ਗੁਰਚਰਨ ਸਿੰਘ ਧਾਲੀਵਾਲ
70091-98798
ਕਰਫ਼ਿਊ ਪਾਸ ਬਣਾ ਕੇ ਪਿੰਡੋਂ ਮੁੜਿਆ ਹਾਂ।
ਬੰਦ ਬੂਹੇ ਖੜਕਾ ਕੇ ਪਿੰਡੋਂ ਮੁੜਿਆ ਹਾਂ !
ਸੁੰਨੇ ਰਸਤੇ , ਤਾਂਘ ਰਹੇ ਸਨ, ਮੈਨੂੰ ਹੀ,
ਪਗਡੰਡੀਆਂ ਨੂੰ, ਗਾਹ ਕੇ ਪਿੰਡੋਂ ਮੁੜਿਆ ਹਾਂ !

ਮੋਈ ਮਾਂ ਦੇ, ਸਾਂਭ ਕੇ ਰੱਖੇ, ਚਰਖ਼ੇ ਨੂੰ,
ਦੇ ਕੇ ਗੇੜੇ, ਫੇਰ ਘੁਮਾ ਕੇ ਮੁੜਿਆ ਹਾਂ !
ਤੇਜਾ, ਮੇਜਰ, ਲਾਭਾ, ਸੱਥ ਚੋਂ ਗਾਇਬ ਸੀ,
ਰੁਕਿਆ ਸਾਂ, ਆਵਾਜ਼ ਲਗਾ ਕੇ ਮੁੜਿਆ ਹਾਂ !
ਨਿੱਕੀ ਭੈਣ ਜਿੰਨ੍ਹਾਂ ਚਿੜੀਆਂ ਸੰਗ ਖੇਡੀ ਸੀ ,
ਘਰ ਆਈਆਂ ਸਨ, ਚੋਗਾ ਪਾ ਕੇ ਮੁੜਿਆ ਹਾਂ !
ਸਹਿਮ ਗਈ ਸੀ ਟਾਹਲੀ, ਕੱਲ੍ਹੀ ਵਿਹੜੇ ‘ਚ,
ਮੈਂ ਪੌਣਾਂ ਦਾ ਗੀਤ ਸੁਣਾ ਕੇ ਮੁੜਿਆ ਹਾਂ !
ਨੀਲਾ ਪਾਣੀ ਅੰਮ੍ਰਿਤ ਵਰਗਾ ਨਿਰਮਲ ਸੀ ,
ਕੱਚੇ ਖਾਲ ਚ ਤਾਰੀ ਲਾ ਕੇ ਕੇ ਮੁੜਿਆ ਹਾਂ !
ਜਿਸ ਥਾਂ ਬਹਿ ਕੇ ਬੇਬੇ, ਬਾਤ ਸੁਣਾਉਂਦੀ ਸੀ ,
ਓਸੇ ਥਾਂ ਤੇ ਮੰਜੀ ਡਾਹ ਕੇ ਮੁੜਿਆ ਹਾਂ !
ਨਵੀਂ ਕਾਰ ਦੇ ਪਹੀਏ ਮੂਹਰੇ ਚੱਲਦੇ ਰਹੇ,
ਮੈਂ ਤਾਂ ਸਦੀਆਂ ਪਿੱਛੇ ਜਾ ਕੇ, ਮੁੜਿਆ ਹਾਂ !
ਦੁਨੀਆ ਦਾਰੀ, ਦੌੜ ਚੋਂ ਨਿਕਲਣ ਵਾਲਾ ਹਾਂ,
‘ਮੁੜ ਆਵਾਂਗਾ, ਪਿੰਡ ਨੂੰ ਕਹਿ ਕੇ ਮੁੜਿਆ ਹਾਂ !
ਲੱਗਦਾ ਸੀ, ਮੈਂ ਵੀ ਕੁਦਰਤ ਦਾ ਦੋਸ਼ੀ ਹਾਂ,
ਧਾਲੀਵਾਲਾ ਭੁੱਲ ਬਖ਼ਸ਼ਾ ਕੇ ਮੁੜਿਆ ਹਾਂ !