ ਹੋ ਕੇ ਰੱਬ ਦਾ ਭਾਣਾਂ ਮੰਨੇਂ,
ਸਭ ਤੇਰੇ ਖੇਤ ਤੇ ਤੇਰੇ ਈ ਬੰਨੇਂ,
ਵਿੱਚ ਕਰਤਾਰਪੁਰੇ ਤੂੰ ਹੱਲ ਚਲਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਮੈਥੈਂ ਗਲਤੀ ਹੋਵੇ ਤਾਂ ਮਾਫ ਕਰੀਂ ਤੂੰ,
ਮੇਰਾ ਪੰਧ ਅਗਲੇਰਾ ਸਾਫ ਕਰੀਂ ਤੂੰ,
ਕਰੂੰ ਕੋਸਿ਼ਸ਼ ਕਦੇ ਨਾ ਹੋਏ ਕੁਤਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਰਜਨੀ ਲੈ ਕੇ ਤੇਰਾ ਆਸਰਾ ਬਹਿ ਗਈ,
ਪਾਉਣਾ ਨਾਨਕ ਤੇਰੇ ਪਿੱਛੇ ਈ ਪੈ ਗਈ,
ਰੂਹ ਦਰਸ਼ਨਾਂ ਨੂੰ ਹੁਣ ਬੜੀ ਤਿਹਾਈ |
ਮੇਰੇ ਨਾਨਕ ਤੇਰੀ ਕਰਾਂ ਵਡਿਆਈ,
ਵੱਡੀ ਤੇਰੇ ਨਾਲੋਂ ਕੋਈ ਨਹੀ ਖੁਦਾਈ |