ਮੋਗਾ/ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਇਹਨਾਂ ਦਿਨਾਂ ਵਿੱਚ ਜੋ ਸਭ ਤੋਂ ਸ਼ਰਮਿੰਦਾਜਨਕ ਘਟਨਾ ਵਾਪਰੀ, ਉਹ ਇਹ ਸੀ ਕਿ ਕਰੋਨਾ ਨਾਲ ਮਰਿਆਂ ਨੂੰ ਪਰਿਵਾਰਾਂ ਨੇ ਹੱਥ ਨਹੀਂ ਪਾਇਆ। ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਉਹਨਾਂ ਦੇ ਪਿੰਡ ਦਾ ਸ਼ਮਸ਼ਾਨਘਾਟ ਬੰਦ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿਖੇ ਸਾਬਕਾ ਸੁਪਰਡੈਂਟ ਇੰਜੀਨੀਅਰ ਦੀ ਲਾਸ਼ ਪਰਿਵਾਰ ਨੇ ਸਵੀਕਾਰ ਨਹੀਂ ਕੀਤੀ, ਹਾਲਾਂਕਿ ਉਸਦੀ ਬੇਟੀ ਡਾਕਟਰੀ ਦੀ ਉਚ ਵਿਦਿਆ ਪ੍ਰਾਪਤ ਹੈ। ਨਾਲਾਇਕੀ ਪ੍ਰਸਾਸ਼ਨ ਦੀ ਵੀ ਹੈ। ਪਠਾਨਕੋਟ ਵਿਖੇ ਰਾਜ ਰਾਣੀ ਦੀ ਲਾਸ਼ ਇਸ ਕਰਕੇ ਦੋ ਘੰਟੇ ਰੁਲਦੀ ਰਹੀ ਕਿਉਂਕਿ ਸਿਹਤ ਵਿਭਾਗ ਨੇ ਸੇਫਟੀ ਕਿੱਟਾਂ ਮੁਹੱਈਆ ਨਹੀਂ ਕਾਰਵਾਈਆ।
ਪੰਜਾਬ ਦਾ ਵਿਰਸਾ ਭਾਈ ਘਨਈਆ ਜੀ ਦਾ ਵਿਰਸਾ ਹੈ। ਲਾਸ਼ਾ ਸਾਂਭਣ ਵਾਲੇ ਪਰਿਵਾਰ ਹਨ, ਫੇਰ ਵੀ ਲਾਸ਼ਾ ਲਾਵਾਰਿਸ ਹਨ। ਵਿਰਸਾ ਸਾਂਭਣ ਵਾਲੇ ਵਾਰਿਸ ਹਨ ਪਰ ਫੇਰ ਵੀ ਵਿਰਸਾ ਲਾਵਾਰਿਸ ਹੈ।
ਇਸ ਲਈ ਜੇ ਪੁੱਛਿਆ ਜਾਵੇ ਕਿ ਕੀ ਸਾਨੂੰ ਆਪਣੀ ਜਮੀਰ ਨੂੰ ਹਲੂਣਾ ਨਹੀਂ ਦੇਣਾ ਚਾਹੀਦਾ? ਕੀ ਭਾਈ ਘਨਈਆ ਦੀ ਵਿਰਾਸਤ ਅੱਗੇ ਨੀ ਤੋਰਨੀ ਚਾਹੀਦੀ? ਜਵਾਬ ਇਹ ਆਵੇਗਾ ਕਿ ਬਿਲਕੁਲ ਚਾਹੀਦੀ ਹੈ।
ਪਰ ਜੋਖਮ ਕੌਣ ਉਠਾਵੇ?
ਅਸੀਂ ਜਿਹੜੇ ਆਪਣੇ ਵਿਰਸੇ ਦੀ ਬਦੌਲਤ ਸਾਰੇ ਸੰਸਾਰ ਦੀ ਵਾਹ-ਵਾਹ ਖੱਟਦੇ ਰਹੇ, ਸਾਨੂੰ ਹੀ ਜੋਖਮ ਉਠਾਉਣਾ ਪਵੇਗਾ।
ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਇਹ ਐਲਾਨ ਕਰਦੀ ਹੈ ਕਿ ਜਿੱਥੇ ਵੀ ਕਿਤੇ ਕੋਰੋਨਾ ਨਾਲ ਮੌਤ ਹੁੰਦੀ ਹੈ, ਲਾਸ਼ ਲਾਵਾਰਿਸ ਰਹਿ ਜਾਂਦੀ ਹੈ ਤਾਂ ਅਸੀਂ ਲਾਸ਼ ਉਠਾਵਾਂਗੇ। ਪੂਰੀਆਂ ਰਸਮਾਂ(ਹਰ ਧਰਮ ਦੀਆਂ) ਪੂਰੀਆਂ ਕਰਕੇ ਸਸਕਾਰ ਕਰਾਂਗੇ। ਕਰੋਨਾ ਵਾਇਰਸ ਤੋਂ ਬਚਾਅ ਲਈ ਸਾਡੇ ਕੋਲ PPE ਕਿੱਟਾਂ ਦਾ ਪ੍ਰਬੰਧ ਹੈ। ਐਮ.ਬੀ.ਬੀ.ਐਸ. ਐਮ.ਐਸਸੀ ਸਰਜਰੀ ਡਾਕਟਰ ਹਰਗੁਰਪਰਤਾਪ ਹੋਰਾਂ ਪਾਸੋਂ ਮੈਡੀਕਲ ਸਹੂਲਤਾਂ ਪ੍ਰਾਪਤ ਹਨ। ਸਾਡੀ ਟੀਮ ਇਸ ਕਾਰਜ ਲਈ ਬਕਾਇਦਾ ਤੌਰ ‘ਤੇ ਟ੍ਰੇਨਿੰਗ ਲੈ ਰਹੀ ਹੈ। ਅਸੀਂ ਇਸ ਬਾਬਤ ਇੱਕ ਅਰਜੀ ਪੰਜਾਬ ਸਰਕਾਰ ਤੇ ਪ੍ਰਸਾਸ਼ਨ ਨੂੰ ਭੇਜ ਰਹੇ ਹਾਂ, ਜਿਸ ਵਿੱਚ ਅਸੀਂ ਖੁਦ ਨੂੰ ਮਰੀਜਾਂ ਦੀ ਹਰ ਤਰਾਂ ਦੀ ਸਾਂਭ-ਸੰਭਾਈ, ਇਕਾਂਤਵਾਸ ਸੈਂਟਰਾਂ ਦੇ ਨਿਰਮਾਣ, ਮਾਸਕ, ਪੀ.ਪੀ.ਈ ਕਿੱਟਾਂ ਬਣਾਉਣ, ਲੋਕਾਂ ‘ਚ ਵਿਗਿਆਨਕ ਢੰਗ ਨਾਲ ਜਾਗਰੂਕਤਾ ਫੈਲਾਉਣ ਆਦਿ ਲਈ ਵਲੰਟੀਅਰ ਤੌਰ ‘ਤੇ ਪੇਸ਼ ਕਰਦਿਆਂ ਸਾਡੀਆਂ ਸੇਵਾਵਾਂ ਲੈਣ ਦੀ ਗੁਜਾਰਿਸ਼ ਕਰਾਂਗੇ। ਮੋਗਾ ਜਿਲੇ ਵਿੱਚ ਹਰ ਤਰਾਂ ਦੀ ਐਮਰਜੈਂਸੀ ‘ਚ ਅਸੀਂ 24 ਘੰਟੇ ਹਾਜਰ ਹਾਂ। ਇਸ ਕਾਰਜ ਲਈ ਕੋਈ ਵੀ ਸਖਸ਼ ਖੁਦ ਨੂੰ ਵਲੰਟੀਅਰ ਤੌਰ ‘ਤੇ ਪੇਸ਼ ਕਰਨਾ ਚਾਹੇ ਤਾਂ ਸੰਪਰਕ ਕਰੇ- 84377-50551, 97812-66965, 98764-10867
ਕੋਸ਼ਿਸ਼ ਕਰਾਂਗੇ ਕਿ ਨਾ ਕੋਈ ਭਾਈ ਨਿਰਮਲ ਸਿੰਘ ਵਾਂਗ ਲਾਸ਼ ਰੁਲੇ ਤੇ ਨਾ ਸਾਡਾ ਵਿਰਸਾ।
ਨੌਜਵਾਨ ਭਾਰਤ ਸਭਾ ਇਲਾਕਾ ਕਮੇਟੀ ਮੋਗਾ, ਪੰਜਾਬ ਸਟੂਡੈਂਟਸ ਯੂਨੀਅਨ, ਜਿਲਾ ਮੋਗਾ।ਦੇ ਮੈਂਬਰਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
84377-50551, 97812-66965, 98764-10867